ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵਿਸਾਖੀ ਦਾ ਦਿਨ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਉਘੜਵੇਂ ਰੂਪ ਵਿੱਚ ਦਰਜ਼ ਹੈ।ਇਹ ਸਿੱਖ ਇਤਿਹਾਸ ਦਾ ਉਹ ਕ੍ਰਾਂਤੀਕਾਰੀ ਪੰਨਾ ਹੈ, ਜਿਸ ਨੇ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਿਆ।ਖ਼ਾਲਸਾ ਸਿਰਜਣਾ ਦਾ ਇਤਿਹਾਸ ਸਿੱਖ ਕੌਮ ਲਈ ਇਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ ਅੰਦਰ ਅੱਡਰੀ ਅਤੇ ਨਿਰਾਲੀ ਹੋਂਦ ਹਸਤੀ ਦਾ ਅਹਿਸਾਸ ਆਪਣੇ ਆਪ ਪੁੰਗਰਦਾ ਹੈ।ਖਾਲਸਾ ਆਦਰਸ਼ਕ ਮਨੁੱਖ ਹੈ, ਜਿਸ ਦਾ ਜੀਵਨ ਸਮਾਜ ਲਈ ਪ੍ਰੇਰਣਾਮਈ ਹੋਣ ਦੇ ਨਾਲ-ਨਾਲ ਹੱਕ ਸੱਚ ਦੀ ਰਖਵਾਲੀ ਲਈ ਵੀ ਮਿਸਾਲੀ ਹੈ।ਖਾਲਸੇ ਦੀ ਘਾੜਤ ਵਿਚ ਦਸ ਗੁਰੂ ਸਾਹਿਬਾਨ ਦੀ ਪਵਿੱਤਰ ਵਿਚਾਰਧਾਰਾ ਸ਼ਾਮਲ ਹੈ।ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖ਼ਾਲਸਾ ਰੂਪੀ ਆਦਰਸ਼ਕ ਮਨੁੱਖ ਲਈ ਪਹਿਲੀ ਸ਼ਰਤ ਇਹ ਨਿਸ਼ਚਤ ਕੀਤੀ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
(ਅੰਗ 1412)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਧਰਮ ਖੇਤਰ ਅੰਦਰ ਪ੍ਰਵਾਨ ਚੜਨ ਵਾਲਿਆਂ ਲਈ ਆਦਰਸ਼ ਹਨ। ਇਸ ਵਿਚ ਆਪਾ ਨਿਸ਼ਾਵਰ ਕਰਨ ਦੀ ਜੁਗਤ ਅਤੇ ਪ੍ਰੇਰਣਾ ਦਰਜ ਹੈ।ਪਹਿਲੇ ਪਾਤਸ਼ਾਹ ਤੋਂ ਬਾਅਦ ਵਿਚ ਬਾਕੀ ਗੁਰੂ ਸਾਹਿਬਾਨ ਨੇ ਵੀ ਸਿੱਖਾਂ ਨੂੰ ਇਹੋ ਪਾਠ ਦ੍ਰਿੜ ਕਰਵਾਇਆ।ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਦੇ ਦਿਹਾੜੇ ’ਤੇ ਖ਼ਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਅਰਥ ਪ੍ਰਦਾਨ ਕੀਤੇ।ਦਸਵੇਂ ਪਾਤਸ਼ਾਹ ਜੀ ਦੇ ਇਸ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ’ਤੇ ਪਹੁੰਚਾ ਦਿੱਤਾ।ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਾ ਇਹ ਦਿਨ ਜਬਰ, ਜ਼ੁਲਮ, ਬੇਇਨਸਾਫੀ, ਵਿਤਕਰੇ, ਝੂਠ, ਪਾਖੰਡ, ਅਨਿਆਂ ਆਦਿ ਵਿਰੁੱਧ ਇੱਕ ਸੰਘਰਸ਼ ਦਾ ਬਿਗਲ ਬਣਿਆ।ਇਹ ਦਿਹਾੜਾ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਹੈ, ਕਿਉਂਕਿ ਇਸ ਦਿਨ ਜਿਥੇ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋਏ, ਉਥੇ ਹੀ ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਵੀ ਖਾਲਸੇ ਪਾਸੋਂ ਆਪ ਅੰਮ੍ਰਿਤਪਾਨ ਕਰਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ।ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ ਜਿਸ ਵਿਚ ਗੁਰੂ-ਚੇਲੇ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਭਾਈ ਗੁਰਦਾਸ ਜੀ ਇਸ ਦ੍ਰਿਸ਼ ਨੂੰ ਵਾਹ-ਵਾਹ ਕਹਿ ਕੇ ਵਡਿਆਉਂਦੇ ਹਨ:
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਖਾਲਸਾ ਹਰ ਕਿਸਮ ਦੀ ਸ਼ਖ਼ਸੀ ਗੁਲਾਮੀ ਤੋਂ ਅਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸੰਬੰਧਿਤ ਹੈ ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿਚੋਂ ਹੀ ਪ੍ਰਗਟ ਹੋਇਆ ਹੈ:
ਖਾਲਸਾ ਅਕਾਲ ਪੁਰਖ ਕੀ ਫੌਜ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਖਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖਾਲਸਾ ਝੂਠ, ਬੇਈਮਾਨੀ, ਵਲ਼-ਫਰੇਬ ਤੋਂ ਦੂਰ ਮਨੁੱਖਤਾ ਦਾ ਸੱਚਾ ਹਮਦਰਦ ਹੈ। ਇਹ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਖ਼ਾਲਸਾ ਪੰਜ ਕਕਾਰੀ ਰਹਿਣੀ ਦਾ ਧਾਰਨੀ ਹੈ। ਸੱਚਾ ਤੇ ਧਰਮੀ ਜੀਵਨ ਜਿਉਣਾ ਖਾਲਸੇ ਦਾ ਨੇਮ ਹੈ। ਧਰਮ ਅਤੇ ਸਦਾਚਾਰ ਦੇ ਸੁਮੇਲ ਖਾਲਸੇ ਦੀ ਅਵਾਜ਼ ਹਮੇਸ਼ਾਂ ਹੀ ਹੱਕ ਤੇ ਸੱਚ ਲਈ ਉਠਦੀ ਹੈ।ਜ਼ਬਰ ਤੇ ਜ਼ੁਲਮ ਵਿਰੁੱਧ ਡਟਣਾ ਖਾਲਸੇ ਦਾ ਪਰਮ ਧਰਮ ਕਰਤੱਵ ਹੈ। ਉੱਚੀ-ਸੁੱਚੀ ਜੀਵਨ-ਜਾਚ ਇਸ ਦੀ ਲਖਾਇਕ ਹੈ।ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ, ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖਰਾਂ ਛੋਂਹਦਾ ਆ ਰਿਹਾ ਹੈ।
ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਸਿੱਖ ਰਹਿਤ ਦੀ ਪ੍ਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਪਹਿਰੇਦਾਰੀ ਖਾਲਸਈ ਜੀਵਨ ਦਾ ਅਹਿਮ ਵਿਧਾਨ ਹੈ।ਇਸੇ ਰੌਸ਼ਨੀ ਵਿਚ ਜੀਵਨ ਜਿਊਣਾ ਹਰ ਸਿੱਖ ਦਾ ਫ਼ਰਜ਼ ਹੈ।ਖ਼ਾਲਸਾ ਸਾਜਣਾ ਦਿਵਸ ਦੇ ਇਤਿਹਾਸਕ ਮੌਕੇ `ਤੇ ਮੈਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਖ਼ਾਲਸਈ ਰਹਿਣੀ ਦੇ ਧਾਰਨੀ ਬਣੀਏ, ਕਿਉਂਕਿ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਟੁੱਟ ਕੇ ਕੋਈ ਵੀ ਆਪਣੀ ਪਛਾਣ ਨਾਲ ਅੱਗੇ ਨਹੀਂ ਵੱਧ ਸਕਦਾ।ਵਿਸ਼ਵ ਵਿੱਚ ਵਿਚਰਦਿਆਂ ਆਪਣੇ ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਅਗਵਾਈ ਹੀ ਮਨੁੱਖ ਨੂੰ ਆਪਣੇ ਵਿਸ਼ੇਸ਼ ਹੋਣ ਦਾ ਮਾਣ ਦਿਵਾ ਸਕਦੀ ਹੈ।
ਸਿੱਖ ਕੌਮ ਦੇ ਇਤਿਹਾਸਕ, ਸਿਧਾਂਤਕ ਅਤੇ ਵਿਰਾਸਤੀ ਗੁਣਾਂ ਦੀ ਅਮੀਰੀ ਦਾ ਮਾਣ ਹਰ ਸਿੱਖ ਨੂੰ ਸਵੈਮਾਣ ਅਤੇ ਇੱਜ਼ਤ ਨਾਲ ਜਿਊਣ ਦੀ ਪ੍ਰੇਰਣਾ ਦਿੰਦਾ ਹੈ।ਵੱਖ-ਵੱਖ ਸਮਿਆਂ ਵਿਚ ਆਈਆਂ ਮੁਸੀਬਤਾਂ ਸਮੇਂ ਸਿੱਖ ਕੌਮ ਨੇ ਪੀੜਤ ਮਾਨਵਤਾ ਨਾਲ ਖੜ੍ਹ ਕੇ ਇਹ ਸਿੱਧ ਕੀਤਾ ਹੈ ਕਿ ਮਨੁੱਖੀ ਬਰਾਬਰਤਾ ਅਤੇ ਇਕਸਾਰਤਾ ਦਾ ਜੋ ਪਾਠ ਖ਼ਾਲਸੇ ਨੂੰ ਗੁਰੂ ਸਾਹਿਬ ਨੇ ਪੜ੍ਹਾਇਆ ਉਹ ਵਿਸ਼ਵ ਦੇ ਧਰਮ ਇਤਿਹਾਸ ਵਿਚ ਮੋਹਰੀ ਹੈ, ਵਿਲੱਖਣ ਹੈ।ਅੱਜ ਸਿੱਖ ਨੌਜੁਆਨੀ ਨੂੰ ਆਪਣੇ ਇਸ ਖ਼ਾਲਸਈ ਵਿਰਸੇ ਪ੍ਰਤੀ ਜਾਗਰੂਕ ਅਤੇ ਸੁਚੇਤ ਕਰਦੇ ਰਹਿਣਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਵਰਤਮਾਨ ਸਮੇਂ ਤਕਨੀਕ ਅਤੇ ਸੰਚਾਰ ਸਾਧਨਾ ਦੀ ਤੇਜ਼ੀ ਮਨੁੱਖ ਨੂੰ ਨੈਤਿਕਤਾ ਨਾਲੋਂ ਤੋੜਨ ਵਾਲੇ ਪਾਸੇ ਲਿਜਾ ਰਹੀ ਹੈ।ਸਿੱਖੀ ਦੇ ਵਿਲੱਖਣ ਸਿਧਾਂਤ ਅਤੇ ਮਾਨਵ ਹਿੱਤਕਾਰੀ ਫਲਸਫਾ ਅਜੋਕੀਆਂ ਮਨੁੱਖੀ ਚਿੰਤਾਵਾਂ ਦੇ ਖਾਤਮੇ ਦਾ ਸਫਲ ਮਾਰਗ ਦਰਸ਼ਕ ਹਨ।ਲੋੜ ਇਸ ਗੱਲ ਹੈ ਕਿ ਅਸੀਂ ਸਮੂਹਕ ਯਤਨਾਂ ਨਾਲ ਖ਼ਾਲਸਈ ਵਿਚਾਰਧਾਰਾ ਨੂੰ ਅੱਗੇ ਵਧਾਈਏ।
ਸੋ ਆਓ, ਖ਼ਾਲਸਾ ਸਾਜਣਾ ਦਿਵਸ ਮੌਕੇ ਪ੍ਰਣ ਕਰੀਏ ਕਿ ਜਿਥੇ ਹਰ ਸਿੱਖ ਨੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਖ਼ਾਲਸਈ ਰਹਿਣੀ ਦਾ ਧਾਰਨੀ ਬਣਨਾ ਹੈ, ਉਥੇ ਹੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ `ਏਕੁ ਪਿਤਾ ਏਕਸ ਕੇ ਹਮ ਬਾਰਿਕ` ਦੇ ਸੰਦੇਸ਼ ਨੂੰ ਹਿਰਦੇ ਵਿਚ ਵਸਾ ਕੇ ਮਾਨਵਤਾ ਲਈ ਮੱਦਦਗਾਰ ਬਣੇ ਰਹਿਣਾ ਹੈ।
ਅਖੀਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਖਾਲਸਾ ਸਾਜਣਾ ਦਿਵਸ ਦੀ ਹਾਰਦਿਕ ਮੁਬਾਰਕਬਾਦ।1404202301
(14 ਅਪ੍ਰੈਲ 2023 ਲਈ ਵਿਸ਼ੇਸ਼)
-ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।