Saturday, May 25, 2024

ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲੈਣ ਉਪਰੰਤ ਸਮਰਾਲਾ ਪੁੱਜੇ ਕਹਾਣੀਕਾਰ ਸੁਖਜੀਤ ਨਿੱਘਾ ਸਵਾਗਤ

ਸਾਹਿਤਕ, ਸਮਾਜਿਕ ਅਤੇ ਹੋਰ ਸੰਸਥਾਵਾਂ ਵਲੋਂ ਵਧਾਈਆਂ ਦਾ ਲੱਗਾ ਤਾਂਤਾ

ਸਮਰਾਲਾ, 21 ਮਾਰਚ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਮੁੱਚੀ ਸਭਾ ਵਲੋਂ ਕਹਾਣੀਕਾਰ ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਉਪਰੰਤ ਸਮਰਾਲਾ ਪੁੱਜਣ ‘ਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।ਉਪਰੰਤ ਸਭਾ ਦੇ ਖਜਾਨਚੀ ਪੁਖਰਾਜ ਸਿੰਘ ਘੁਲਾਲ ਦੇ ਦੋਹਤਾ ਹੋਣ ਅਤੇ ਕਹਾਣੀਕਾਰ ਰੁਵਿੰਦਰ ਰੁਪਾਲ ਕੌਲਗੜ੍ਹ ਦੇ ਪੋਤਰੀ ਹੋਣ ਦੀਆਂ ਵਧਾਈਆਂ ਦਿੱਤੀਆਂ ਗਈਆਂ।ਸਭਾ ਵਿੱਚ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਜਨਰਲ ਸਕੱਤਰ ਅਮਨ ਸਮਰਾਲਾ ਨੇ ਜੋਰਾਵਰ ਸਿੰਘ ਪੰਛੀ ਨੂੰ ਆਪਣੀ ਰਚਨਾ ਪੇਸ਼ ਕਰਨ ਦਾ ਸੱੱਦਾ ਦਿੱਤਾ ਜਿਨ੍ਹਾਂ ਨੇ ਆਪਣੇ ਨਵੇਂ ਆਏ ਗਜ਼ਲ਼ ਸੰਗ੍ਰਹਿ ‘‘ਕੱਚ ਦਾ ਵਪਾਰੀ’’ ਵਿਚੋਂ ਗਜ਼ਲ਼ਾਂ ਸੁਣਾਈਆਂ।ਜਿਨ੍ਹਾਂ ਦੀ ਸਾਰਿਆਂ ਨੇ ਸ਼ਲਾਘਾ ਕੀਤੀ।ਗੀਤਕਾਰ ਪਰਮ ਸਿਆਣ ਨੇ ‘‘ਅੱਜ ਮੇਰੇ ਵਿਆਹ ਦੀ ਚਿੱਠੀ’’ ਗੀਤ ਸੁਣਾਇਆ।ਬਲਵੰਤ ਮਾਂਗਟ ਨੇ ਲੇਖ ‘‘ਕੋਗਿਟੋ ਅਰਗੋ ਸਮ’’ ਸੁਣਾਇਆ।ਜਿਸ ‘ਤੇ ਖੂਬ ਚਰਚਾ ਹੋਈ।ਕਹਾਣੀਕਾਰਾ ਯਤਿੰਦਰ ਕੌਰ ਮਾਹਲ ਨੇ ਵੱਖਰੇ ਵਿਸ਼ੇ ਨੂੰ ਛੂੰਹਦੀ ਕਹਾਣੀ ‘ਜਿਸਮ’ ਸੁਣਾਈ, ਜੋ ਕਿੰਨਰਾਂ ਦੇ ਜੀਵਨ ਦੇ ਅਧਾਰ ‘ਤੇ ਇਸ ਤਰ੍ਹਾਂ ਸੰਜ਼ੋਈ ਗਈ ਕਿ ਉਨ੍ਹਾਂ ਦੇ ਅੰਦਰਲੇ ਜੀਵਨ ਦੀਆਂ ਕਈ ਪਰਤਾਂ ਖੁੱਲੀਆਂ।ਕਹਾਣੀ ਉਪਰ ਬਹੁਤ ਬਰੀਕੀ ਨਾਲ ਚਰਚਾ ਕੀਤੀ ਗਈ ਅਤੇ ਕੁੱਝ ਸੋਧਾਂ ਕਰਨ ਦੇ ਸੁਝਾਅ ਦਿੱਤੇ ਗਏ। ਗੀਤਾ ਕੰਮੇ ਵਾਲਾ ਨੇ ਧਾਰਮਿਕ ਗੀਤ ‘‘ਤਾਰਾ ਰਾਣੀ’’ ਸੁਣਾਇਆ। ਸਿਮਰਜੀਤ ਸਿੰਘ ਕੰਗ ਨੇ ਇਤਿਹਾਸਕ ਲੇਖ ‘‘ਭਾਈ ਬਹਿਲੋ ਜੀ’’ ਸੁਣਾਇਆ, ਇਸ ਲੇਖ ਰਾਹੀਂ ਭਾਈ ਬਹਿਲੋ ਜੀ ਦੇ ਜੀਵਨ ਦੇ ਕਈ ਅਣਛੂਹੇ ਪੰਨਿਆਂ ਨੂੰ ਉਜਾਗਰ ਕੀਤਾ ਗਿਆ।ਇਸ ਲੇਖ ਨਾਲ ਸਭ ਨੂੰ ਭਰਪੂਰ ਜਾਣਕਾਰੀ ਹਾਸਿਲ ਹੋਈ।ਸੁਰਜੀਤ ਜੀਤ ਨੇ ਗ਼ਜ਼ਲ ‘‘ਕਰਕੇ ਸਵਾਲ ਆਪੇ’’ ਸੁਣਾਈ।ਗਜ਼ਲ ਨੂੰ ਸਰੋਤਿਆਂ ਨੇ ਏਨਾਂ ਜਿਆਦਾ ਪਸੰਦ ਕੀਤਾ ਕਿ ਸੁਰਜੀਤ ਜੀਤ ਨੂੰ ਦੋ ਗਜ਼ਲਾਂ ਹੋਰ ਸੁਣਾਉਣੀਆਂ ਪਈਆਂ।ਉਭਰ ਰਹੀ ਕਵਿੱਤਰੀ ਰਮਨਦੀਪ ਕੌਰ ਨੇ ‘ਔਰਤ’ ਕਵਿਤਾ ਸੁਣਾਈ, ਜਿਸ ਨੂੰ ਸਾਰਿਆਂ ਵੱਲੋਂ ਪਸੰਦ ਕੀਤਾ ਗਿਆ।ਅਨਿਲ ਫਤਿਹਗੜ੍ਹ ਜੱਟਾਂ ਨੇ ਕਵਿਤਾ ‘‘ਉਹ ਅਜੇ ਸੁੱਤਾ ਨਹੀਂ’’ ਸੁਣਾਈ।ਕਵਿਤਾ ਨੂੰ ਸਾਰਿਆਂ ਬਹੁਤ ਸਲਾਹਿਆ।ਰਚਨਾਵਾਂ ਉਪਰ ਚਰਚਾ ਕਰਨ ਵਾਲਿਆਂ ਵਿੱਚ ਕਹਾਣੀਕਾਰ ਸੁਖਜੀਤ, ਗੁਰਭਗਤ ਸਿੰਘ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਕੰਗ, ਐਡਵੋਕੇਟ ਗਗਨਦੀਪ ਸ਼ਰਮਾ, ਤਰਨ ਬੱਲ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਅਵਤਾਰ ਸਿੰਘ ਉਟਾਲਾਂ ਅਤੇ ਗੁਰਦੀਪ ਮਹੌਣ ਸ਼ਾਮਲ ਸਨ।ਇਸ ਮੀਟਿੰਗ ਦੌਰਾਨ ਪ੍ਰਸਿੱਧ ਸਾਹਿਤਕਾਰ ਨਿਰਮਲ ਜੋੜਾ ਦੇ ਮਾਤਾ ਗੁਰਦੇਵ ਕੌਰ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਫਸੋਸ ਪ੍ਰਗਟ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।ਅਖੀਰ ਸਭਾ ਦੇ ਚੇਅਰਮੈਨ ਸੁਖਜੀਤ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …