Sunday, June 23, 2024

ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਮੁੰਡਾ ਸਾਊਥਹਾਲ ਦਾ’

 ਪੰਜਾਬੀ ਫ਼ਿਲਮ ‘ਮੁੰਡਾ ਸਾਊਥਹਾਲ ਦਾ’ ਇੱਕ ਖੂਬਸੂਰਤ ਤੇ ਦਿਲਚਸਪ ਵਿਸ਼ੇ ‘ਤੇ ਬਣੀ ਮਨੋਰੰਜਨ ਭਰਪੂਰ ਡਰਾਮਾ ਫ਼ਿਲਮ ਹੈ।ਫ਼ਿਲਮ ਅਜੌਕੀ ਪੀੜੀ ਅਤੇ ਸਮਾਜ ਦੀ ਕਹਾਣੀ ਹੈ, ਜੋ ਖੂਬਸੂਰਤ ਤਰੀਕੇ ਨਾਲ ਕਈ ਮੁੱਦਿਆਂ ‘ਤੇ ਵਿਅੰਗਮਈ ਅੰਦਾਜ਼ ਵਿੱਚ ਕਟਾਕਸ਼ ਕਰਦੀ ਹੈ।ਪੰਜਾਬੀ ਫ਼ਿਲਮ “ਲਾਈਏ ਜੇ ਯਾਰੀਆ” ਜ਼ਰੀਏ ਬਤੌਰ ਨਿਰਦੇਸ਼ਕ ਆਪਣੀ ਸ਼ੁਰੂਆਤ ਕਰਨ ਵਾਲੇ ਨਾਮਵਾਰ ਮਿਊਜ਼ਿਕ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਦੀ ਬਤੌਰ ਫਿਲਮ ਨਿਰਦੇਸ਼ਕ-ਲੇਖਕ ਇਹ ਦੂਜੀ ਪੰਜਾਬੀ ਫਿਲਮ ਹੈ।ਇਸ ਫਿਲਮ ਜ਼ਰੀਏ ਚਰਚਿਤ ਨੌਜਵਾਨ ਗਾਇਕ ਅਰਮਾਨ ਬੇਦਿਲ ਵੀ ਬਤੌਰ ਹੀਰੋ ਫ਼ਿਲਮ ਇੰਡਸਟਰੀ ਵਿੱਚ ਪਲੇਠਾ ਕਦਮ ਰੱਖਣ ਜਾ ਰਹੇ ਹਨ।
ਨਾਮਵਾਰ ਮਾਡਲ ਪ੍ਰੀਤ ਔਜਲਾ ਦੀ ਵੀ ਇਹ ਪਹਿਲੀ ਫ਼ਿਲਮ ਹੋਵੇਗੀ।“ਟੈਨ ਪਲੱਸ ਵੰਨ ਕਰੇਸ਼ਨ”, “ਫ਼ਿਲਮ ਮੈਜ਼ਿਕ” ਅਤੇ ਪਿੰਕ ਪੋਨੀ ਪ੍ਰੋਡਕਸ਼ਨ” ਦੇ ਬੈਨਰ ਹੇਠ ਬਣੀ ਅਤੇ 4 ਅਗਸਤ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋਣ ਜਾ ਰਹੀ ਹੈ ਇਸ ਫ਼ਿਲਮ ਵਿੱਚ ਤੰਨੂ ਗਰੇਵਾਲ, ਪਾਕਿਸਤਾਨੀ ਨਾਮਵਰ ਅਦਾਕਾਰ ਇਫਤਿਆਰ ਠਾਕੁਰ, ਗਾਇਕ ਸਰਬਜੀਤ ਚੀਮਾ, ਗੋਲਡਬੁਆਏ, ਗੁਰਪ੍ਰੀਤ ਭੰਗੂ, ਮਲਕੀਅਤ ਰੌਣੀ ਅਤੇ ਪ੍ਰੀਤੋ ਸਮੇਤ ਕਈ ਚਰਚਿਤ ਅਦਾਕਾਰ ਨਜ਼ਰ ਆਉਣਗੇ।ਫ਼ਿਲਮ ਦੇ ਨਿਰਦੇਸ਼ਕ ਸੁੱਖ ਸੰਘੇੜਾ ਮੁਤਾਬਕ ਦਰਜਨਾਂ ਨਾਮੀ ਕਲਾਕਾਰਾਂ ਦੇ ਸੈਂਕੜੇ ਮਿਊਜ਼ਿਕ ਵੀਡੀਓ ਸ਼ੂਟ ਕਰਨ ਤੋਂ ਬਾਅਦ ਉਹਨਾਂ ਦਾ ਅਗਲਾ ਸੁਪਨਾ ਫ਼ਿਲਮ ਨਿਰਦੇਸ਼ਨ ਵੱਲ ਆਉਣਾ ਸੀ, ਜੋ ਹੁਣ ਇਸ ਫ਼ਿਲਮ ਨਾਲ ਪੂਰਾ ਹੋਣ ਜਾ ਰਿਹਾ ਹੈ।ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਵੀ ਉਹਨਾਂ ਨੇ ਖੁਦ ਹੀ ਲਿਖਿਆ ਹੈ।ਇਸ ਫ਼ਿਲਮ ਵਿੱਚ ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਦੀ ਜ਼ਿੰਦਗੀ, ਵਿਦੇਸ਼ਾਂ ਵਿੱਚ ਪੱਕੇ ਹੋਣ ਲਈ ਵਰਤੇ ਜਾਂਦੇ ਹੱਥਕੰਡਿਆਂ ਦੀ ਕਹਾਣੀ ਬਿਆਨ ਕਰਦੀ ਹੈ।ਕੈਮਰਾਮੈਨ ਸੈਮ ਮੱਲ੍ਹੀ ਵਲੋਂ ਕੈਮਰੇ ‘ਚ ਕੈਦ ਕੀਤੇ ਗਏ ਖ਼ੂਬਸੂਰਤ ਦ੍ਰਿਸ਼ ਵੱਡੀ ਸਕਰੀਨ ‘ਤੇ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰਨਗੇ।ਇਹ ਫ਼ਿਲਮ ਸਾਊਥਾਲ ਵਿੱਚ ਰਹਿੰਦੇ ਇੱਕ ਨੌਜਵਾਨ ਵਿਦਿਆਰਥੀ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੋਈ ਜਿੰਦਗੀ ਦੇ ਵੱਖ-ਵੱਖ ਰੰਗਾਂ ਦੀ ਬਾਤ ਪਾਉਂਦੀ ਹੈ।ਨਿਰਦੇਸ਼ਕ ਮੁਤਾਬਿਕ ਇਹ ਫਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ, ਇਹ ਦੀ ਕਹਾਣੀ ਜ਼ਿੰਦਗੀ ਦੀ ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਹੋਈ ਹੈ। ਆਪਣੀ ਗਾਇਕੀ ਨਾਲ ਹਰਦਿਲ ਅਜ਼ੀਜ਼ ਬਣੇ ਗਾਇਕ ਅਰਮਾਨ ਬੇਦਿਲ ਮੁਤਾਬਿਕ ਇਹ ਫ਼ਿਲਮ ਉਸ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਵੇਗੀ।ਇਸ ਫ਼ਿਲਮ ਵਿੱਚ ਉਸ ਨੇ ਅਰਜੁਨ ਨਾਂ ਦੇ ਉਸ ਨੌਜਵਾਨ ਦੀ ਮੁੱਖ ਭੁਮਿਕਾ ਨਿਭਾਈ ਹੈ, ਜੋ ਸਾਊਥਹਾਲ ਵਿੱਚ ਪੜ੍ਹਾਈ ਕਰ ਰਿਹਾ ਹੈ ਅਤੇ ਫੁੱਟਬਾਲ ਦਾ ਖਿਡਾਰੀ ਹੈ।ਉਸ ਦਾ ਮਕਸਦ ਫੁੱਟਬਾਲ ਦੇ ਵੱਡੇ ਮੈਚਾਂ ਵਿੱਚ ਹਿੱਸਾ ਲੈਣਾ ਹੈ।ਉਸ ਦੀ ਜ਼ਿੰਦਗੀ ਵਿੱਚ ਉਸ ਵੇਲੇ ਬਦਲਾਅ ਆਉਂਦਾ ਹੈ, ਜਦੋਂ ਅਚਾਨਕ ਉਸਦੀ ਮੁਲਾਕਾਤ ਫਿਲਮ ਦੀ ਨਾਇਕਾ ਰਾਵੀ ਨਾਲ ਹੁੰਦੀ ਹੈ।ਅਰਜੁਨ ਰਾਵੀ ਨਾਲ ਮੁਹੱਬਤ ਕਰਨ ਲੱਗਦਾ ਹੈ, ਪਰ ਇਹ ਮੁਹੱਬਤ ਉਸ ਦੀ ਜ਼ਿੰਦਗੀ ਨੂੰ ਇੱਕ ਵੱਖਰੀ ਦੁਨੀਆ ਵਿੱਚ ਲੈ ਜਾਂਦੀ ਹੈ।ਰਾਵੀ ਦਾ ਅਰਜਨ ਨੂੰ ਅਚਾਨਕ ਛੱਡਣਾ ਫ਼ਿਲਮ ਵਿੱਚ ਵੱਡਾ ਮੋੜ ਲੈ ਕੇ ਆਉਂਦਾ ਹੈ।ਅਰਮਾਨ ਮੁਤਾਬਕ ਦਰਸ਼ਕਾਂ ਨੂੰ ਇਹ ਕਿਰਦਾਰ ਬੇਹੱਦ ਪਸੰਦ ਆਵੇਗਾ।ਗਿੱਪੀ ਗਰੇਵਾਲ ਦੀ ਫ਼ਿਲਮ “ਯਾਰ ਮੇਰਾ ਤਿੱਤਲੀਆਂ ਵਰਗਾ” ਜ਼ਰੀਏ ਚਰਚਾ ਵਿੱਚ ਆਈ ਤੰਨੂ ਗਰੇਵਾਲ ਇਸ ਫ਼ਿਲਮ ਵਿੱਚ ਰਾਵੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।ਰਾਵੀ ਫ਼ਿਲਮ ਵਿੱਚ ਉਹਨਾਂ ਕੁੜੀਆਂ ਦੀ ਗੱਲ ਕਰੇਗੀ।ਜਿਨ੍ਹਾਂ ਨੂੰ ਪਰਿਵਾਰ ਦੇ ਦਬਾਅ ਕਾਰਨ ਕਈ ਅਜਿਹੇ ਫੈਸਲੇ ਕਰਨੇ ਪੈਂਦੇ ਹਨ, ਜੋ ਉਹਨਾਂ ਲਈ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ।ਕੱਚੇ-ਪੱਕੇ ਵਿਆਹਾਂ ਅਤੇ ਇਮੀਗੇਸ਼ਨ ਲਈ ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਗੱਲ ਕਰਦੀ ਇਸ ਫ਼ਿਲਮ ਜ਼ਰੀਏ ਉਸ ਨੇ ਪਹਿਲੀ ਵਾਰ ਇਸ ਕਿਸਮ ਦਾ ਦਮਦਾਰ ਤੇ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ ਹੈ।ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਹੈ।ਫ਼ਿਲਮ ਦੇ ਗੀਤ ਹਰਮਨਜੀਤ, ਰਾਜ ਰਣਜੋਧ, ਨਵੀਂ ਫਿਰੋਜਪੁਰੀਆ ਤੇ ਕਪਤਾਨ ਨੇ ਲਿਖੇ ਹਨ।ਇਹਨਾਂ ਗੀਤਾਂ ਨੂੰ ਆਵਾਜ਼ ਪ੍ਰੇਮ ਢਿੱਲੋਂ, ਅਰਮਾਨ ਬੇਦਿਲ, ਕਪਤਾਨ ਅਤੇ ਰਾਜ ਰਣਜੋਧ ਨੇ ਦਿੱਤੀ ਹੈ।ਫ਼ਿਲਮ ਦਾ ਸੰਗੀਤ ਗੋਲਡ ਬੁਆਏ, ਰਾਜ ਰਣਜੋਧ, ਗੌਰਵ ਦੇਵ, ਕਾਰਤਿਵ ਦੇਵ ਤੇ ਓ.ਪੀ.ਆਈ ਮਿਊਜ਼ਿਕ ਨੇ ਤਿਆਰ ਕੀਤਾ ਹੈ।ਆਮ ਫਿਲਮਾਂ ਨਾਲੋਂ ਬਿਲਕੁੱਲ ਵੱਖਰੇ ਕਿਸਮ ਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱੱਟੀ ‘ਤੇ ਖਰਾ ਉਤਰੇਗੀਇਹ ਗੱਲ ਫ਼ਿਲਮ ਦੇ ਟ੍ਰੇਲਰ ਨੇ ਸਾਬਤ ਕਰ ਦਿੱਤੀ ਹੈ।0108202302

ਜਿੰਦ ਜਵੰਦਾ
ਮੋ – 9779591482

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …