ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਰਾਸ਼ਟਰੀ ਪੱਧਰ ਦੀ ਮੁਹਿੰਮ ‘ਸਵੱਛ ਭਾਰਤ ਅਭਿਆਨ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਆਰ.ਕੇ ਧਵਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ’ਚ ਸਵੱਛ ਭਾਰਤ ਮਿਸ਼ਨ, ਨਗਰ ਨਿਗਮ ਤੋਂ ਕਮਿਊਨਿਟੀ ਫੈਸੀਲੀਟੇਟਰ-ਕਮ-ਪ੍ਰੋਗਰਾਮ-ਕੋਆਰਡੀਨੇਟ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਭਾਸ਼ਣ ’ਚ ਪਲਾਸਟਿਕ ਵੇਸਟ ਮੈਨੇਜ਼ਮੈਂਟ, ਹੋਮ ਕੰਪੋਸਟਿੰਗ, ਕੂੜਾ ਪ੍ਰਬੰਧਨ ਲਈ ‘ਸਵੱਛਤਾ-ਐਮਓਐਚਯੂਏ’ ਐਪ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।
ਸ੍ਰੀਮਤੀ ਮਨਦੀਪ ਕੌਰ ਨੇ ਸਵੱਛ ਭਾਰਤ ਮਿਸ਼ਨ ਤਹਿਤ ‘ਸਫ਼ਾਈ ਅਪਨਾਉ, ਬਿਮਾਰੀ ਭਜਾਉ’, ‘ਸਫ਼ਾਈ ਹੈ ਮਹਾ ਅਭਿਆਨ, ਸਫਾਈ ਵਿੱਚ ਦਿਉ ਯੋਗਦਾਨ’ ਸਲੋਗਨ ਨੂੰ ਉਜਾਗਰ ਕਰਦਿਆਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕੂੜਾ ਨਾ ਫੈਲਾਉਣ, ਕੂੜੇ ਵਾਲੀ ਗੱਡੀ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਦੇਣ, ਸਿੰਗਲ ਯੂਜ਼ ਪਲਾਸਟਿਕ, ਥਰਮੋਕੋਲ ਦੀ ਵਰਤੋ ਨਾ ਕਰਨ, ਬਜ਼ਾਰ ਤੋਂ ਸਮਾਨ ਲਿਆਉਣ ਲਈ ਕੱਪੜੇ ਅਤੇ ਜੂਟ (ਜੇ.ਯੂ.ਟੀ.ਈ) ਦੇ ਬੈਗ ਦੀ ਵਰਤੋ ਕਰਨ, ਵਾਤਾਵਰਣ ਨੂੰ ਸਾਫ਼ ਸੁੱਥਰਾ ਰੱਖਣ ਲਈ ਖੁੱਲ੍ਹੇ ’ਚ ਕੂੜੇ ਅਤੇ ਹੋਰ ਚੀਜ਼ਾਂ ਨੂੰ ਨਾ ਚਲਾਉਣ, ਡੇਂਗੂ ਮਲੇਰੀਆ ਤੋਂ ਬਚਾਉ ਲਈ ਆਪਣੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਰਹਿਣ ਬਾਰੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਜਨਮ ਦਿਨ 2 ਅਕਤੂਬਰ 2014 ਨੂੰ ਸਵੱਛ ਭਾਰਤ ਅਭਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਰਾਸ਼ਟਰੀ ਪੱਧਰ ਦੀ ਮੁਹਿੰਮ ਦਾ ਮਕਸਦ ਗਲੀਆਂ, ਸੜਕਾਂ ਤੇ ਬੁਨਿਆਦੀ ਢਾਂਚੇ ਨੂੰ ਸਾਫ਼ ਰੱਖਣਾ ਅਤੇ ਕੂੜਾ ਕਰਕਟ ਨੂੰ ਸਾਫ਼ ਰੱਖਣਾ ਹੈ।ਉਨ੍ਹਾਂ ਕਿਹਾ ਕਿ ਸਵੱਛ ਭਾਰਤ ਦਾ ਉਦੇਸ਼ ਵਿਅਕਤੀਗਤ, ਕਲੱਸਟਰ ਅਤੇ ਕਮਿਊਨਿਟੀ ਪਖਾਨੇ ਦੇ ਨਿਰਮਾਣ ਦੁਆਰਾ ਖੁੱਲ੍ਹੇ ’ਚ ਸ਼ੌਚ ਦੀ ਸਮੱਸਿਆ ਨੂੰ ਘਟਾਉਣਾ ਜਾਂ ਖ਼ਤਮ ਕਰਨਾ ਹੈ।
ਸ੍ਰੀਮਤੀ ਮਨਦੀਪ ਕੌਰ ਨੇ ਪ੍ਰਿੰ: ਡਾ. ਧਵਨ ਦੁਆਰਾ ਉਕਤ ਸਮਾਗਮ ਲਈ ਦਿੱਤੇ ਗਏ ਸਹਿਯੋਗ ਅਤੇ ਸਮਾਗਮ ਦੇ ਕੋਆਰਡੀਨੇਟਰ ਡਾ. ਸਤਿੰਦਰ ਕੌਰ, ਡਾ. ਤਾਜਪ੍ਰੀਤ ਕੌਰ ਅਤੇ ਡਾ. ਚਰਨਜੀਤ ਕੌਰ ਮਾਂਗਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੇਕ ਅਦਾਰਿਆਂ ’ਚ ਅਜਿਹੇ ਸੈਮੀਨਾਰਾਂ ਦਾ ਆਯੋਜਨ ਹੋਣਾ ਲਾਜ਼ਮੀ ਹੈ, ਕਿਉਂਕਿ ਅਜਿਹੇ ਪ੍ਰੋਗਰਾਮਾਂ ਤੋਂ ਗਿਆਨ ਹਾਸਲ ਕਰਕੇ ਸਰਕਾਰ ਦੁਆਰਾ ਆਮ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਅਤੇ ਸੁਵਿਧਾਵਾਂ ਬਾਰੇ ਸਮਝ ਕੇ ਲਾਹਾ ਲੈ ਸਕਦੇ ਹਨ।ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਵਧੇਰੇ ਦਿਲਚਸਪੀ ਵਿਖਾਉਂਦਿਆਂ ਵੱਧ ਚੜ੍ਹ ਕੇ ਹਿੱਸਾ ਲਿਆ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …