Monday, December 4, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਥੀਏਟਰ ਫੈਸਟੀਵਲ ਸੰਪਨ

ਨਾਟਕ ਖੱਡ, ਸੰਮਾਂ ਵਾਲੀ ਡਾਂਗ, ਲਵ ਜੰਕਸ਼ਨ, ਅਫਸਾਨਾ ਤੇ ਕਹਾਣੀ ਵਾਲੀ ਅੰਮ੍ਰਿਤਾ ਨੇ ਮੋਹਿਆ ਮਨ
ਅੰਮ੍ਰਿਤਸਰ, 2 ਮਈ (ਸੁਖਬੀਰਬ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਥੀਏਟਰ ਫੈਸਟੀਵਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟਰੋਇਮ ‘ਚ ਸੰਪਨ ਹੋਇਆ।ਯੂਨੀਵਰਸਿਟੀ ਦੇ ਥੀਏਟਰ ਫੈਸਟੀਵਲ ਦਾ ਆਯੋਜਨ ਯੂਨੀਵਰਸਿਟੀ ਦੇ ਡਰਾਮਾ ਕਲੱਬ ਵਲੋਂ ਆਵਾਜ਼ ਰੰਗਮੰਚ ਟੋਲੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ।
ਪੰਜ ਦਿਨਾਂ ਦੌਰਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ; ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਐਨ.ਐਸ.ਡੀ ਗ੍ਰੈਜੂਏਟ ਡਾ. ਰਜਿੰਦਰ ਸਿੰਘ ਅਤੇ ਮੈਡਮ ਅਮਿਤਾ ਸ਼ਰਮਾ, ਅਰਵਿੰਦਰ ਚਮਕ ਸਕੱਤਰ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਅਤੇ ਮੈਡਮ ਜਹਾਨਜ਼ੇਬ ਅਖਤਰ ਆਈ.ਆਰ.ਐਸ ਸ਼ਾਮਿਲ ਸਨ।ਪ੍ਰੋ. ਐਸ.ਐਸ ਬਹਿਲ ਡੀਨ ਅਕਾਦਮਿਕ ਮਾਮਲੇ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਦਿਆਰਥੀ ਭਲਾਈ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਭਾਗ ਲਿਆ।
ਪਹਿਲੇ ਦਿਨ ਯੂਨੀਵਰਸਿਟੀ ਦੇ ਡਰਾਮਾ ਕਲੱਬ ਵਲੋਂ ਕੰਵਲ ਰੰਧੇਅ ਦੀ ਨਿਰਦੇਸ਼ਨਾ ਹੇਠ ਨਾਟਕ `ਖੱਡ` ਦਾ ਮੰਚਨ ਕੀਤਾ ਗਿਆ।ਨਾਟਕ ਵਿਚ ਬਚਨਪਾਲ ਸਿੰਘ ਅਤੇ ਰਵਿੰਦਰ ਕੌਰ ਨੇ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾਈ। ਨਾਟਕ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਹਰਸ਼, ਖੁਸ਼ਨਸੀਬ, ਖਹਿਸ਼ਪ੍ਰੀਤ ਕੌਰ, ਕਮਲਜੀਤ ਸਿੰਘ, ਦਿਵਿਆਂਸ਼ੀ ਕੌਸ਼ਲ, ਅੰਮ੍ਰਿਤਬੀਰਪਾਲ ਕੌਰ, ਕਮਲਪ੍ਰੀਤ ਕੌਰ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ। ਨਵਨੀਤ ਰੰਧੇਅ ਅਤੇ ਨਵਦੀਪ ਸਿੰਘ ਨੇ ਲਾਈਟ ਤੇ ਸਾਊਂਡ ਪ੍ਰਬੰਧਨ ਕੀਤਾ।ਇਹ ਨਾਟਕ ਮਨੁੱਖੀ ਮਨ ਅਤੇ ਆਦਤਨ ਵਾਸਨਾ ਸਬੰਧੀ ਸਮੱਸਿਆਵਾਂ ਦਾ ਹਾਸੋਹੀਣਾ ਨਾਟਕੀਕਰਨ ਸੀ।ਅਦਾਕਾਰੀ ਮੰਚ ਮੁਹਾਲੀ ਵੱਲੋਂ ਦੂਜੇ ਦਿਨ ਕਿਸਾਨ ਨੂੰ ਰੋਜ਼ਾਨਾ ਜੀਵਨ ਵਿੱਚ ਦਰਪੇਸ਼ ਚੁਣੌਤੀਆਂ ਅਤੇ ਸਮਾਜ ਦੀ ਉਨ੍ਹਾਂ ਬਾਰੇ ਸਮਝ ’ਤੇ ਆਧਾਰਿਤ ਨਾਟਕ ‘ਸੰਮਾਂ ਵਾਲੀ ਡਾਂਗ’ ਪੇਸ਼ ਕੀਤਾ ਗਿਆ। ਨਾਟਕ ਦੇ ਡਾਇਰੈਕਟਰ ਡਾ. ਸਾਹਿਬ ਸਿੰਘ ਨੇ ਆਪਣੇ ਭਾਵਪੂਰਤ ਸੰਦੇਸ਼ ਨਾਲ ਦਿਲ ਨੂੰ ਛੂਹ ਲੈਣ ਵਾਲੇ ਪਲ ਪੇਸ਼ ਕੀਤੇ। ਨਾਟਕ ਸਮਾਜ ਨੂੰ ਉਹਨਾਂ ਦੀਆਂ ਵਿਹਾਰਕ ਪ੍ਰਵਿਰਤੀਆਂ ਨੂੰ ਬਦਲਣ ਲਈ ਪ੍ਰੇਰਿਤ ਕਰਦਾ ਹੈ।ਤੀਜੇ ਦਿਨ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਨਾਟਕ ‘ਕਹਾਣੀ ਵਾਲੀ ਅੰਮ੍ਰਿਤਾ’ ਦੀ ਸਫ਼ਲਤਾਪੂਰਵਕ ਪੇਸ਼ਕਾਰੀ ਕੀਤੀ ਗਈ।ਇਹ ਨਾਟਕ ਅੰਮ੍ਰਿਤਾ ਪ੍ਰੀਤਮ ਦੀਆਂ ਚਾਰ ਕਹਾਣੀਆਂ ਛਮਕ ਚੱਲੋ, ਕਰਮਾਂ ਵਾਲੀ, ਜੰਗਲੀ ਬੂਟੀ ਅਤੇ ਇਕ ਹਾਉਕਾ ‘ਤੇ ਆਧਾਰਿਤ ਸੀ।ਨਾਟਕ ਵਿੱਚ ਔਰਤਾਂ ਦੇ ਦਰਦ, ਭਾਵਨਾਵਾਂ, ਸਵੈ-ਮਾਣ, ਜਜ਼ਬਾਤਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀਆਂ ਲਿਖੀਆਂ ਕਹਾਣੀਆਂ ਨੂੰ ਕੰਵਲ ਰੰਧੇਅ ਨੇ ਨਾਟਕੀ ਰੂਪ ਦਿੱਤਾ ਅਤੇ ਨਿਰਦੇਸ਼ਨ ਨਵਨੀਤ ਰੰਧੇਅ ਨੇ ਕੀਤਾ।ਚੌਥੇ ਦਿਨ ਹਿੰਦੀ ਨਾਟਕ ‘ਅਫ਼ਸਾਨਾ’ ਪੇਸ਼ ਕੀਤਾ ਗਿਆ।ਇਹ ਨਾਟਕ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ `ਤੇ ਅਧਾਰਿਤ ਸੀ ਜੋ ਵੰਡ ਦੌਰਾਨ ਲੋਕਾਂ ਦੇ ਦੁੱਖਾਂ ਨੂੰ ਦਰਸਾਉਂਦੀ ਸੀ।ਇਹ ਨਾਟਕ ਖ਼ਾਲਸਾ ਕਾਲਜ ਰੰਗਮੰਚ ਅੰਮ੍ਰਿਤਸਰ ਵੱਲੋਂ ਪੇਸ਼ ਕੀਤਾ ਗਿਆ। ਪੰਜਵੇਂ ਦਿਨ ਯੂਨੀਵਰਸਿਟੀ ਦੇ ਡਰਾਮਾ ਕਲੱਬ ਵਲੋਂ ਹਿੰਦੀ ਨਾਟਕ ‘ਲਵ ਜੰਕਸ਼ਨ’ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਇਹ ਨਾਟਕ ਸਕੂਲੀ ਜੀਵਨ ਦੇ ਪਿਆਰ ਅਤੇ ਜ਼ਿੰਦਗੀ ਤੋਂ ਅੱਗੇ ਦੋ ਪ੍ਰੇਮੀਆਂ ਦੇ ਇਕ ਦੂਜੇ ਦੇ ਜੀਵਨ ਰਾਹ `ਤੇ ਆਧਾਰਿਤ ਸੀ।
ਡਰਾਮਾ ਕਲੱਬ ਦੇ ਕਨਵੀਨਰ ਹਰਪ੍ਰੀਤ ਸਿੰਘ ਨੇ ਇਸ ਥੀਏਟਰ ਫੈਸਟੀਵਲ ਵਿੱਚ ਸਪਾਂਸਰਸ਼ਿਪ ਅਤੇ ਪ੍ਰਬੰਧਨ ਸਬੰਧੀ ਅਹਿਮ ਯੋਗਦਾਨ ਪਾਉਣ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ।ਡਾ. ਸੁਨੀਲ ਕੁਮਾਰ, ਪ੍ਰੋਫੈਸਰ ਇੰਚਾਰਜ਼ ਡਰਾਮਾ ਕਲੱਬ ਨੇ ਹਾਲ ਵਿੱਚ ਮੌਜੂਦ ਪਤਵੰਤਿਆਂ ਦਾ ਧੰਨਵਾਦ ਕੀਤਾ।ਡਾ. ਦੀਪਿਕਾ ਸਰਾਫ਼, ਸਹਾਇਕ ਪ੍ਰੋਫ਼ੈਸਰ ਅਤੇ ਮੈਂਟਰ, ਫੋਟੋਗ੍ਰਾਫੀ ਕਲੱਬ ਨੂੰ ਵੀ ਉਨ੍ਹਾਂ ਯਤਨਾਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

 

Check Also

ਤਿੰਨ ਰਾਜਾਂ ‘ਚ ਭਾਜਪਾ ਦੀ ਵੱਡੀ ਜਿੱਤ ਦੀ ਖੁਸ਼ੀ ‘ਚ ਵੰਡੇ ਲੱਡੂ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ)- ਭਾਜਪਾ ਆਗੂਆਂ ਵਲੋਂ ਰਾਜਸਥਾਨ, ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਭਾਜਪਾ …