ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵਲੋਂ ਐਨ.ਆਈ.ਆਰ.ਸੀ.ਦੀ ਆਈ.ਸੀ.ਏ.ਆਈ. ਅੰਮ੍ਰਿਤਸਰ ਬਰਾਂਚ ਦੇ ਸਹਿਯੋਗ ਨਾਲ ‘ਕੈਰੀਅਰ ਕਾਉਂਸਲਿੰਗ’ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਆਯੋਜਿਤ ਉਕਤ ਪ੍ਰੋਗਰਾਮ ’ਚ ਯੂ.ਜੀ ਅਤੇ ਪੀ.ਜੀ ਦੇ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰੋਗਰਾਮ ਚੇਅਰਮੈਨ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰੋਗਰਾਮ ਡਾਇਰੈਕਟਰ ਡਾ. ਏ.ਕੇ ਕਾਹਲੋਂ ਨੇ ਚਾਰਟਰਡ ਅਕਾਊਂਟੈਂਟ ਸ੍ਰੀਮਤੀ ਤ੍ਰਿਵੇਣੀ ਸਹਿਗਲ ਦਾ ਰਿਸੋਰਸ ਪਰਸਨ ਵਜੋਂ ਸ਼ਿਰਕਤ ਕਰਨ ’ਤੇ ਸਵਾਗਤ ਕੀਤਾ।ਪ੍ਰੋਗਰਾਮ ਕੋ-ਆਰਡੀਨੇਟਰ ਡਾ. ਅਜੈ ਸਹਿਗਲ ਨੇ ਪ੍ਰੋਗਰਾਮ ਦੇ ਉਦੇਸ਼ ਨੂੰ ਉਜਾਗਰ ਕਰਦਿਆਂ ਕਿਹਾ ਕਿ ਕੈਰੀਅਰ ਕਾਉਂਸਲਿੰਗ ਦਾ ਮੁੱਢਲਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੁਨਰਾਂ, ਰੁਚੀਆਂ ਅਤੇ ਇੱਛਾਵਾਂ ਨੂੰ ਢੁੱਕਵੇਂ ਕਰੀਅਰ ਵਿਕਲਪਾਂ ਨਾਲ ਜੋੜਨ ’ਚ ਸਹਾਇਤਾ ਕਰਨਾ ਹੈ।
ਸ੍ਰੀਮਤੀ ਸਹਿਗਲ ਨੇ ਚਾਰਟਰਡ ਅਕਾਊਂਟੈਂਟ ਵਜੋਂ ਕਾਮਰਸ ਦੇ ਵਿਦਿਆਰਥੀਆਂ ਲਈ ਉਪਲੱਬਧ ਕੈਰੀਅਰ ਦੇ ਭਰਪੂਰ ਮੌਕਿਆਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਚਾਰਟਰਡ ਅਕਾਊਂਟੈਂਟ ਹੀ ਇਕ ਅਜਿਹਾ ਪੇਸ਼ਾ ਹੈ ਜੋ ਛੋਟੀ ਉਮਰ ’ਚ ਹੀ ਪੈਸਾ, ਵੱਕਾਰ ਅਤੇ ਰੁਤਬਾ ਦਿੰਦਾ ਹੈ।ਇਹ ਕਿੱਤਾ ਮੁੱਖ ਤੌਰ ’ਤੇ ਟੈਕਸੇਸ਼ਨ, ਲੇਖਾਕਾਰੀ ਅਤੇ ਕਿਸੇ ਵੀ ਕਾਰੋਬਾਰ ਨਾਲ ਸਬੰਧਿਤ ਹੋਰ ਵਪਾਰਿਕ ਮਾਮਲਿਆਂ ਦਾ ਧਿਆਨ ਰੱਖਦਾ ਹੈ।ਉਨ੍ਹਾਂ ਕਿਹਾ ਕਿ ਚਾਰਟਰਡ ਅਕਾਊਂਟੈਂਸੀ ਦੀਆਂ ਕੁੱਝ ਨੌਕਰੀਆਂ ’ਚ ਮੁੱਖ ਤੌਰ ’ਤੇ ਆਮਦਨ ਟੈਕਸ ਰਿਟਰਨ ਨੂੰ ਸੰਭਾਲਣਾ, ਵਿੱਤੀ ਰਿਕਾਰਡਾਂ ਦੀ ਸਮੀਖਿਆ ਕਰਨਾ, ਵਿੱਤੀ ਰਿਪੋਰਟਾਂ ਤਿਆਰ ਕਰਨਾ, ਕਿਸੇ ਸੰਸਥਾ ਦੇ ਵਿੱਤੀ ਅਭਿਆਸਾਂ ਦਾ ਆਡਿਟ ਕਰਨਾ, ਕਿਸੇ ਵਿਅਕਤੀ ਜਾਂ ਵਪਾਰਿਕ ਫਰਮ ਨੂੰ ਵਿੱਤੀ ਸਲਾਹ ਪ੍ਰਦਾਨ ਕਰਨਾ, ਆਦਿ ਸ਼ਾਮਿਲ ਹਨ। ਇਸ ਲਈ ਕਿਸੇ ਵੀ ਫਰਮ ਦਾ ਇਕ ਚਾਰਟਰਡ ਅਕਾਊਂਟੈਂਟ ਨੂੰ ਨਿਯੁੱਕਤ ਕਰਨ ਦਾ ਮੁੱਖ ਉਦੇਸ਼ ਉਨ੍ਹਾਂ ਦੇ ਵਿੱਤ ਲਈ ਗਲਤੀਆਂ ਅਤੇ ਖਤਰਿਆਂ ਨੂੰ ਘੱਟ ਕਰਨਾ ਅਤੇ ਮੁਨਾਫ਼ਾ ਕਮਾਉਣ ਦੀਆਂ ਸੰਭਾਵਨਾਵਾਂ ਨੂੰ ਵੱਧ ਤੋਂ ਵੱਧ ਕਰਨਾ ਹੈ।
ਡਾ. ਕਾਹਲੋਂ ਨੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਾਮਰਸ ਦੇ ਵਿਦਿਆਰਥੀਆਂ ਲਈ ਕਰੀਅਰ ਦੇ ਅਥਾਹ ਮੌਕੇ ਹਨ।ਡਾ. ਮਹਿਲ ਸਿੰਘ ਨੇ ਕਿਹਾ ਕਿ ‘ਜਦੋਂ ਤੁਸੀਂ ਖ਼ੁਦ ’ਚ ਆਤਮਵਿਸ਼ਵਾਸ ਪੈਦਾ ਕਰਦੇ ਹੋ ਤਾਂ ਸੁਪਨੇ ਸਾਕਾਰ ਹੁੰਦੇ ਹਨ’।ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਰਛਪਾਲ ਸਿੰਘ, ਡਾ. ਨਿਧੀ ਸਭਰਵਾਲ, ਪ੍ਰੋ. ਮੀਨੂੰ ਚੋਪੜਾ, ਪ੍ਰੋ. ਰੀਮਾ ਸਚਦੇਵਾ, ਡਾ. ਸਾਕਸ਼ੀ ਸ਼ਰਮਾ, ਡਾ. ਮਨੀਸ਼ਾ ਬਹਿਲ, ਪ੍ਰੋ. ਪੂਜਾ ਪੁਰੀ, ਡਾ. ਸਾਮੀਆ, ਪ੍ਰੋ. ਸੁਖਜਿੰਦਰ ਕੌਰ, ਡਾ. ਅਮਰਬੀਰ ਸਿੰਘ ਭੱਲਾ, ਪ੍ਰੋ. ਅਮਨਜੋਤ ਕੌਰ, ਡਾ. ਮਨਦੀਪ ਕੌਰ, ਪ੍ਰੋ. ਰਾਧਿਕਾ ਮਰਵਾਹਾ, ਪ੍ਰੋ. ਸੁਰੂਚੀ, ਡਾ. ਆਂਚਲ ਅਰੋੜਾ, ਪ੍ਰੋ. ਤੁਸ਼ਾਰ ਬੱਤਰਾ, ਪ੍ਰੋ. ਸ਼ੀਤਲ ਗੁਪਤਾ, ਡਾ. ਹਰਪ੍ਰੀਤ ਸ਼ਿਵਾਲੀ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …