Saturday, July 5, 2025
Breaking News

ਆਰਟ ਗੈਲਰੀ ਵਿਖੇ ਨੋਬਲ ਪੁਰਸਕਾਰ ਵਿਜੇਤਾ ਰਾਬਿੰਦਰਨਾਥ ਟੈਗੋਰ ਦਾ 162ਵਾਂ ਜਨਮ ਦਿਨ ਮਨਾਇਆ

ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ ਆਪਣਾ 100 ਸਾਲਾ ਉਤਸਵ ਮਨਾਉਂਦੇ ਹੋਏ ਅੱਜ ਆਰਟ ਗੈਲਰੀ ਵਿਖੇ ਮਹਾਨ ਕਵੀ, ਕਲਾਕਾਰ ਅਤੇ ਨੋਬਲ ਪੁਰਸਕਾਰ ਵਿਜੇਤਾ ਰਾਬਿੰਦਰਨਾਥ ਟੈਗੋਰ ਜੀ ਦਾ 162ਵਾਂ ਜਨਮ ਦਿਨ ਮਨਾਇਆ ਗਿਆ ਅਤੇ ਉਨ੍ਹਾਂ ਦੇ ਬੁੱਤ ਦਾ ਰਸਮੀ ਉਦਘਾਟਨ ਕੀਤਾ ਗਿਆ।
ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਆਰਟ ਗੈਲਰੀ ਰਾਬਿੰਦਰਨਾਥ ਟੈਗੋਰ ਜੀ ਦੇ ਬੁੱਤ ਨੂੰ ਆਪਣੀ ਵਿਰਾਸਤ ਵਿੱਚ ਸ਼ਾਮਿਲ ਕਰਨ ਜਾ ਰਹੀ ਹੈ।ਇਹ ਬੁੱਤ ਆਲ ਇੰਡੀਆ ਆਰਟ ਐਂਡ ਕਰਾਫਟ ਸੋਸਾਇਟੀ ਨਵੀ ਦਿੱਲੀ ਦੇ ਚੇਅਰਮੈਨ ਪਦਮ ਸ਼੍ਰੀ ਪ੍ਰੋਫੈਸਰ ਬਿਮਨ ਬਿਹਾਰੀ ਦਾਸ ਵਲੋਂ ਮੈਟਲ (ਧਾਤ) ਵਿੱਚ ਬਣਾ ਕੇ ਆਰਟ ਗੈਲਰੀ ਨੂੰ ਬਤੌਰ ਉਪਹਾਰ ਭੇਂਟ ਕੀਤਾ ਗਿਆ ਹੈ।
ਉਨ੍ਹਾਂ ਨੇ ਰਾਬਿੰਦਰਨਾਥ ਟੈਗੋਰ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ 9 ਮਈ 1861 ਨੂੰ ਕੋਲਕਾਤਾ ਵਿਖੇ ਦੇਵੇਂਦਰ ਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਦੇ ਘਰ ਵਿੱਚ ਹੋਇਆ।ਰਾਬਿੰਦਰਨਾਥ ਟੈਗੋਰ ਦੁਨੀਆ ਦੇ ਇੱਕੋ-ਇੱਕ ਅਜਿਹੇ ਕਵੀ ਹਨ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਦੋ ਦੇਸ਼ਾਂ ਨੇ ਆਪਣਾ ਰਾਸ਼ਟਰੀ ਗੀਤ ਬਣਾਇਆ ਹੈ, ਭਾਰਤ ਦਾ ਰਾਸ਼ਟਰੀ ਗੀਤ `ਜਨ ਗਣ ਮਨ` ਅਤੇ ਬੰਗਲਾ ਦੇਸ਼ ਦਾ ਰਾਸ਼ਟਰੀ ਗੀਤ `ਅਮਰ ਸੋਨਾਰ ਬੰਗਲਾ` ਟੈਗੋਰ ਜੀ ਦੀਆਂ ਰਚਨਾਵਾਂ ਹਨ।ਉਹ ਨਾ ਸਿਰਫ਼ ਭਾਰਤ ਵਿੱਚ ਸਗੋਂ ਏਸ਼਼ੀਆ ਵਿੱਚ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੂੰ 1913 ਵਿੱਚ ਉਨ੍ਹਾਂ ਦੀ ਰਚਨਾ ਗੀਤਾਂਜਲੀ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
ਬਚਪਨ ਵਿੱਚ ਹਰ ਕੋਈ ਉਨ੍ਹਾਂ ਨੂੰ ਪਿਆਰ ਨਾਲ `ਰਬੀ` ਕਹਿ ਕੇ ਬੁਲਾਉਂਦਾ ਸੀ।ਆਪਣੇ ਸਾਰੇ 13 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਰਾਬਿੰਦਰਨਾਥ ਟੈਗੋਰ ਨੂੰ ਬਚਪਨ ਤੋਂ ਹੀ ਪਰਿਵਾਰ ਵਿੱਚ ਮਿਲੇ ਸਾਹਿਤਕ ਮਾਹੌਲ ਕਾਰਨ ਉਨ੍ਹਾਂ ਨੂੰ ਸਾਹਿਤ ਦਾ ਬਹੁਤ ਸ਼ੌਕ ਸੀ।ਉਨ੍ਹਾਂ ਨੇ ਅੱਠ ਸਾਲ ਦੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਅਤੇ 16 ਸਾਲ ਦੀ ਉਮਰ ਵਿੱਚ `ਭਾਨੁਸਿੰਘ` ਉਪਨਾਮ ਹੇਠ ਆਪਣਾ ਪਹਿਲਾ ਕਵਿਤਾ ਸੰਗ੍ਰਹਿ ਜਾਰੀ ਕੀਤਾ।ਉਹ ਨਾ ਸਿਰਫ਼ ਭਾਰਤ ਵਿੱਚ ਸਗੋਂ ਏਸ਼਼ੀਆ ਵਿੱਚ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੂੰ 1913 ਵਿੱਚ ਉਨ੍ਹਾਂ ਦੀ ਰਚਨਾ ਗੀਤਾਂਜਲੀ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।ਅੱਜ ਵੀ ਰਬਿੰਦਰ ਸੰਗੀਤ ਨੂੰ ਬੰਗਾਲੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ।
ਬੁੱਤ ਦੇ ਰਸਮੀ ਉਦਘਾਟਨ ਮੌਕੇ ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਤੋਂ ਇਲਾਵਾ ਪ੍ਰਧਾਨ ਸ਼ਿਵਦੇਵ ਸਿੰਘ, ਆਨਰੇਰੀ ਜਨਰਲ ਸਕੱਤਰ ਡਾ. ਏ.ਐਸ ਚਮਕ, ਫਾਇਨਾਂਸ ਸਕੱਤਰ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਸੁਭਾਸ਼ ਚੰਦਰ, ਨਰਿੰਦਰਜੀਤ ਸਿੰਘ ਆਰਕੀਟੈਕਟ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬ ਨਾਟਸ਼ਾਲਾ ਤੋਂ ਨਾਟਕਕਾਰ ਜਤਿੰਦਰ ਬਰਾੜ, ਨਰਿੰਦਰ ਨਾਥ ਕਪੂਰ, ਡਾ. ਪਰਮਿੰਦਰ ਸਿੰਘ ਗਰੋਵਰ ਆਦਿ ਨੇ ਪਦਮ ਸ਼੍ਰੀ ਪ੍ਰੋਫੈਸਰ ਬਿਮਨ ਬਿਹਾਰੀ ਦਾਸ ਨੂੰ ਰਾਬਿੰਦਰਨਾਥ ਟੈਗੋਰ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …