ਅੰਮ੍ਰਿਤਸਰ, 15 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਹਿਯੋਗ ਨਾਲ 27 ਸਾਲਾਂ ਬਾਅਦ ਅਮਰੀਕਾ ਦੀ ਧਰਤੀ ਤੋਂ ਆਪਣੇ ਵਤਨ ਪਰਤੇ ਅੰਤਰਰਾਸ਼ਟਰੀ ਮੈਗਜ਼ੀਨ “ਰਾਗ” ਦੇ ਮੁੱਖ ਸੰਪਾਦਕ ਤੇ ਪਰਵਾਸੀ ਸ਼ਾਇਰ ਇੰਦਰਜੀਤ ਸਿੰਘ ਪੁਰੇਵਾਲ ਨਾਲ ਵਿਰਸਾ ਵਿਹਾਰ ਦੇ ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿੱਚ ਸੰਵਾਦ ਰਚਾਇਆ ਗਿਆ।ਇਸ ਭਾਵਪੂਰਤ ਸਮਾਰੋਹ ਦੀ ਪ੍ਰਧਾਨਗੀ ਉਘੇ ਸ਼ਾਇਰ ਨਿਰਮਲ ਅਰਪਣ, ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ, ਮੈਗਜ਼ੀਨ “ਏਕਮ” ਸੰਪਾਦਕ ਅਰਤਿੰਦਰ ਸੰਧੂ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਸਾਂਝੇ ਰੂਪ ਵਿੱਚ ਕੀਤੀ।ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਨ ਕਰਦਿਆਂ ਆਪਣੇ ਗਰਾਂਈ ਇੰਦਰਜੀਤ ਪੁਰੇਵਾਲ ਦੇ ਮੁੱਢਲੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਚਾਨਣਾ ਪਾਇਆ।ਕੇਵਲ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਦੇ ਨਾਲ ਨਾਲ ਪੁਰੇਵਾਲ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।
ਇੰਦਰਜੀਤ ਪੁਰੇਵਾਲ ਨੇ ਆਪਣੇ ਸੰਘਰਸ਼ਮਈ ਜੀਵਨ `ਤੇ ਚਾਨਣਾ ਪਾਉਣ ਦੇ ਨਾਲ-ਨਾਲ ਮੈਗਜ਼ੀਨ ਸ਼ੁਰੂ ਕਰਨ ‘ਤੇ ਲੇਖਕਾਂ ਦੇ ਮਾਣ ਸਨਮਾਨ ਕਰਨ ਦੇ ਮਨੋਰਥ ਸਬੰਧੀ ਦੱਸਦਿਆਂ ਕਿਹਾ ਇਸ ਨਾਲ ਉਸ ਨੂੰ ਅੰਦਰੂਨੀ ਖੁਸ਼ੀ ਮਿਲਦੀ ਹੈ ਅਤੇ ਉਹ ਆਪਣੇ ਸਮਾਜ ਨੂੰ ਕੁੱਝ ਦੇਣਾ ਚਾਹੁੰਦਾ ਹੈ।ਡਾ. ਬਲਜੀਤ ਰਿਆੜ ਨੇ ਕਿਹਾ ਕਿ ਹਰ ਬੰਦਾ ਨਿੱਜ ਬਾਰੇ ਸੋਚਦਾ ਹੈ, ਪਰ ਪੁਰੇਵਾਲ ਉਹ ਹਸਤੀ ਹੈ ਜੋ ਮਾਂ ਬੋਲੀ ਤੇ ਪੰਜਾਬੀ ਸਾਹਿਤ ਬਾਰੇ ਚਿੰਤਨਸ਼ੀਲ ਹੋਣ ਦੇ ਨਾਲ ਮਿਆਰੀ ਮੈਗਜ਼ਨ ਪ੍ਕਾਸ਼ਿਤ ਕਰਨ ਲਈ ਵੀ ਵਚਨਬੱਧ ਹੈ।
ਨਿਰਮਲ ਅਰਪਣ ਨੇ ਕਿਹਾ ਕਿ ਮੈਗਜ਼ੀਨ ਕੱਢਣਾ ਕੰਡਿਆਂ ਤੇ ਤੁਰਨ ਨਾਲੋਂ ਘੱਟ ਨਹੀਂ ਹੈ, ਪਰ ਇਸਦੇ ਬਾਵਜ਼ੂਦ ਪੁਰੇਵਾਲ ਨੇ ਪੂਰੀ ਦ੍ਰਿ੍ੜਤਾ ਨਾਲ ਇਹ ਪੰਧ ਤੈਅ ਕੀਤਾ ਹੈ ਤੇ ਕਰ ਰਿਹਾ ਹੈ।ਇਸ ਲਈ ਉਹ ਵਧਾਈ ਦਾ ਹੱਕਦਾਰ ਹੈ।ਮੈਗਜ਼ੀਨ “ਏਕਮ” ਸੰਪਾਦਕ ਅਰਤਿੰਦਰ ਸੰਧੂ ਤੇ “ਸਤਰੰਗੀ” ਦੇ ਸੰਪਾਦਕ ਜਸਬੀਰ ਸਿੰਘ ਝਬਾਲ ਨੇ ਮੈਗਜ਼ੀਨ ਕੱਢਣ ਮੌਕੇ ਆਉਂਦੀਆਂ ਔਕੜਾਂ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਖੱਟੇ ਮਿੱਠੇ ਤਜ਼ੱਰਬੇ ਵੀ ਸਾਂਝੇ ਕੀਤੇ। ਮਨਮੋਹਨ ਸਿੰਘ ਬਾਸਰਕੇ, ਨਿਰੰਜਣ ਸਿੰਘ ਗਿੱਲ, ਭੁਪਿੰਦਰ ਸਿੰਘ ਸੰਧੂ, ਰੀਵਾ ਦਰਿਆ, ਕਮਲ ਗਿੱਲ, ਕੁਲਦੀਪ ਸਿੰਘ ਦਰਾਜ਼ਕੇ ਨੇ ਵੀ ਰਾਗ ਨਾਲ ਜੁੜੇ ਵੱਖ ਵੱਖ ਪਹਿਲੂਆਂ ਬਾਰੇ ਗੱਲਾਂ ਕੀਤੀਆਂ।ਸਤਨਾਮ ਸਿੰਘ ਜੱਸੜ ਤੇ ਗੁਰਵੇਲ ਕੋਹਾਲਵੀ ਵਲੋਂ ਆਪਣੀਆਂ ਪੁਸਤਕਾਂ ਪੁਰੇਵਾਲ ਨੂੰ ਭੇਟ ਕੀਤੀਆਂ ਗਈਆਂ।
ਕਹਾਣੀਕਾਰ ਯੁਧਬੀਰ ਸਿੰਘ ਔਲਖ, ਜਸਵਿੰਦਰ ਸਿੰਘ ਵੜੈਚ, ਪਰਗਟ ਸਿੰਘ ਮਾਹਲ, ਪ੍ਰੋ. ਗੁਰਬੀਰ ਸਿੰਘ ਬਰਾੜ, ਡਾ. ਬੀ.ਐਸ ਭੰਗੂ, ਅਸ਼ਵਨੀ ਸ਼ਰਮਾ, ਮੀਤ, ਜੋਬਨਰੂਪ ਛੀਨਾ, ਸਤਨਾਮ ਸਿੰਘ ਮੂਦਲ, ਗੁਰਮੀਤ ਸਿੰਘ ਕੋਹਾਲੀ, ਰਾਜਖੁਸ਼ਵੰਤ ਸਿੰਘ ਸੰਧੂ, ਨਰਿੰਦਰ ਕੁਮਾਰ ਸ਼ਰਮਾ ਆਦਿ ਨੇ ਵੀ ਸ਼ਮੂਲੀਅਤ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …