11-11 ਹਜ਼ਾਰ ਦੇ ਤਿੰਨ ਚੈਕ ਕੀਤੇ ਭੇਟ
ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਬੀ.ਏ ਪਾਸ ਕਰਨ ਵਾਲੇ ਖਿਡਾਰੀ ਮਨੋਜ ਕੁਮਾਰ ਵਲੋਂ ਸਟੇਟ ਅਤੇ ਰਾਸ਼ਟਰੀ ਪੱਧਰ ‘ਤੇ ਬਾਕਸਿੰਗ ਵਿਚੋਂ 30 ਦੇ ਕਰੀਬ ਮੈਡਲ ਜਿੱਤਣ ਦੇ ਬਾਵਜ਼ੂਦ ਆਰਥਿਕ ਤੰਗੀ ਦੇ ਚੱਲਦਿਆਂ ਬਾਕਸਿੰਗ ਛੱਡ ਕੇ ਸਫਾਈ ਸੇਵਕ ਵਜੋਂ ਕੰਮ ਕਰਨ ਲਈ ਮਜ਼ਬੂਰ ਸੀ।ਇਸ ਹੋਣਹਾਰ ਖਿਡਾਰੀ ਦੀ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੀ ਸੰਸਥਾ ਗੋਡਜ਼ ਪਲਾਨ ਫਾਉਡੇਸ਼ਨ ਨੇ ਸਮਾਜਸੇਵੀ ਪਵਨ ਕੁਮਾਰ, ਇੰਡੀਆ ਟੀਮ ਦੇ ਕੋਚ ਹਰਪ੍ਰੀਤ ਹੁੰਦਲ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸੀਨੀਅਰ ਮੈਂਬਰ ਤੇ ਸਾਈ ਸੈਂਟਰ ਦੇ ਸਾਬਕਾ ਇੰਚਾਰਜ ਮਨਜੀਤ ਸਿੰਘ ਬਾਲੀਆਂ ਹੁਰਾਂ ਨਾਲ ਤਾਲਮੇਲ ਕਰਕੇ ਗੋਦ ਲੈ ਲਿਆ ਅਤੇ ਉਸਦੀ ਡਾਇਟ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਸੰਸਥਾ ਵਲੋਂ ਮਨੋਜ ਕੁਮਾਰ ਨੂੰ 11-11 ਹਜਾਰ ਦੇ ਤਿੰਨ ਚੈਕ ਵੀ ਸੌਂਪੇ ਗਏ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕੇ।ਜ਼ਿਕਰਯੋਗ ਹੈ ਕਿ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਬੀ.ਏ ਪਾਸ ਕਰਨ ਵਾਲੇ ਮਨੋਜ ਕੁਮਾਰ ਪੜ਼ਾਈ ਦੇ ਨਾਲ-ਨਾਲ ਇਕ ਚੰਗਾ ਬਾਕਸਰ ਵੀ ਰਿਹਾ ਹੈ ਅਤੇ ਉਸ ਨੇ ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਕਰੀਬ 30 ਮੈਡਲ ਜਿੱਤ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ।ਪ੍ਰੰਤੂ ਘਰੋਂ ਆਰਥਿਕ ਤੰਗੀ ਦੇ ਚੱਲਦਿਆਂ ਉਸ ਨੂੰ ਬਾਕਸਿੰਗ ਛੱਡਣ ਅਤੇ ਸਫਾਈ ਸੇਵਕ ਵਜੋਂ ਕੰਮ ਕਰਨ ਲਈ ਮਜਬੂਰ ਹੋਣਾ ਪੈ ਗਿਆ।ਕਿੳਂੁਕਿ ਮਨੋਜ ਕੁਮਾਰ ਦੇ ਪਿਤਾ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਦੇ ਹਨ।
ਮਨੋਜ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰੀ ਨੌਕਰੀ ਲੈਣ ਲਈ ਕੌਮੀ ਪੱਧਰ ਦਾ ਇਕ ਮੈਡਲ ਹੀ ਕਾਫੀ ਹੁੰਦਾ ਹੈ।ਜਦਕਿ ਉਸ ਕੋਲ ਕੌਮੀ ਪੱਧਰ ਦੇ 2 ਗੋਲਡ ਮੈਡਲ ਸਮੇਤ 7 ਮੈਡਲ ਜਿੱਤੇ ਹਨ।ਇਸ ਦੇ ਬਾਵਜ਼ੂਦ ਮੌਕੇ ਦੀਆਂ ਸਰਕਾਰਾਂ ਨੇ ਉਸ ਨੂੰ ਕੋਈ ਰੁਜ਼ਗਾਰ ਦੇਣਾ ਜਰੂਰੀ ਨਹੀਂ ਸਮਝਿਆ। ਉਨਾਂ ਕਿਹਾ ਕਿ ਜੇਕਰ ਸਰਕਾਰਾਂ ਵਲੋਂ ਇਨਾਂ ਖਿਡਾਰੀਆਂ ਦਾ ਹੌਂਸਲਾ ਵਧਾਇਆ ਜਾਵੇ ਤਾਂ ਇਹ ਖਿਡਾਰੀ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿਚ ਚਮਕਾਉਣ ਦੀ ਤਾਕਤ ਰੱਖਦੇ ਹਨ। ਇਸ ਹੋਣਹਾਰ ਖਿਡਾਰੀ ਦੀ ਹਾਲਤ ਬਾਰੇ ਜਦੋਂ ਗੋਡਸ ਪਲਾਨ ਫਾਉਡੇਸ਼ਨ ਚੰਡੀਗਡ਼ ਨੂੰ ਪਤਾ ਲੱਗਾ ਤਾਂ ਉਨਾਂ ਤੁਰੰਤ ਇਸ ਖਿਡਾਰੀ ਦੀ ਸਾਰ ਲੈਂਦਿਆਂ ਸੰਸਥਾ ਦੀ ਚੇਅਰਪਰਸਨ ਮੀਨਾਕਸ਼ੀ ਗੁਪਤਾ ਅਤੇ ਮੈਂਬਰ ਸੰਜੀਵ ਗੁਪਤਾ ਸੰਗਰੂਰ ਪੁੱਜੇ।ਉਨਾਂ ਮਨੋਜ ਕੁਮਾਰ ਦੀ ਹੌਂਸਲਾ ਅਫਜ਼ਾਈ ਕਰਦਿਆਂ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਮਨੋਜ ਆਪਣੀ ਬਾਕਸਿੰਗ ਦੁਬਾਰਾ ਸ਼ੁਰੂ ਕਰੇਗਾ ਅਤੇ ਉਸ ਦਾ ਜੋ ਵੀ ਖਰਚਾ ਹੋਵੇਗਾ, ਉਹ ਸੰਸਥਾ ਵਲੋਂ ਚੁੱਕਿਆ ਜਾਵੇਗਾ।ਮਨੋਜ ਕੁਮਾਰ ਨੂੰ ਹਰ ਮਹੀਨੇ ਸੰਸਥਾ ਵਲੋਂ 11 ਹਜਾਰ ਰੁਪਏ ਦਿੱਤੇ ਜਾਣਗੇ ਅਤੇ ਅੱਜ ਸੰਸਥਾ ਨੇ ਮਨੋਜ ਕੁਮਾਰ ਨੂੰ 11-11 ਹਜਾਰ ਰੁਪਏ ਦੇ ਤਿੰਨ ਚੈਕ ਤਿੰਨ ਮਹੀਨਿਆਂ ਲਈ ਅਡਵਾਂਸ ਦਿੱਤੇ ਹਨ।ਸੰਸਥਾ ਦੇ ਮੈਂਬਰ ਸੰਜੀਵ ਗੁਪਤਾ ਨੇ ਦੱਸਿਆ ਕਿ ਉਨਾਂ ਦੀ ਸੰਸਥਾ ਦਾ ਮੁੱਖ ਉਦੇਸ਼ ਲੋੜਬੰਦਾਂ ਦੀ ਸਹਾਇਤਾ ਕਰਨਾ ਹੈ।ਉਹਨਾਂ ਕਿਹਾ ਕਿ ਮਨੋਜ ਕੁਮਾਰ ਪਹਿਲਾਂ ਵਾਂਗ ਬਾਕਸਿੰਗ ਸ਼ੁਰੂ ਕਰੇ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ।
ਇਸ ਮੌਕੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸੀਨੀਅਰ ਮੈਂਬਰ ਤੇ ਸਾਈ ਸੈਂਟਰ ਦੇ ਸਾਬਕਾ ਇੰਚਾਰਜ਼ ਮਨਜੀਤ ਸਿੰਘ ਬਾਲੀਆਂ ਅਤੇ ਸਤਨਾਮ ਸਿੰਘ ਦਮਦਮੀ ਨੇ ਸੰਸਥਾ ਦੇ ਅਹੁੱਦੇਦਾਰਾਂ ਵਲੋਂ ਮਦਦ ਕਰਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਅਕਾਲ ਕਾਲਜ ਕੌਂਸਲ ਵਲੋਂ ਵੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।