Sunday, September 8, 2024

ਆਈ ਫਲੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਲੋੜ – ਸਿਵਲ ਸਰਜਨ

ਮਾਸ ਮੀਡੀਆ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਰੀ

ਸੰਗਰੂਰ, 4 ਅਗਸਤ (ਜਗਸੀਰ ਲੌਂਗੋਵਾਲ) – ਇਨ੍ਹੀ ਦਿਨੀ ‘ਆਈ ਫਲੂ’ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਲੋਕ ਹਿੱਤ ਵਿੱਚ ਲੋੜੀਂਦੀਆਂ ਸਾਵਧਾਨੀਆਂ ਬਾਰੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਨੂੰ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਹਦਾਇਤ ਕਰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਅਹਿਤਿਆਤੀ ਤੌਰ ’ਤੇ ਕਦਮ ਚੁੱਕੇ ਜਾਣ ਦੀ ਲੋੜ ਹੈ।
ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਵਿਭਾਗੀ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਇਸ ਮੌਸਮ ਵਿੱਚ ਆਮ ਤੌਰ ‘ਤੇ ਅੱਖਾਂ ਵਿੱਚ ਇੰਫੈਕਸ਼ਨ ਦੇ ਕੇਸ ਜਿਆਦਾ ਪਾਏ ਜਾਂਦੇ ਹਨ।ਜਿਸ ਸਬੰਧੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।ਉਨ੍ਹਾਂ ਨੇ ਕਿਹਾ ਕਿ ਅੱਖਾਂ ਦੇ ਫਲੂ ਜਿਸ ਨੂੰ ਕੰਜਕਟੀਵਾਇਟਸ ਵੀ ਕਿਹਾ ਜਾਂਦਾ ਹੈ, ਪ੍ਰਤੀ ਸੁਚੇਤ ਹੋਣਾ ਜਰੂਰੀ ਹੈ।ਉਹਨਾਂ ਕਿਹਾ ਕਿ ਅੱਖਾਂ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇੰਨਫੈਕਸ਼ਨ ਨਾਲ ਆਈ ਲਾਲੀ ਲਾਗ ਦੀ ਬਿਮਾਰੀ ਦੀ ਨਿਸ਼ਾਨੀ ਹੈ, ਜਿਸ ਨੂੰ ਫਲੂ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅੱਖਾਂ ਦੇ ਫਲੂ ਦੇ ਲੱਛਣਾਂ ਵਿੱਚ ਅੱਖਾਂ ਵਿੱਚ ਖੁਜ਼ਲੀ, ਅੱਖਾਂ ਦਾ ਲਾਲ ਹੋਣਾ, ਪਲਕਾਂ ਵਿੱਚ ਸੋਜ਼ ਅਤੇ ਲਾਗ ਵਾਲੀ ਅੱਖ ਵਿੱਚੋਂ ਪਾਣੀ ਆਉਣਾ ਵੀ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਇੱਕ ਵਾਇਰਲ ਲਾਗ ਹੈ ਅਤੇ ਇੱਕ ਹਫ਼ਤੇ ਤੱਕ ਰਹਿੰਦੀ ਹੈ।ਇਕ ਇਨਫੈਕਟਿਡ ਵਿਅਕਤੀ ਤੋਂ ਦੂਜੇ ਨੂੰ ਅਤੇ ਵਰਤੇ ਗਏ ਸਮਾਨ ਜਿਵੇਂ ਦਰਵਾਜੇ ਦੇ ਹੈਂਡਲ, ਟੇਬਲ, ਪੇਨ ਆਦਿ ਚੀਜਾਂ ਰਾਹੀਂ ਫੈਲਦਾ ਹੈ।ਉਹਨਾਂ ਕਿਹਾ ਕਿ ਸੰਕਰਮਿਤ ਵਿਅਕਤੀਆਂ ਦੇ ਤੌਲੀਏ, ਬਿਸਤਰੇ ਦੀਆਂ ਚਾਦਰਾਂ ਅਤੇ ਹੋਰ ਕੱਪੜੇ ਵੱਖ ਕੀਤੇ ਜਾਣੇ ਚਾਹੀਦੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਿਮਾਰੀ ਫੈਲਣ ਤੋਂ ਰੋਕਣ ਲਈ ਨਿਯਮਤ ਤੌਰ ‘ਤੇ ਹੱਥ ਧੋਣੇ ਚਾਹੀਦੇ ਹਨ।
ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ ਅਤੇ ਬੀ.ਈ.ਈ ਹਰਪ੍ਰੀਤ ਕੌਰ, ਯਾਦਵਿੰਦਰ, ਹਰਦੀਪ ਕੁਮਾਰ, ਨਰਿੰਦਰ ਪਾਲ ਸਿੰਘ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …