ਅੰਮ੍ਰਿਤਸਰ, 20 ਜੁਲਾਈ (ਦੀਪ ਦਵਿੰਦਰ ਸਿੰਘ) – ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੁਆਰਾ ਸਭਾ ਦੇ ਚੇਅਰਮੈਨ ਗੁਰਵੇਲ ਕੋਹਲਵੀ ਦੀ ਅਗਵਾਈ ‘ਚ ਵਿਰਸਾ ਵਿਹਾਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 51 ਬੱਚਿਆਂ ਨੂੰ ਗੁਰਮੁਖੀ ਦੇ ਵਾਰਿਸ ਬਾਲ ਕਲਾਕਾਰ ਪੁਰਸਕਾਰ ਪ੍ਰਦਾਨ ਕੀਤਾ ਗਿਆ। ਬਾਲ ਕਲਾਕਾਰ ਪੁਰਸਕਾਰ ਦੀ ਚੋਣ ਲਈ ਕਲਾ ਦੇ ਹਰੇਕ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 5 ਤੋਂ 12 ਸਾਲ ਤੱਕ ਦੇ ਬੱਚਿਆਂ ਦੀ ਚੋਣ ਕੀਤੀ ਗਈ ਜਿਸਦੇ ਤਹਿਤ ਬਾਲ ਕਵੀ ਦਰਬਾਰਾਂ ਅਤੇ ਲਾਈਵ ਵੀਡੀਓ ਪ੍ਰਦਰਸ਼ਨ ਦੇ ਆਧਾਰ ਤੇ ਬੱਚਿਆਂ ਦੇ ਕਵਿਤਾ ਉਚਾਰਨ, ਕਵਿਤਾ ਲੇਖਨ, ਗਾਇਨ ਕਲਾ, ਵਾਦਨ ਕਲਾ (ਪ੍ਰਕਸ਼ਨ ਤੇ ਨਾਨ ਪ੍ਰਕਸ਼ਨ), ਮਿਮਿਕਰੀ, ਮੋਨੋ-ਐਕਟਿੰਗ, ਭਾਸ਼ਨ ਕਲਾ ਨਾਚ ਕਲਾ ਅਤੇ ਪੇਂਟਿੰਗ ਮੁਕਾਬਲਿਆਂ ਦੇ ਪੰਜ ਪੜਾਵਾਂ ਵਿੱਚ ਨਿਯੁੱਕਤ ਕੀਤੇ ਗਏ ਜੱਜ ਸਾਹਿਬਾਨ ਦੁਆਰਾ ਬਾਲ ਕਲਾਕਾਰਾਂ ਦੀ ਪੁਰਸਕਾਰ ਲਈ ਚੋਣ ਕੀਤੀ ਗਈ।ਬੱਚਿਆਂ ਨੂੰ ਪੁਰਸਕਾਰ ਪ੍ਰਦਾਨ ਕਰਨ ਲਈ ਸ਼੍ਰੋਮਣੀ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਅਤੇ ਪ੍ਰਸਿੱਧ ਸਾਹਿਤਕਾਰ ਡਾ. ਗੁਰਚਰਨ ਕੌਰ ਕੋਚਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਡਾ. ਸਰਬਜੀਤ ਕੌਰ ਬਰਾੜ, ਡਾ. ਰਾਕੇਸ਼ ਤਿਲਕ ਰਾਜ ਅਤੇ ਰੁਪਿੰਦਰ ਕੌਰ ਸੰਧੂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਡਾ. ਹਰੀ ਸਿੰਘ ਜਾਚਕ ਨੇ ਕਿਹਾ ਕਿ ਸਾਡੇ ਬੱਚੇ ਸਾਡਾ ਭਵਿੱਖ ਹਨ ਤੇ ਭਵਿੱਖ ਨੂੰ ਉਜਲਾ ਕਰਨ ਲਈ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੌਕੇ ਦੇਣਾ ਸਾਡਾ ਫ਼ਰਜ਼ ਹੈ, ਕੋਹਾਲਵੀ ਇਸ ਲਈ ਵਧਾਈ ਦੇ ਪਾਤਰ ਹਨ।ਡਾ. ਗੁਰਚਰਨ ਕੌਰ ਕੋਚਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅੱਜ ਦੇ ਤਕਨੀਕੀ ਦੌਰ ਵਿੱਚ ਬੱਚੇ ਆਪਣੀ ਵਿਰਾਸਤ ਅਤੇ ਕਲਾ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।ਜਿਸ ਲਈ ਚੇਅਰਮੈਨ ਗੁਰਵੇਲ ਕੋਹਾਲਵੀ ਦੀ ਮਿਹਨਤ ਨੂੰ ਸਲਾਮ ਹੈ।ਚੇਅਰਮੈਨ ਗੁਰਵੇਲ ਕੋਹਾਲਵੀ ਨੇ ਕਿਹਾ ਕਿ ਅਸੀਂ ਬਾਲ ਸਾਹਿਤ ਸਿਰਜਣ ਵਿੱਚ ਪੱਛਮੀ ਮੁਲਕਾਂ ਤੋਂ ਬਹੁਤ ਜਿਆਦਾ ਪੱਛੜੇ ਹਾਂ।ਅਜੋਕੇ ਸਾਹਿਤਕਾਰ ਆਪੋ ਆਪਣੇ ਰੋਣੇ-ਧੋਣੇ ਵਿੱਚ ਮਸ਼ਰੂਫ਼ ਹਨ ਬੱਚਿਆਂ ਦੇ ਹਾਣ ਦਾ ਸਾਹਿਤ ਸਿਰਜਣ ਵੱਲ ਕੋਈ ਵੀ ਉਚੇਚ ਨਹੀਂ ਕਰ ਰਿਹਾ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਖਾਉਣ ਦੇ ਨਾਲ ਨਾਲ ਵੱਡਿਆਂ ਨੂੰ ਬੱਚਿਆਂ ਤੋਂ ਸਿੱਖਣਾ ਵੀ ਚਾਹੀਦਾ ਹੈ। ਬੱਚੇ ਸਾਨੂੰ ਮਾਸੂਮੀਅਤ, ਰਿਸ਼ਤਿਆਂ ਦੀ ਪਵਿੱਤਰਤਾ, ਵੈਰ ਰਹਿਤ ਅਤੇ ਈਰਖਾ ਰਹਿਤ ਭਾਵਨਾ ਸਿਖਾਉਂਦੇ ਹਨ।
ਇਸ ਮੌਕੇ ਤੇ ਸੰਸਥਾ ਦੇ ਜਨਰਲ ਸਕੱਤਰ ਡਾ. ਪੂਰਨਿਮਾ ਰਾਏ, ਸੀਨੀ. ਮੀਤ ਪ੍ਰਧਾਨ ਡਾ. ਆਤਮਾ ਸਿੰਘ ਗਿੱਲ, ਪ੍ਰਬੰਧਕੀ ਸਕੱਤਰ ਜਸਵਿੰਦਰ ਕੌਰ ਜੱਸੀ, ਮੀਡੀਆ ਕੋਆਰਡੀਨੇਟਰ ਜਸਵਿੰਦਰ ਜੱਸੀ ਬਟਾਲਾ, ਮੀਡੀਆ ਸਕੱਤਰ ਦੀਪ ਲੁਧਿਆਣਵੀ, ਜਨਰਲ ਸਕੱਤਰ ਵਿਜੇਤਾ ਭਾਰਦਵਾਜ, ਮੰਚ ਸਕੱਤਰ ਸੋਨੀਆ ਭਾਰਤੀ, ਯੂਥ ਕੋਆਰਡੀਨੇਟਰ ਪਰਵਿੰਦਰ ਕੌਰ ਲੋਟੇ, ਸਤਿੰਦਰਜੀਤ ਕੌਰ, ਜਤਿੰਦਰ ਕੌਰ, ਪ੍ਰਵੀਨ ਗਰਗ, ਗੁਰਬਿੰਦਰ ਕੌਰ ਮੋਗਾ ਆਦਿ ਅਦਬੀ ਸ਼ਖ਼ਸੀਅਤਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਯਾਦ ਰਹੇ ਕਿ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੁਆਰਾ ਹੁਣ ਤੱਕ 107 ਕਵੀ ਦਰਬਾਰ ਅਤੇ ਹਫ਼ਤਾਵਾਰੀ ਸਾਹਿਤਕ ਮੈਗਜ਼ੀਨ ਦੇ 70 ਅੰਕ ਸਫਲਤਾਪੂਰਵਕ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਸਾਵਣ ਮਹੀਨੇ ਦਾ ਪਹਿਲਾ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ।ਜਿਸ ਵਿੱਚ 40 ਮਕਬੂਲ ਕਵੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਰੰਗ ਬੰਨ੍ਹਿਆ।
ਅੰਤ ਵਿੱਚ ਕੋਹਾਲ਼ਵੀ ਜੀ ਨੇ ਪੂਰੀ ਟੀਮ ਅਤੇ ਸ਼ਾਮਲ ਸਭ ਬੱਚਿਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਸਭ ਦਾ ਸ਼ੁਕਰੀਆ ਅਦਾ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …