Friday, November 22, 2024

ਨਗਰ ਨਿਗਮ ਦੇ ਸਿਹਤ ਵਿਭਾਗ ਨੇ ਫੜਿਆ ਸਿੰਗਲ ਯੂਜ਼ ਪਲਾਸਟਿਕ ਦਾ ਭੰਡਾਰ ਸਟਾਕ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਨਿਗਮ ਸਿਹਤ ਵਿਭਾਗ ਦੀ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦਾ ਭੰਡਾਰ ਫੜਿਆ ਹੈ।ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ ਦੀ ਅਗਵਾਈ ਹੇਠ ਚੀਫ਼ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ, ਸੈਨੇਟਰੀ ਇੰਸਪੈਕਟਰ ਗਣੇਸ਼ ਕੁਮਾਰ, ਸੈਨੇਟਰੀ ਸੁਪਰਵਾਈਜ਼ਰ ਅਤੇ ਸੁਪਰਡੈਂਟ ਨੀਰਜ ਭੰਡਾਰੀ ਅਤੇ ਫੀਲਡ ਸਟਾਫ਼ ਦੀ ਟੀਮ ਨੇ ਈਸਟ ਮੋਹਨ ਨਗਰ ਇਲਾਕੇ ਵਿੱਚ ਇੱਕ ਦੁਕਾਨ ਦੇ ਗੋਦਾਮ ਵਿੱਚ ਛਾਪਾ ਮਾਰਿਆ।ਗੋਦਾਮ ਵਿੱਚੋਂ ਵੱਡੀ ਮਾਤਰਾ ਵਿੱਚ ਸਿੰਗਲ-ਯੂਜ਼ ਪਲਾਸਟਿਕ ਦੇ ਗਲਾਸ, ਚਮਚੇ, ਪੈਕਿੰਗ ਬਾਕਸ, ਥਰਮੋਕੋਲ ਕਰਾਕਰੀ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।ਡਾ: ਕਿਰਨ ਕੁਮਾਰ ਨੇ ਦੱਸਿਆ ਕਿ ਇਸ ਦੁਕਾਨ ਦੇ ਗੋਦਾਮ `ਤੇ ਕੁੱਝ ਮਹੀਨੇ ਪਹਿਲਾਂ ਵੀ ਛਾਪਾ ਮਾਰਿਆ ਗਿਆ ਸੀ।ਉਦੋਂ ਵੀ ਇਸ ਦੁਕਾਨ ਤੋਂ ਭਾਰੀ ਮਾਤਰਾ ਵਿੱਚ ਸਾਮਾਨ ਬਰਾਮਦ ਕਰਕੇ ਚਲਾਨ ਜਾਰੀ ਕੀਤਾ ਗਿਆ ਸੀ।ਜਦੋਂ ਦੁਕਾਨਦਾਰ ਨੇ ਨਗਰ ਨਿਗਮ ਦਫ਼ਤਰ ਆ ਕੇ ਚਲਾਨ ਭਰਨਾ ਸ਼ੁਰੂ ਕੀਤਾ ਤਾਂ ਉਸ ਨੂੰ 20 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ।ਫਿਰ ਉਕਤ ਦੁਕਾਨਦਾਰ ਬਿਨਾਂ ਜੁਰਮਾਨਾ ਅਦਾ ਕੀਤੇ ਨਿਗਮ ਦਫ਼ਤਰ ਤੋਂ ਚਲਾ ਗਿਆ।ਡਾ: ਕਿਰਨ ਕੁਮਾਰ ਨੇ ਦੱਸਿਆ ਕਿ ਅੱਜ ਇਸ ਦੁਕਾਨਦਾਰ ਦਾ ਦੂਜਾ ਚਲਾਨ ਕੱਟ ਕੇ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ ਹੈ।ਉਸ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਦੁਕਾਨ ਦੇ ਮਾਲਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾ ਕੇ ਟੀਮ ਨਾਲ ਬਦਸਲੂਕੀ ਕੀਤੀ।ਉਨ੍ਹਾਂ ਕਿਹਾ ਕਿ ਦੁਕਾਨਦਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਬਣੇ ਕਾਨੂੰਨ ਅਤੇ ਐਕਟ ਬਾਰੇ ਸਮਝਾ ਕੇ ਮਾਮਲਾ ਸ਼ਾਂਤ ਕੀਤਾ ਗਿਆ।
ਡਾ: ਕਿਰਨ ਕੁਮਾਰ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੇ ਹੁਕਮਾਂ `ਤੇ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਮੁਹਿੰਮ ਜਾਰੀ ਰਹੇਗੀ।ਉਨ੍ਹਾਂ ਦੱਸਿਆ ਕਿ ਜੁਲਾਈ 2022 ਤੱਕ ਨਗਰ ਨਿਗਮ ਨੇ ਸਿੰਗਲ ਯੂਜ਼ ਪਲਾਸਟਿਕ ਦੇ 705 ਦੇ ਕਰੀਬ ਚਲਾਨ ਕੱਟ ਕੇ ਵੱਡੀ ਪੱਧਰ `ਤੇ ਸਿੰਗਲ ਯੂਜ਼ ਪਲਾਸਟਿਕ ਬਰਾਮਦ ਕੀਤਾ ਹੈ।ਕਾਰਪੋਰੇਸ਼ਨ ਨੇ ਚਲਾਨ ਦੇ ਬਦਲੇ ਕਰੀਬ 2.27 ਲੱਖ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਹੈ।ਜਿਨ੍ਹਾਂ ਦੁਕਾਨਦਾਰਾਂ ਦੇ ਚਲਾਨ ਅਜੇ ਤੱਕ ਅਦਾ ਨਹੀਂ ਕੀਤੇ ਗਏ ਉਨ੍ਹਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ।ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਵਾਰਡ ਵਾਰ ਮੁਹਿੰਮ ਸ਼਼ੁਰੂ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਸਮੂਹ ਸੈਨੇਟਰੀ ਇੰਸਪੈਕਟਰਾਂ, ਸੈਨੇਟਰੀ ਸੁਪਰਵਾਈਜ਼ਰਾਂ ਅਤੇ ਫੀਲਡ ਸਟਾਫ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੁਕਾਨਾਂ ਅਤੇ ਗੋਦਾਮਾਂ `ਤੇ ਸਿੰਗਲ ਯੂਜ਼ ਪਲਾਸਟਿਕ ਪਿਆ ਹੈ, ਇਸ ਸਬੰਧੀ ਸੂਚਨਾ ਮਿਲਦਿਆਂ ਹੀ ਸਿਹਤ ਵਿਭਾਗ ਦੀ ਟੀਮ ਨੇ ਉਥੇ ਛਾਪੇਮਾਰੀ ਕੀਤੀ ਜਾਵੇਗਾ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …