Saturday, December 21, 2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ

ਗੁ. ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸ ਇਤਿਹਾਸਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਮਾਗਮ ਕੀਤੇ ਗਏ।ਜਿਥੇ ਬੀਤੇ ਕਈ ਦਿਨਾਂ ਤੋਂ ਸ੍ਰੀ ਅੰਮ੍ਰਿਤਸਰ ਸ਼ਹਿਰ ਅੰਦਰ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਚਲਾਈ ਗਈ, ਉਥੇ ਹੀ ਅੱਜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰਿਆਂ, ਨਿਸ਼ਾਨਚੀ ਤੇ ਨਗਾਰਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਅਤੇ ਸੰਗਤਾਂ ਪੁੱਜੀਆਂ ਹੋਈਆਂ ਸਨ।
ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਇਸ਼ਟ ਹਨ ਅਤੇ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਪਾਵਨ ਗੁਰਬਾਣੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਜੀਵਨ ਬਤੀਤ ਕਰੇ। ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਪਣੇ ਹੱਥੀਂ ਸੰਨ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਕੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ।ਇਸੇ ਦਿਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਸੇਵਾ ਸੰਭਾਲ ਦੀਆਂ ਸੇਵਾਵਾਂ ਦਿੱਤੀਆਂ, ਜਿਸ ਨਾਲ ਗ੍ਰੰਥੀ ਪ੍ਰੰਪਰਾ ਦੀ ਆਰੰਭਤਾ ਵੀ ਹੋਈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਵੱਡੀ ਗਿਣਤੀ ਸੰਗਤਾਂ ਇਕੱਤਰ ਹੁੰਦੀਆਂ ਹਨ ਅਤੇ ਆਪਣੇ ਇਸਟ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ ਹਨ। ਉਨ੍ਹਾਂ ਸੰਗਤਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਢਾਲ ਕੇ ਗੁਰਮਤਿ ਰਹਿਣੀ ਅਨੁਸਾਰ ਜੀਵਨ ਬਤੀਤ ਕਰਨ।
ਨਗਰ ਕੀਰਤਨ ਸਮੇਂ ਸਿੱਖ ਨੌਜੁਆਨਾਂ ਵੱਲੋਂ ਗਤਕਾ ਪ੍ਰਦਰਸ਼ਨ ਦੇ ਨਾਲ-ਨਾਲ ਸ਼ਬਦੀ ਜਥਿਆਂ ਨੇ ਸ਼ਬਦ ਗਾਇਨ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ।ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਬਚਨ ਸਿੰਘ ਕਰਮੂੰਵਾਲਾ, ਗੁਰਮੀਤ ਸਿੰਘ ਬੂਹ, ਨਵਤੇਜ ਸਿੰਘ ਕਾਉਣੀ, ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਫੈਡਰੇਸ਼ਨ ਆਗੂ ਅਮਰਬੀਰ ਸਿੰਘ ਢੋਟ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ,  ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ, ਮੈਨੇਜਰ ਬਘੇਲ ਸਿੰਘ ਸਮੇਤ ਵੱਖ-ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਸੰਗਤਾਂ ਨੇ ਹਾਜ਼ਰੀ ਭਰੀ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …