Saturday, February 15, 2025

ਪੰਜਾਬ ’ਚ ਧਰਤੀ ਹੇਠਲੇ ਪਾਣੀ ‘ਚ ਸੁਧਾਰ ਲਈ ਅਪਣਾਈ ਜਾਵੇ ਠੋਸ ਨੀਤੀ- ਐਡਵੋਕੇਟ ਧਾਮੀ

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ.ਕੇ ਵੱਲੋਂ ਆਯੋਜਿਤ ਸੰਮੇਲਨ `ਚ ਕੀਤੀ ਸ਼ਿਰਕਤ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ.ਕੇ ਵੱਲੋਂ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ‘ਲਿਵਿੰਗ ਵਾਟਰ ਫਾਰ ਆਲ’ ਸੰਮੇਲਨ ਦੇ ਦੂਸਰੇ ਦਿਨ ਸ਼ਿਰਕਤ ਕੀਤੀ।ਇਹ ਸੰਮੇਲਨ ਸੰਯੁਕਤ ਰਾਸ਼ਟਰ ਵੱਲੋਂ ਇਸ ਸਾਲ 2023 ’ਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਸਮਾਗਮਾਂ ਤਹਿਤ ਅਯੋਜਿਤ ਕੀਤਾ ਗਿਆ ਹੈ।
ਸੰਮੇਲਨ ਦੌਰਾਨ ‘ਧਰਤੀ ਹੇਠਲੇ ਪਾਣੀ ਦੇ ਭੰਡਾਰਨ, ਨਿਘਾਰ ਅਤੇ ਸਥਿਰਤਾ-ਪੰਜਾਬ ਹਾਲਤ ’ਤੇ ਅਧਿਐਨ’ ਵਿਸ਼ੇ ਉੱਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪਾਣੀ `ਤੇ ਚਿੰਤਨ ਮੰਥਨ ਕਰਨਾ ਇਕ ਸੁਹਿਰਦ ਪਹੁੰਚ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਸੰਗ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਸੰਕਟ ਵੱਲ ਵੱਧ ਰਹੀ ਹੈ।ਇਸ ਅਹਿਮ ਅਤੇ ਅਤਿ ਸੰਵੇਦਨਸ਼ੀਲ ਵਿਸ਼ੇ `ਤੇ ਬਿਨਾਂ ਕਿਸੇ ਦੇਰੀ ਵਿਚਾਰ ਚਰਚਾ ਕਰਨੀ ਅਤੇ ਸੁਧਾਰ ਲਈ ਲੋੜੀਦੀਆਂ ਠੋਸ ਨੀਤੀਆਂ ਅਪਣਾਉਣੀਆਂ ਬੇਹੱਦ ਜ਼ਰੂਰੀ ਹਨ।ਉਨਾਂ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂਕੇ ਵੱਲੋਂ ਕਰਵਾਏ ਗਏ ਸੰਮੇਲਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਮੇਲਨ ਰਾਹੀਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਸੰਦੇਸ਼ ਨੂੰ ਵਿਚਾਰ ਦਾ ਹਿੱਸਾ ਬਣਾਉਣਾ ਸਾਰਥਿਕ ਅਮਲ ਹੈ।ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਸਾਨੂੰ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਸਿੱਖਿਆ ਦਿੰਦੀ ਹੈ, ਇਸ ਲਈ ਸਾਡੀ ਪਹਿਲ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਹੋਣੀ ਚਾਹੀਦੀ ਹੈ।
ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂ.ਕੇ ਨੇ ਕਿਹਾ ਕਿ ਦਇਆ, ਜਿੰਮੇਵਾਰੀ, ਸੰਤੁਸ਼ਟੀ, ਨਿਮਰਤਾ, ਆਸ਼ਾਵਾਦ ਅਤੇ ਪਿਆਰ ਦੀ ਭਰਪੂਰਤਾ ਵਰਗੇ ਗੁਣਾਂ ਅਤੇ ਕਦਰਾਂ-ਕੀਮਤਾਂ ਵਾਲੇ ਚੰਗੇ ਮਨੁੱਖਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।ਕੁਦਰਤੀ ਸੋਮੇ ਤੇ ਖਾਸਕਰ ਪਾਣੀ ਮਨੁੱਖ ਲਈ ਅਹਿਮ ਹਨ, ਜਿਨ੍ਹਾਂ ਲਈ ਸਾਰਥਕ ਸੋਚ ਤੇ ਚਿੰਤਨ ਲਾਜ਼ਮੀ ਹੈ।
ਇਸ ਸੰਮੇਲਨ ਦੌਰਾਨ ਦਲਾਈ ਲਾਮਾ ਨੇ ਰਿਮੋਟ ਸੰਦੇਸ਼ ਰਾਹੀਂ ਸੰਬੋਧਨ ਕੀਤਾ।ਲਿਵਿੰਗ ਪੀਸ ਪ੍ਰੋਜੈਕਟਸ ਤੋਂ ਬ੍ਰਿਗੇਟ ਵਾਨ ਬੈਰੇਨ, ਸਵਾਮੀ ਅਵੇਸ਼ਾਨੰਦ ਗਿਰੀ, ਸਵਾਮੀ ਚਿਦਾਨੰਦ ਸਰਸਵਤੀ, ਜੋਨਾਥਨ ਗ੍ਰੈਨੋਫ, ਆਈ.ਆਈ.ਟੀ ਰੁੜਕੀ ਦੇ ਪ੍ਰੋਫੈਸਰ ਡਾ. ਸ਼ਰਦ ਜੈਨ ਅਤੇ ਡਾ. ਭੁਪਿੰਦਰ ਸਿੰਘ ਅਤੇ ਹੋਰ ਮਾਹਰਾਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਭਾਈ ਇੰਦਰਜੀਤ ਸਿੰਘ ਬਿੱਟੂ ਸਹਿ ਆਯੋਜਕ, ਭਾਈ ਅਮਰੀਕ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਤੇ ਮੀਤ ਸਕੱਤਰ ਸ਼ਾਹਬਾਜ਼ ਸਿੰਘ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …