Thursday, June 20, 2024

ਸ਼ਹੀਦੀ ਸ਼ਤਾਬਦੀ ਮੌਕੇ ਇਤਿਹਾਸਕ ਸ਼ਸਤਰ ਤੇ ਚਿੱਤਰ ਪ੍ਰਦਰਸ਼ਨੀ ਰਹੀ ਖਿੱਚ ਦਾ ਕੇਂਦਰ

ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਚਾਰ ਵਿਸ਼ੇਸ਼ ਪੁਸਤਕਾਂ ਜਾਰੀ

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ) – ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਸਬੰਧੀ ਆਯੋਜਤ ਕੀਤੇ ਗਏ ਸਮਾਗਮਾਂ ਦੌਰਾਨ ਜਿਥੇ ਵੱਖ-ਵੱਖ ਪੰਥਕ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ, ਉਥੇ ਹੀ ਚਾਰ ਯਾਦਗਾਰੀ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰਵਾਰ ਲਗਾਈ ਗਈ ਇਤਿਹਾਸਕ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਸੰਗਤ ਲਈ ਖਿੱਚ ਦਾ ਕੇਂਦਰ ਰਹੀ।ਸ਼ਤਾਬਦੀ ਸਮਾਗਮ ਦੌਰਾਨ ਜਾਰੀ ਕੀਤੀਆਂ ਗਈਆਂ ਪੁਸਤਕਾਂ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਸਬੰਧੀ ਅਭਿਨੰਦਨ ਗ੍ਰੰਥ (ਸੰਪਾਦਕ ਸ. ਦਿਲਜੀਤ ਸਿੰਘ ਬੇਦੀ), ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕਿਤਾਬਚਾ ਪਰਉਪਕਾਰੀ ਯੋਧਾ ਅਕਾਲੀ ਬਾਬਾ ਫੂਲਾ ਸਿੰਘ (ਲੇਖਕ ਡਾ. ਰਾਜਵਿੰਦਰ ਸਿੰਘ ਜੋਗਾ), ਬੁੱਢਾ ਦਲ ਵੱਲੋਂ ਪ੍ਰਕਾਸ਼ਤ ‘ਨਿਹੰਗ ਸਿੰਘ ਸੰਦੇਸ਼ ਦਾ ਵਿਸ਼ੇਸ਼ ਅੰਕ ਅਤੇ ਤੁਰੀ ਨਿਸ਼ਾਨੀ ਜੀਤ ਕੀ (ਲੇਖਕ ਡਾ. ਬਲਵਿੰਦਰ ਕੌਰ) ਸ਼ਾਮਲ ਸਨ।
ਸਮਾਗਮ ਮੌਕੇ ਅਕਾਲੀ ਬੁੱਢਾ ਦਲ ਨੇ ਉਨਾਂ ਪਾਸ ਗੁਰੂ ਸਾਹਿਬਾਨ ਅਤੇ ਸਿੱਖ ਯੋਧਿਆਂ ਦੇ ਇਤਿਹਾਸਕ ਸ਼ਸਤਰਾਂ ਦੇ ਵੀ ਸੰਗਤ ਨੂੰ ਦਰਸ਼ਨ ਕਰਵਾਏ ਗਏ।ਜਿਉਂ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਇਹ ਸ਼ਸਤਰ ਸੰਗਤ ਦੇ ਸਨਮੁੱਖ ਕੀਤੇ ਤਾਂ ਇਕ ਵਿਸਮਾਦੀ ਅਤੇ ਜੈਕਾਰਿਆਂ ਦੀ ਗੂੰਜ਼ ਨਾਲ ਚੜ੍ਹਦੀ ਕਲਾ ਵਾਲਾ ਮਾਹੌਲ ਬਣ ਗਿਆ।ਇਸ ਦੌਰਾਨ ਸ਼੍ਰੋਮਣੀ ਬੁੱਢਾ ਦਲ ਵੱਲੋਂ ਵੱਖ-ਵੱਖ ਪੰਥਕ ਸ਼ਖ਼ਸੀਅਤਾਂ ਨੂੰ ਲੋਈ, ਸ੍ਰੀ ਸਾਹਿਬ ਅਤੇ ਯਾਦਗਾਰੀ ਚਾਂਦੀ ਦੇ ਸਿੱਕੇ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਪ੍ਰਸਿੱਧ ਪੰਥਕ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਅਤੇ ਸਿੱਖ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਨੂੰ ਸੋਨੇ ਦੇ ਤਗਮੇ ਨਾਲ ਸਤਿਕਾਰਿਆ ਗਿਆ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸ਼ਤਾਬਦੀ ਸਮਾਗਮਾਂ ਦੌਰਾਨ ਸਹਿਯੋਗ ਅਤੇ ਸ਼ਮੂਲੀਅਤ ਲਈ ਵੱਖ-ਵੱਖ ਜਥੇਬੰਦੀਆਂ, ਸੰਪ੍ਰਦਾਵਾਂ, ਸੰਸਥਾਵਾਂ ਅਤੇ ਸੰਗਤਾਂ ਦਾ ਜਿਥੇ ਧੰਨਵਾਦ ਕੀਤਾ, ਉਥੇ ਹੀ ਇਸੇ ਤਰ੍ਹਾਂ ਇਕਜੁਟਤਾ ਨਾਲ ਭਵਿੱਖੀ ਪੰਥਕ ਤਰਜ਼ੀਹਾਂ ਦੀ ਆਸ ਵੀ ਪ੍ਰਗਟਾਈ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …