ਅੰਮ੍ਰਿਤਸਰ ਜਿਲ੍ਹੇ ਦੇ 743 ਪਿੰਡਾਂ ਵਿੱਚ ਛੇਤੀ ਸ਼ੁਰੂ ਹੋਵੇਗਾ ਡਰੋਨ ਸਰਵੇ
ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਸਵੈ ਮਿੱਤਵਾ ਤਹਿਤ ਲਾਲ ਲਕੀਰ ਦੇ ਘੇਰੇ ਅੰਦਰ ਰਹਿੰਦੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ, ਜਿਸ ਨਾਲ ਉਹ ਇਸ ਮਕਾਨ ਅੱਗੇ ਤਬਦੀਲ, ਵੇਚ ਜਾਂ ਕਰਜ਼ਾ ਆਦਿ ਵਗੈਰਾ ਲੈ ਸਕਣਗੇ।ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਕਮ ਮਿਸ਼ਨ ਡਾਇਰੈਕਟਰ ਸਵੈ ਮਿੱਤਵਾ ਕੇਸ਼ਵਹਿੰਗੋਨੀਆ ਨੇ ਅੱਜ ਅੰਮ੍ਰਿਤਸਰ ਵਿੱਚ ਐਸ.ਡੀ.ਐਮ, ਜਿਲ੍ਹਾ ਮਾਲ ਅਧਿਕਾਰੀ, ਤਹਿਸੀਲਦਾਰ, ਡੀ.ਡੀ.ਪੀ.ਓ, ਨਾਇਬ ਤਹਿਸਾਲਦਾਰਾਂ, ਬੀ.ਡੀ.ਪੀ.ਓ ਨਾਲ ਇਸ ਵਿਸ਼ੇ ‘ਤੇ ਵਿਸਥਾਰ ‘ਚ ਮੀਟਿੰਗ ਕਰਦੇ ਦੱਸਿਆ ਕਿ ਮੇਰਾ ਘਰ ਮੇਰੇ ਨਾਮ ਪ੍ਰੋਗਰਾਮ ਤਹਿਤ ਸਰਕਾਰ ਉਨਾਂ ਸਾਰੇ ਲੋਕਾਂ ਨੂੰ ਮਾਲਕੀ ਦਾ ਕਾਨੂੰਨੀ ਹੱਕ ਦੇਣ ਜਾ ਰਹੀ ਹੈ, ਜੋ ਕਿ ਕਈ ਵਰ੍ਹਿਆਂ ਤੋਂ ਉਕਤ ਘਰਾਂ ਵਿਚ ਲਾਲ ਲਕੀਰ ਦੇ ਘੇਰੇ ਅੰਦਰ ਰਹਿ ਰਹੇ ਹਨ, ਪਰ ਮਾਲ ਵਿਭਾਗ ਕੋਲ ਉਨਾਂ ਦਾ ਕੋਈ ਰਿਕਾਰਡ ਨਾ ਹੋਣ ਕਾਰਨ ਅਜਿਹੇ ਪਲਾਟਾਂ ਜਾਂ ਘਰਾਂ ਨੂੰ ਕਿਸੇ ਵੀ ਵਿੱਤੀ ਲੈਣ ਦੇਣ ਲਈ ਨਹੀਂ ਵਰਤਿਆ ਜਾ ਸਕਦਾ।ਉਨਾਂ ਕਿਹਾ ਕਿ ਇਸ ਲਈ ਅੰਮ੍ਰਿਤਸਰ ਜਿਲ੍ਹੇ ਦੇ 743 ਪਿੰਡਾਂ ਦਾ ਸਰਵੈ ਡਰੋਨ ਦੀ ਸਹਾਇਤਾ ਨਾਲ ਕੀਤਾ ਜਾਵੇਗਾ, ਜੋ ਕਿ ਅਗਲੇ ਕੁੱੱਝ ਦਿਨਾਂ ‘ਚ ਸ਼ੁਰੂ ਹੋ ਜਾਵੇਗਾ। ਇਸ ਸਰਵੇ ਮਗਰੋਂ ਪਿੰਡ ਪੱਧਰ ‘ਤੇ ਤਾਇਨਾਤ ਕੀਤਾ ਗਿਆ ਅਧਿਕਾਰੀ, ਜਿਸ ਵਿਚ ਪਟਵਾਰੀ ਜਾਂ ਪੰਚਾਇਤ ਸਕੱਤਰ ਹੋ ਸਕਦਾ ਹੈ, ਉਹ ਘਰ-ਘਰ ਜਾ ਕੇ ਉਕਤ ਘਰਾਂ ਦੀ ਮਾਲਕੀ ਵੇਖੇਗਾ ਤੇ ਰਜਿਸਟਰ ਵਿੱਚ ਦਰਜ਼ ਕਰੇਗਾ।ਇਸ ਮਗਰੋਂ ਜੋ ਰਿਪੋਰਟ ਤਿਆਰ ਹੋਵੇਗੀ, ਉਸ ਨੂੰ ਪੰਚਾਇਤ ਘਰ ਵਿੱਚ ਨੋਟਿਸ ਬੋਰਡ ‘ਤੇ ਲਗਾਇਆ ਜਾਵੇਗਾ।ਜੇਕਰ ਕਿਸੇ ਵਿਅਕਤੀ ਨੂੰ ਇਸ ਰਿਪੋਰਟ ’ਤੇ ਕੋਈ ਇਤਰਾਜ਼ ਹੋਵੇਗਾ ਤਾਂ ਉਹ ਲਿਖਤੀ ਤੌਰ ‘ਤੇ ਸਬੰਧਤ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਕੋਲ ਇਤਰਾਜ਼ ਦਰਜ਼ ਕਰਵਾਏਗਾ।ਅਧਿਕਾਰੀ ਇਸ ਇਤਰਾਜ਼ ‘ਤੇ ਕਾਰਵਾਈ ਕਰਕੇ ਸੋਧ ਕਰਨਗੇ।ਇਸ ਮਗਰੋਂ ਉਕਤ ਮਾਲਕਾਂ ਨੂੰ ਮਾਲਕੀ ਦਾ ਕਾਨੂੰਨੀ ਹੱਕ ਦੇ ਦਿੱਤਾ ਜਾਵੇਗਾ, ਜਿਸ ਨਾਲ ਉਹ ਕਿਸੇ ਬੈਂਕ ਕੋਲ ਕਰਜ਼ਾ ਵਗੈਰਾ ਲੈ ਸਕੇਗਾ ਜਾਂ ਇਸ ਨੂੰ ਆਮ ਪਲਾਟਾਂ ਵਾਂਗਤਹਿਸੀਲ ਵਿਚ ਰਜਿਸਟਰੀ ਕਰ ਸਕੇਗਾ।
ਹਿੰਗੋਨੀਆ ਨੇ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇਸ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਦੇਣ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਮੁੱਢਲੀ ਜਾਣਕਾਰੀ ਮਿਲ ਜਾਵੇ ਤੇ ਉਹ ਇਸ ਕੰਮ ਵਿਚ ਸਰਕਾਰ ਦਾ ਸਹਿਯੋਗ ਕਰਨ।
ਇਸ ਮੌਕੇ ਐਸ,ਡੀ.ਐਮ ਹਰਪ੍ਰੀਤ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਡੀ.ਆਰ.ਓ ਕਿਸ਼ਨ ਕੁਮਾਰ, ਡੀ.ਡੀ.ਪੀ.ਓ ਸ੍ਰੀਮਤੀ ਨਵਦੀਪ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।