Sunday, January 26, 2025

ਗੁਰਦੁਆਰਾ ਸੱਚਖੰਡ ਬੋਰਡ ਦੇ ਦਸ਼ਮੇਸ਼ ਹਸਪਤਾਲ ‘ਚ ਮਿਲਣਗੀਆਂ ਵਧੀਆ ਸੇਵਾਵਾਂ – ਡਾ. ਵਿਜੈ ਸਤਬੀਰ ਸਿੰਘ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਸ਼ਾਸ਼ਕ ਡਾ. ਵਿਜੇ ਸਤਬੀਰ ਸਿੰਘ ਬਾਠ (ਸਾਬਕਾ ਆਈ.ਏ.ਐਸ) ਨੇ ਗੁਰਦੁਆਰਾ ਪ੍ਰਬੰਧ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਠਾਨ ਸਿੰਘ ਬੁੰਗਈ ਅਤੇ ਸਮੂਹ ਸਹਾਇਕ ਸੁਪਰਡੈਂਟਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ।ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਜਿੰਮੇਵਾਰੀ ਤੇ ਸੇਵਾ ਭਾਵ ਨਾਲ ਗੁਰੂ ਘਰ ਵਿੱਚ ਸੇਵਾਵਾਂ ਨਿਭਾਉਣ ਲਈ ਸਖਤ ਹਦਾਇਤਾਂ ਕੀਤੀਆਂ ਅਤੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਦੀ ਸੂਰਤ ਵਿੱਚ ਸੰਬੰਧਤ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ।
ਆਪਣੀ ਇਸ ਫੇਰੀ ਦੌਰਾਨ ਡਾ. ਵਿਜੇ ਸਤਬੀਰ ਸਿੰਘ ਨੇ ਬਿਰਧ ਆਸ਼ਰਮ, ਦਸਮੇਸ਼ ਹਸਪਤਾਲ, ਸੱਚਖੰਡ ਪਬਲਿਕ ਸਕੂਲ ਤੇ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀਆਂ ਮਲਕੀਅਤ ਖੁੱਲ੍ਹੀਆਂ ਪਈਆ ਜ਼ਮੀਨਾਂ ਦਾ ਮੁਆਇਨਾ ਕੀਤਾ।ਉਨ੍ਹਾਂ ਨੇ ਦੱਸਿਆ ਕਿ ਯਾਤਰੂਆਂ ਦੀ ਸਹੂਲਤ ਲਈ ਮਹਾਰਾਜਾ ਰਣਜੀਤ ਸਿੰਘ ਨਿਵਾਸ ਦੇ ਸਥਾਨ ‘ਤੇ ਇੱਕ ਆਲੀਸ਼ਾਨ ਯਾਤਰੀ ਨਿਵਾਸ ਬਣਾਉਣ ਦਾ ਫੈਸਲਾ ਲਿਆ ਗਿਆ ਹੈ।ਜਿਸ ਦਾ ਕੰਮ ਬਹੁਤ ਹੀ ਜਲਦ ਸ਼਼ੁਰੂ ਹੋਣ ਜਾ ਰਿਹਾ ਹੈ।ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਧ ਆਸ਼ਰਮ ‘ਚ ਰਹਿ ਰਹੇ ਬਜੁਰਗਾਂ ਦਾ ਹਾਲ-ਚਾਲ ਜਾਣਿਆ ਅਤੇ ਬਜ਼ੁਰਗਾਂ ਦੀ ਮੰਗ ‘ਤੇ ਬਿਰਧ ਆਸ਼ਰਮ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਖੋਲਣ ਦਾ ਐਲਾਨ ਕੀਤਾ।ਜਿਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾਵਾਂ ਦੇ ਅਖਬਾਰ ਅਤੇ ਮੈਗਜ਼ੀਨ ਮੁਹੱਈਆ ਕੀਤੇ ਜਾਣਗੇ।
ਗੁਰਦੁਆਰਾ ਬੋਰਡ ਵਲੋਂ ਚਲਾਏ ਜਾ ਰਹੇ ਦਸਮੇਸ਼ ਹਸਪਤਾਲ ਵਿੱਚ ਜਿਥੇ ਕਿ ਰੋਜ਼ਾਨਾ ਓ.ਪੀ.ਡੀ ਤੇ ਡਾਇਲਸਸ ਸੈਂਟਰ ਚਲਾਇਆ ਜਾ ਰਿਹਾ ਹੈ, ਉਥੇ ਕਿਡਨੀ ਪੀੜ੍ਹਤ ਲੋੜਵੰਦਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਦੋ ਹੋਰ ਡਾਇਲਸਸ ਯੂਨਿਟ ਲਗਾਏ ਜਾ ਰਹੇ ਹਨ।ਬਿਲਡਿੰਗ ਦੀ ਪਹਿਲੀ ਮੰਜ਼ਿਲ `ਤੇ ਮਰੀਜਾਂ ਲਈ 20 ਬੈਡ ਦਾ ਹਸਪਤਾਲ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਦੰਦਾਂ ਦੇ ਇਲਾਜ਼ ਲਈ ਫੌਰੀ ਤੌਰ ‘ਤੇ ਇੱਕ ਡੈਂਟਲ ਡਾਕਟਰ ਦੀ ਨਿਯੁਕੱਤੀ ਕੀਤੀ ਜਾ ਰਹੀ ਹੈ ਅਤੇ ਇਸਦੇ ਨਾਲ ਅੱਖਾਂ, ਦਿਲ, ਹੱਡੀਆਂ, ਕਿਡਨੀ ਅਤੇ ਇਸਤਰੀ ਰੋਗਾਂ ਲਈ ਮਾਹਿਰ ਡਾਕਟਰਾਂ ਦੀਆਂ ਵਿਜ਼ਟ ਬੇਸ ‘ਤੇ ਸੇਵਾਵਾਂ ਵੀ ਲਈਆਂ ਜਾਣਗੀਆਂ।ਇਸ ਨਾਲ ਹਜ਼ੂਰੀ ਸੰਗਤ ਤੇ ਬਾਹਰ ਤੋਂ ਆਉਣ ਵਾਲੇ ਜਰੂਰਤਮੰਦ ਯਾਤਰੂਆਂ ਨੂੰ ਵੱਡਾ ਲਾਭ ਹੋਵੇਗਾ।ਸ੍ਰੀ ਹਜ਼ੂਰ ਸਾਹਿਬ ਦੇ ਨੌਜਵਾਨਾਂ ਅਤੇ ਵੱਖ ਵੱਖ ਕੰਪੀਟੀਸ਼ਨਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਸ੍ਰੀ ਹਜ਼ਰ ਸਾਹਿਬ ਲਾਇਬ੍ਰੇਰੀ ਵਿਖੇ ਇੱਕ ਡਿਜ਼ੀਟਲ ਲਾਇਬ੍ਰੇਰੀ ਬਣਾਈ ਜਾਵੇਗੀ।ਇਸ ਸਮੇਂ ਰਵਿੰਦਰ ਸਿੰਘ ਬੁੰਗਈ ਸਾਬਕਾ ਸਕੱਤਰ ਤੇ ਠਾਨ ਸਿੰਘ ਬੁੰਗਈ ਸੁਪਰਡੈਂਟ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …