Tuesday, October 3, 2023

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵਲੋਂ ਤੀਜ਼ੀ ਬਰਸੀ ‘ਤੇ ਪ੍ਰਭਾਵਸ਼ਾਲੀ ਸਮਾਗਮ

ਪ੍ਰੋ. ਨੌਸ਼ਹਿਰਵੀ ਵਿਅਕਤੀ ਨਹੀਂ ਸਗੋਂ, ਇਕ ਸੰਸਥਾ ਸਨ- ਪੋ. ਪਰਮਿੰਦਰ ਬੈਨੀਪਾਲ

ਸਮਰਾਲਾ, 3 ਜੂਨ (ਇੰਦਰਜੀਤ ਸਿੰਘ ਕੰਗ) – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਉਘੇ ਲੇਖਕ ਸਵ: ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਤੀਜ਼ੀ ਬਰਸੀ ਦੇ ਸਬੰਧ ਵਿੱਚ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ ਅਤੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨਾਲ ਲੰਬੀ ਅਤੇ ਗੂੜੀ ਮਿਤਰਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।ਹਰਬੰਸ ਮਾਲਵਾ ਨੇ ਆਪਣੀਆਂ ਕਾਲਜ ਜੀਵਨ ਮੌਕੇ ਦੀਆਂ ਸਾਂਝਾ ਦਾ ਜ਼ਿਕਰ ਕਰਦਿਆਂ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਮਾਰਕਸਵਾਦੀ ਦ੍ਰਿਸ਼ਟੀ ਅਤੇ ਵਿਦਿਆਰਥੀਆਂ, ਅਧਿਆਪਕਾਂ, ਮਜ਼ਦੂਰਾਂ, ਕਿਸਾਨਾਂ ਲਈ ਕੀਤੇ ਸੰਘਰਸ਼ ਦੀ ਰੱਜਵੀਂ ਪ੍ਰਸੰਸਾ ਕੀਤੀ।ਮਾ. ਤਰਲੋਚਨ ਸਿੰਘ ਨੇ ਆਖਿਆ ਕਿ ਪ੍ਰੋ. ਹਮਦਰਦਵੀਰ ਕਥਨੀ ਤੇ ਕਰਨੀ ਦਾ ਸੁਮੇਲ ਸਨ।ਉਨ੍ਹਾਂ ਨੇ ਲਿਖਿਆ ਹੀ ਨਹੀਂ ਸਗੋਂ ਸਭ ਤੋਂ ਪਹਿਲਾਂ ਆਪ ਅਮਲ ਕੀਤਾ।ਸਿੱਟੇ ਵਜੋਂ ਉਹ ਸਮਾਜ ਲਈ ਇਕ ਚਾਨਣ ਮੁਨਾਰਾ ਬਣੇ।ਮੁੱਖ ਅਧਿਆਪਕ ਮੇਘ ਸਿੰਘ ਜਵੰਦਾ ਨੇ ਆਪਣੇ ਸਕੂਲ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਸੁਰਜੀਤ ਵਿਸ਼ਾਦ ਨੇ ਆਖਿਆ ਕਿ ਪ੍ਰੋ. ਹਮਦਰਦਵੀਰ ਹੋਰ ਕਿਸੇ ਘੱਟ ਲੋੜੀਂਦੀ ਚੀਜ਼ ‘ਤੇ ਖਰਚ ਕਰਨੋ ਬੇਸ਼ੱਕ ਕੰਜੂਸ ਹੋਣ, ਪਰ ਲੋੜਵੰਦਾਂ ਲਈ, ਆਪਣੇ ਸੁਨੇਹੀਆਂ ਤੇ ਵਿਦਿਆਰਥੀਆਂ ਲਈ ਦਿਲ ਖੋਲ੍ਹ ਕੇ ਮਾਲੀ ਸਹਾਇਤਾ ਪ੍ਰਦਾਨ ਕਰਦੇ ਰਹੇ। ਉਹ ਇਕ ਵਧੀਆ ਲੇਖਕ ਹੋਣ ਦੇ ਨਾਲ ਨਾਲ ਨੇਕ ਇਨਸਾਨ ਵੀ ਸਨ।ਦੀਪ ਦਿਲਬਰ ਨੇ ਆਖਿਆ ਕਿ ਪ੍ਰੋ. ਹਮਦਰਦਵੀਰ ਆਪਣੇ ਆਦਰਸ਼ਕ ਜੀਵਨ ਅਤੇ ਰਚੇ ਅਨਮੋਲ ਸਾਹਿਤ ਦੇ ਫਲਸਰੂਪ ਹਮੇਸ਼ਾਂ ਸਾਡੇ ਚੇਤਿਆਂ ਵਿੱਚ ਵੱਸੇ ਰਹਿਣਗੇ। ਪਿ੍ਰੰ.
(ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਆਖਿਆ ਕਿ ਪ੍ਰੋ. ਨੌਸ਼ਹਿਰਵੀ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਸਨ।ਉਨ੍ਹਾਂ ਨੇ ਆਪਣੇ ਨਿੱਗਰ ਜੀਵਨ ਮੁੱਲਾਂ ਅਤੇ ਰਚੇ ਸਾਹਿਤ ਰਾਹੀਂ ਲੋਕ ਚੇਤਨਾ ਉਪਰ ਜੋ ਗਹਿਰਾ ਪ੍ਰਭਾਵ ਪਾਇਆ, ਉਹ ਭਰਪੂਰ ਪ੍ਰਸੰਸਾਯੋਗ ਹੈ।
ਇਸ ਮੌਕੇ ਪਾਸ ਕੀਤੇ ਮਤਿਆਂ ਰਾਹੀਂ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਣ ਸਿੰਘ ਨੂੰ ਗ੍ਰਿਫਤਾਰ ਕਰਕੇ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਦੇਣ ਦੀ ਪੁਰਜ਼ੋਰ ਮੰਗ ਕੀਤੀ।ਦੂਸਰੇ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਵ. ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਬੇਟੀ ਡਾ. ਨਵਸ਼ਰਨ ਕੌਰ ਨਾਲ ਈ.ਡੀ ਵੱਲੋਂ ਅਪਨਾਏ ਦਮਨਕਾਰੀ ਢੰਗ ਤਰੀਕੇ ਤੁਰੰਤ ਬੰਦ ਕੀਤੇ ਜਾਣ ਤਾਂ ਜੋ ਉਹ ਦੱਬੇ ਕੁਚਲੇ ਲੋਕਾਂ ਲਈ ਸੰਘਰਸ਼ ਕਰਦੀ ਰਹੇ।ਤੀਸਰੇ ਮਤੇੇ ਰਾਹੀਂ ਪਿਛਲੇ ਸਮੇਂ ਦੌਰਾਨ ਵਿਛੜੇ ਲੇਖਕਾਂ ਪਿਆਰਾ ਸਿੰਘ ਭੋਗਲ, ਡਿਪਟੀ ਚੰਦ, ਮਿੱਤਲ ਪਾਇਲ, ਕੇਹਰ ਸ਼ਰੀਫ ਜਰਮਨੀ ਅਤੇ ਜਾਵੇਦ ਬੂਟਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਸਾਹਿਤ ਰਚਨਾ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਮੌਕੇ ਕਰਮਜੀਤ ਸਿੰਘ ਆਜ਼ਾਦ, ਇੰਦਰਜੀਤ ਸਿੰਘ ਕੰਗ, ਹਰਮਿੰਦਰ ਸਿੰਘ ਗਿੱਲ ਮਾਛੀਵਾੜਾ, ਜਗੀਰ ਸਿੰਘ ਮਾਛੀਵਾੜਾ, ਮਾ. ਪ੍ਰੇਮ ਨਾਥ, ਜੁਆਲਾ ਸਿੰਘ ਥਿੰਦ ਅਤੇ ਨਵਚੇਤਨ ਵੇਗ ਪੰਨੂ ਨੇ ਵੀ ਵਿਚਾਰ ਚਰਚਾ ਵਿੱਚ ਸਰਗਰਮੀ ਨਾਲ ਭਾਗ ਲਿਆ।ਅੰਤ ‘ਚ ਸਮੁੱਚੀ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …