Sunday, December 22, 2024

ਕੇਂਦਰ ਵਲੋਂ ਮੁੱਲ ਵਿੱਚ ਕੀਤੀ ਕਟੌਤੀ ਦੀ ਭਰਪਾਈ ਕਰੇਗੀ ਸਾਡੀ ਸਰਕਾਰ – ਮੁੱਖ ਮੰਤਰੀ

ਕਿਹਾ, ਨੁਕਸਾਨ ਝੱਲ ਰਹੇ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਪੰਜਾਬ ਸਰਕਾਰ

ਸੰਗਰੂਰ, 12 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੀਂਹ ਤੇ ਹਨੇਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਲਈ ਕੇਂਦਰ ਸਰਕਾਰ ਦੀਆਂ ਮਿੰਨਤਾਂ ਨਹੀਂ ਕੱਢਾਂਗੇ ਸਗੋਂ ਖਰਾਬ ਹੋਈ ਕਣਕ ਦੀ ਫਸਲ ਉਤੇ ਭਾਰਤ ਸਰਕਾਰ ਵੱਲੋਂ ਮੁੱਲ ਵਿਚ ਕੀਤੀ ਕਟੌਤੀ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਸੂਬਾ ਸਰਕਾਰ ਕਰੇਗੀ।
ਮਹਾਨ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸੁਤੰਤਰ ਦੇ ਪਰਦੇ ਤੋਂ ਬੁੱਤ ਹਟਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ, “ਅਸੀਂ ਫਸਲ ਦੇ ਮੁੱਲ ਵਿੱਚ ਕਟੌਤੀ ਨਾ ਕਰਨ ਲਈ ਕੇਂਦਰ ਅੱਗੇ ਤਰਲੇ ਨਹੀਂ ਕੱਢਾਂਗੇ ਪਰ ਜਦੋਂ ਕੇਂਦਰ ਸਰਕਾਰ ਕੌਮੀ ਅਨਾਜ ਭੰਡਾਰ ਲਈ ਸਾਥੋਂ ਕਣਕ-ਝੋਨੇ ਸਪਲਾਈ ਮੰਗੇਗੀ, ਓਸ ਵੇਲੇ ਅਸੀਂ ਕਿਸਾਨਾਂ ਦੇ ਹਿੱਤ ਵਿਚ ਮੁਆਵਜ਼ਾ ਮੰਗਾਂਗੇ।”
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਬੇਮੌਸਮੇ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਸਹਿਣਾ ਪਿਆ ਪਰ ਕੇਂਦਰ ਸਰਕਾਰ ਨੇ ਔਖੇ ਸਮੇਂ ਕਿਸਾਨਾਂ ਦੀ ਬਾਂਹ ਨਹੀਂ ਫੜੀ।ਉਲਟਾ ਨੁਕਸਾਨੀ ਫਸਲ, ਸੁੰਗੜੇ ਤੇ ਟੁੱਟੇ ਦਾਣਿਆਂ ਅਤੇ ਵੱਧ ਨਮੀ ਕਾਰਨ ਮੁੱਲ ਵਿੱਚ ਕਟੌਤੀ ਕਰਕੇ ਕਿਸਾਨਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਿਆ।ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਸੁੰਗੜੇ ਤੇ ਟੁੱਟੇ ਦਾਣਿਆਂ ਲਈ 18 ਫੀਸਦੀ ਤੱਕ ਢਿੱਲ ਦੇਣ ਦੇ ਨਾਲ ਹੀ ਸ਼ਰਤਾਂ ਥੋਪ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ 6 ਫੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣਿਆਂ ਵਾਲੀ ਫਸਲ ਲਈ ਮੁੱਲ ਵਿੱਚ ਕੋਈ ਕਟੌਤੀ ਨਹੀਂ ਪਰ 6 ਫੀਸਦੀ ਤੋਂ 8 ਫੀਸਦੀ ਤੱਕ ਟੁੱਟੇ ਤੇ ਸੁੰਗੜੇ ਦਾਣਿਆਂ ਵਾਲੀ ਫਸਲ ਉਤੇ ਮੁੱਲ ਵਿੱਚ ਪ੍ਰਤੀ ਕੁਇੰਟਲ 5.31 ਰੁਪਏ ਦੀ ਕਟੌਤੀ ਲਾਗੂ ਕੀਤੀ ਗਈ।ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ 8 ਤੋਂ 10 ਫੀਸਦੀ ਤੱਕ ਪ੍ਰਤੀ ਕੁਇੰਟਲ 10.62 ਰੁਪਏ ਕਟੌਤੀ ਜਦਕਿ 10 ਤੋਂ 12 ਫੀਸਦੀ ਤੱਕ ਪ੍ਰਤੀ ਕੁਇੰਟਲ 15.93 ਰੁਪਏ ਕਟੌਤੀ ਦੀ ਸ਼ਰਤ ਲਾ ਦਿੱਤੀ ਗਈ।
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੇ ਇਸ ਆਪਹੁਦਰੇ ਫੈਸਲੇ ਨਾਲ 12 ਫੀਸਦੀ ਤੋਂ 14 ਫੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣਿਆਂ ਵਾਲੀ ਫਸਲ ਦੇ ਮੁੱਲ ਵਿੱਚ ਪ੍ਰਤੀ ਕੁਇੰਟਲ ਵਿੱਚ 21.25 ਰੁਪਏ ਦੀ ਕਾਟ, 14 ਤੋਂ 16 ਫੀਸਦੀ ਤੱਕ ਪ੍ਰਤੀ ਕੁਇੰਟਲ 26.56 ਰੁਪਏ ਦੀ ਕਾਟ ਜਦਕਿ 16 ਤੋਂ 18 ਫੀਸਦੀ ਤੱਕ ਮੁੱਲ ਵਿਚ ਪ੍ਰਤੀ ਕੁਇੰਟਲ 31.87 ਰੁਪਏ ਕਟੌਤੀ ਦੀ ਸ਼ਰਤ ਥੋਪ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲੇ ਮੁਤਾਬਕ ਕਣਕ ਦੇ 10 ਫੀਸਦੀ ਬਦਰੰਗ ਦਾਣਿਆਂ ਵਿਚ ਮੁੱਲ ਵਿਚ ਕੋਈ ਕਟੌਤੀ ਨਹੀਂ।10 ਫੀਸਦੀ ਤੋਂ 80 ਫੀਸਦੀ ਬਦਰੰਗ ਫਸਲ ਉਤੇ ਪ੍ਰਤੀ ਕੁਇੰਟਲ 5.31 ਰੁਪਏ ਦਾ ਕੱਟ ਲੱਗੇਗਾ।ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਪਹਿਲਾਂ ਹੀ ਸੂਬੇ ਦਾ ਜੀ.ਐਸ.ਟੀ ਅਤੇ ਆਰ.ਡੀ.ਐਫ ਦਾ ਬਣਦਾ ਹਿੱਸਾ ਅਜੇ ਤੱਕ ਜਾਰੀ ਨਹੀਂ ਕੀਤਾ ।
ਮੁੱੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦੇ ਖਰਾਬੇ ਲਈ ਮੁਆਵਜ਼ਾ ਰਾਸ਼ੀ ਵਿਚ 25 ਫੀਸਦੀ ਵਾਧਾ ਕੀਤਾ ਹੈ।ਉਨ੍ਹਾਂ ਕਿਹਾ ਕਿ 75 ਫੀਸਦੀ ਤੋਂ ਵੱਧ ਖਰਾਬੇ ਵਾਲੇ ਕਿਸਾਨਾਂ ਨੂੰ ਸੂਬਾ ਸਰਕਾਰ ਇਸ ਵਾਰ ਪ੍ਰਤੀ ਏਕੜ 15000 ਰੁਪਏ ਦਾ ਮੁਆਵਜ਼ਾ ਦੇਵੇਗੀ।ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਹਰ ਕੀਮਤ ਉਤੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ ਅਤੇ ਵਿਸਾਖੀ ਤੋਂ ਪਹਿਲਾਂ ਖਰਾਬੇ ਦਾ ਮੁਆਵਜ਼ਾ ਵੰਡ ਦਿੱਤਾ ਜਾਵੇਗਾ।

 

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …