Sunday, May 19, 2024

ਕਿਸਾਨੀ ਸੰਘਰਸ਼ਾਂ ਦੌਰਾਨ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੀ ਯਾਦ ‘ਚ ਇਕੱਠ 29 ਨੂੰ – ਆਗੂ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਸ਼ਹੀਦਾਂ ਦੇ ਪੈਗਾਮ ਅਤੇ ਉਹਨਾ ਦੀ ਸੋਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੰਜਾਬ ਪੱਧਰੀ ਪ੍ਰੋਗਰਾਮਾਂ ਦੇ ਚੱਲਦਿਆਂ ਅੱਜ ਜਿਲ੍ਹਾ ਅੰਮ੍ਰਿਤਸਰ ਵਿੱਚ 14 ਜਗ੍ਹਾ ਤੇ ਜ਼ੋਨ ਪੱਧਰੀ ਕਨਵੈਨਸ਼ਨਾਂ ਕੀਤੀਆਂ ਗਈਆਂ ਹਨ, ਜਿੰਨਾ ਵਿਚ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਓਹਨਾ ਦੇ ਸੁਪਨਿਆਂ ਦਾ “ਲੋਕ ਅਤੇ ਕੁਦਰਤ ਪੱਖੀ ਰਾਜ ਪ੍ਰਬੰਧ” ਸਥਾਪਿਤ ਕਰਨ ਦੇ ਅਹਿਦ ਕੀਤੇ ਗਏ।
ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਸੂਬਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਅਤੇ ਸਰਵਣ ਸਿੰਘ ਪੰਧੇਰ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਓਹਨਾ ਦੇ ਸਾਥੀ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਦੀ ਸ਼ਹੀਦੀ ਨੂੰ 92 ਸਾਲ ਹੋ ਚੁੱਕੇ ਹਨ, ਪਰ ਉਹਨਾਂ ਵਲੋਂ ਦੇਸ਼ ਵਾਸੀਆਂ ਲਈ ਦੇਖੇ ਸੁਪਨਿਆਂ ਦਾ ਭਾਰਤ ਅੱਜ ਤੱਕ ਨਹੀਂ ਬਣ ਸਕਿਆ।ਦੇਸ਼ ਦਾ ਕਿਸਾਨ ਮਜ਼ਦੂਰ ਪਹਿਲਾਂ ਤੋਂ ਵੀ ਬੁਰੀ ਹਾਲਤ ਵਿੱਚ ਹੈ।ਆਮ ਭਾਰਤੀ ਲਈ ਅੱਜ ਅਤੇ 1947 ਤੋਂ ਪਹਿਲਾਂ ਦੀ ਸਿਆਸਤ ਵਿੱਚ ਕੁੱਝ ਨਹੀਂ ਬਦਲਿਆ।ਸੋ ਸਾਡਾ ਸਭ ਦਾ ਫਰਜ਼ ਬਣਦਾ ਕਿ ਸ਼ਹੀਦਾਂ ਤੋਂ ਸੇਧ ਲੈ ਕੇ ਨਸ਼ਾ, ਭ੍ਰਿਸ਼ਟਾਚਾਰ, ਊਚ-ਨੀਚ, ਸਮਾਜਿਕ ਅਤੇ ਆਰਥਿਕ ਅਸਮਾਨਤਾ, ਅਨਪੜ੍ਹਤਾ, ਗਰੀਬੀ, ਸਿਆਸਤਦਾਨਾਂ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ, ਔਰਤਾਂ ‘ਤੇ ਅਤਿਆਚਾਰ ਅਤੇ ਹੋਰ ਸਮਾਜਿਕ ਕੁਰੀਤੀਆਂ ਖਿਲਾਫ ਡਟ ਕੇ ਖੜਿਆ ਜਾਵੇ।ਇਹੀ ਓਹਨਾ ਸ਼ਹੀਦਾਂ ਨੂੰ ਸੱਚੀ ਸੱਚੀ ਸ਼ਰਧਾਂਜਲੀ ਹੋਵੇਗੀ।ਉਹਨਾ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਡਕਰ ਦੀ ਫੋਟੋ ਦਫਤਰਾਂ ਵਿਚ ਲਗਵਾ ਕੇ ਮਾਨ ਸਰਕਾਰ ਡਰਾਮੇ ਕਰ ਰਹੀ ਹੈ, ਜਦਕਿ ਭੁਗਤ ਸਾਮਰਾਜੀ ਲੋਕਾਂ ਦੇ ਹੱਕ ਵਿਚ ਰਹੀ ਹੈ।
ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਜਥੇਬੰਦੀ ਵਲੋਂ ਲੋਕ ਹਿੱਤਾਂ ਵਿੱਚ ਲੜੇ ਗਏ ਵੱਖ-ਵੱਖ ਸੰਘਰਸ਼ਾਂ ਦੌਰਾਨ ਜਾਨ ਦੀ ਕੁਰਬਾਨੀ ਦੇਣ ਵਾਲੇ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਸਮੇਤ ਸਭ ਸ਼ਹੀਦਾਂ ਦੀ ਯਾਦ ਵਿਚ ਮਾਰਚ 29 ਨੂੰ ਜਿਲ੍ਹਾ ਮਿਸਾਲੀ ਇਕੱਠ ਕੀਤੇ ਜਾਣਗੇ।
ਇਸ ਮੌਕੇ ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ ਸਾਰੰਗੜਾ, ਕੰਧਾਰ ਸਿੰਘ ਭੋਏਵਾਲ, ਬਲਦੇਵ ਸਿੰਘ ਬੱਗਾ, ਅਮਰਦੀਪ ਸਿੰਘ ਗੋਪੀ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਚਾਟੀਵਿੰਡ, ਮੰਗਜੀਤ ਸਿੰਘ ਸਿੱਧਵਾਂ, ਕੁਲਜੀਤ ਸਿੰਘ ਕਾਲੇ ਘਣੁਪੁਰ, ਬਲਵਿੰਦਰ ਸਿੰਘ ਰੁਮਾਣਾਚੱਕ, ਕੰਵਰਦਲੀਪ ਸੈਦੋਲੇਹਲ ਆਦਿ ਹਾਜ਼ਰ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …