Saturday, July 27, 2024

ਲੇਖਕ ਮੰਚ ਸਮਰਾਲਾ ਨੇ ਮਨਾਇਆ ਬੱਬਰ ਅਕਾਲੀ ਸ਼ਹੀਦ ਬਾਬੂ ਸੰਤਾ ਸਿੰਘ ਦਾ ਸ਼ਹੀਦੀ ਦਿਨ

ਸਮਰਾਲਾ, 21 ਮਾਰਚ (ਇੰਦਰਜੀਤ ਸਿੰਘ ਕੰਗ) – ਬੱਬਰ ਅਕਾਲੀ ਸੂਰਮਿਆਂ ਦੀ ਸ਼ਹਾਦਤ ਨੂੰ ਸਜ਼ਦਾ ਕਰਨ ਹਿੱਤ ਲੇਖਕ ਮੰਚ ਸਮਰਾਲਾ ਵਲੋਂ ਬੱਬਰ ਅਕਾਲੀ ਬਾਬੂ ਸੰਤਾ ਸਿੰਘ ਸ਼ਹੀਦ ਹਰਿਉ ਖੁਰਦ ਦੇ ਨਾਮ ’ਤੇ ਉਸਰੀ ਆਈ.ਟੀ.ਆਈ ਸਮਰਾਲਾ ਵਿਖੇ ਇਕ ਭਾਵਪੂਰਤ ਸਮਾਗਮ ਕਰਕੇ ਸਮਰਾਲਾ ਇਲਾਕੇ ਦੇ ਇਕਲੌਤੇ ਦੇਸ਼ ਭਗਤ ਸ਼ਹੀਦ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ।
ਆਈ.ਟੀ.ਆਈ. ਸਮਰਾਲਾ ਦੇ ਨੌਜਵਾਨ ਸਿਖਿਆਰਥੀਆਂ ਨੇ ਇਸ ਸਮਾਗਮ ਵਿਚ ਭਰਪੂਰ ਸ਼ਮੂਲੀਅਤ ਕੀਤੀ। ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੁੜਨ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਹਰਮਿੰਦਰ ਸਿੰਘ ਹੁਰਾਂ ਨੇ ‘ਜੀ ਆਇਆ’ ਆਖਿਆ।ਪ੍ਰਧਾਨਗੀ ਮੰਡਲ ਵਿੱਚ ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਸ਼ਾਇਰ ਹਰਬੰਸ ਮਾਲਵਾ ਲੇਖਕ ਮੰਚ ਦੇ ਸਕੱਤਰ ਸੁਰਜੀਤ ਵਿਸ਼ਾਦ ਤੇ ਲੇਖਕ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਸੁਸ਼ੋਭਿਤ ਸਨ।
ਸ਼ਹੀਦਾਂ ਦੇ ਸ਼ਾਨਾਮੱਤੇ ਇਤਿਹਾਸ ਅਤੇ ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਬਾਬੂ ਸੰਤਾ ਸਿੰਘ ਹਰਿਉਂ ਖੁਰਦ ਬਾਰੇ ਬੋਲਦਿਆਂ ਤਰਲੋਚਨ ਸਿੰਘ ਨੇ ਹਾਜ਼ਰੀਨ ਨੂੰ ਉਸ ਰੱਤ ਰੰਗੇ ਇਤਿਹਾਸ ਦੇ ਰੂਬਰੂ ਕੀਤਾ।ਕੁਰਬਾਨੀ ਨੂੰ ਨਮਨ ਕਰਦਿਆਂ ਉਹਨਾਂ ਨੇ ਸ਼ਹੀਦਾਂ ਨੂੰ ਅਣਗੌਲਿਆਂ ਕਰਨ ’ਤੇ ਰੰਜ਼ ਪ੍ਰਗਟ ਕਰਦਿਆਂ ਸਰਕਾਰਾਂ ਤੇ ਤਨਜ਼ ਵੀ ਕੱਸੇ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਹੁਰਾਂ ਬਾਬੂ ਸੰਤਾ ਸਿੰਘ ਸ਼ਹੀਦ ਨੂੰ ਆਪਣੇ ਨਾਨਕ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ, ਉਹਨਾਂ ਨਾਲ ਜੁੜੀਆਂ ਕਿੰਨੀਆਂ ਹੀ ਦੰਤ ਕਥਾਵਾਂ ਤੇ ਯਾਦਗਾਰ ਦਾ ਜ਼ਿਕਰ ਬੜੇ ਭਾਵੁਕ ਅੰਦਾਜ਼ ਵਿੱਚ ਕੀਤਾ।ਉਹਨਾਂ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਸ਼ਹੀਦ ਬਾਬੂ ਸੰਤ ਸਿੰਘ ਹਰਿਉਂ ਖੁਰਦ ਤੇ ਹੋਰ ਬੱਬਰ ਅਕਾਲੀ ਸ਼ਹੀਦਾਂ ਦੀ ਤਿੰਨ ਸਾਲ ਬਾਅਦ ਆ ਰਹੀ ਸ਼ਹੀਦੀ ਸ਼ਤਾਬਦੀ ਨੂੰ ਹੋਰ ਵੱਡੇ ਪੱਧਰ ’ਤੇ ਮਨਾਉਣ ਅਤੇ ਇਸ ਜੁਝਾਰੂ ਇਤਿਹਾਸ ਨੂੰ ਸਾਰੇ ਇਲਾਕੇ ਵਿੱਚ ਲੈ ਕੇ ਜਾਣ ਦੀ ਉਮੀਦ ਵੀ ਜ਼ਾਹਰ ਕੀਤੀ।
ਮੰਚ ਸੰਚਾਲਕ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਆਈ.ਟੀ ਆਈ. ਦੇ ਇੰਸਟ੍ਰਕਟਰ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸਿੱਖਿਆਰਥੀਆਂ ਨੂੰ ਆਪਣੀ ਸੰਸਥਾ ਦੇ ਮਾਣਮੱਤੇ ਇਤਿਹਾਸ ‘ਤੇ ਮਾਣ ਕਰਨ ਦੀ ਸਿੱਖਿਆ ਵੀ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …