Tuesday, October 3, 2023

ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਦੇ 94ਵੇਂ ਜਨਮ ਦਿਵਸ ਮੌਕੇ ਵਿਰਸਾ ਵਿਹਾਰ ਵਿਖੇ ਕਰਵਾਇਆ ਸੈਮੀਨਾਰ

ਮੋਮਬੱਤੀ ਮਾਰਚ ਕੱਢ ਕੇ ਭਾਅ ਜੀ ਦੇ ਘਰ ਨੂੰ ਯਾਦਗਾਰ ਤੇ ਵਿਰਾਸਤ ਵਜੋਂ ਸੰਭਾਲਣ ਦਾ ਲਿਆ ਅਹਿਦ
ਅੰਮ੍ਰਿਤਸਰ, 16 ਸਤੰਬਰ (ਦੀਪ ਦਵਿੰਦਰ ਸਿੰਘ) -ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰ ਟਰੱਸਟ, ਮੰਚ ਰੰਗਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵਲੋਂ ਲੋਕ ਨਾਟਕਕਾਰ, ਲੇਖਕ ਤੇ ਨਿਰਦੇਸ਼ਕ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ 94 ਵੇਂ ਜਨਮ ਦਿਨ ’ਤੇ ‘ਸਾਡੇ ਸਮਿਆਂ ਵਿੱਚ : ਸਮੂਹਿਕ ਪ੍ਰਤੀਰੋਧ ਸਿਰਜਣ ਵਿੱਚ ਲੋਕ ਸਭਿਆਚਾਰ ਦੀ ਭੂਮਿਕਾ’ ’ਤੇ ਇਕ ਰਾਸ਼ਟਰ ਪੱਧਰੀ ਸੈਮੀਨਾਰ, ਗੀਤ ਸੰਗੀਤ ਅਤੇ ਨਾਟਕ ਸਮਾਗਮ ਕਰਵਾਇਆ ਗਿਆ।ਉਹਨਾਂ ਨੂੰ ਵਲੋਂ ਲੋਕ ਪੱਖੀ ਸਭਿਆਚਾਰ ਤੇ ਸਮਾਜਿਕ ਬਰਾਬਰੀ ਲਈ ਪਾਏ ਵਡਮੁੱਲੇ ਯੋਗਦਾਨ ਲਈ ਵਿਰਸਾ ਵਿਹਾਰ ਵਿਖੇ ਕਲਾਕਾਰਾਂ, ਲੇਖਕਾਂ, ਵਿਦਿਆਰਥੀਆਂ ਤੇ ਕਿਸਾਨ ਮਜ਼ਦੂਰਾਂ ਵਲੋਂ ਸਾਂਝੇ ਤੌਰ ’ਤੇ ਯਾਦ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਉਹਨਾਂ ਨੂੰ ਸਦੀ ਦਾ ਵੱਡਾ ਨਾਟਕਕਾਰ ਤੇ ਲੋਕਾਂ ਦੀ ਨਬਜ਼ ਪਹਿਚਾਨਣ ਵਾਲਾ ਮਨੋਵਿਗਿਆਨੀ ਕਰਾਰ ਦਿੱਤਾ ਗਿਆ। ਸਭ ਨੂੰ ਜੀ ਆਇਆ ਨੂੰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਤੇ ਉਹਨਾਂ ਨਾਲ ਸਾਂਝਾ ਦਾ ਭਰਵਾਂ ਜ਼ਿਕਰ ਕੀਤਾ।
ਵਿਰਸਾ ਵਿਹਾਰ ਵਿਖੇ ਵੱਡੇ ਇਕੱਠ ਨਾਲ ਭਰੇ ਹਾਲ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰਸਿੱਧ ਲੇਖਕ ਹਰਸ਼ ਮੰਦਰ ਨੇ ਕਿਹਾ ਕਿ ਸਿਆਸਤ ਰਾਹੀਂ ਲੋਕਾਂ ਤੇ ਕਬਜ਼ਾ ਕਰਨ ਦੀ ਨੀਯਤ ਨਾਲ ਧਰਮ ਨੂੰ ਉਭਾਰ ਕੇ ਲੋਕਾਂ ਨੂੰ ਪੰਜ ਹਜ਼ਾਰ ਸਾਲ ਪਿਛੇ ਵੱਲ ਧੱਕਿਆ ਜਾ ਰਿਹਾ ਹੈ, ਤੇ ਉਹਨਾਂ ਵਲੋਂ ਸਿਹਤ ਤੇ ਸਿੱਖਿਆ ਵਿਚੋਂ ਰਿਆਇਤਾਂ ਵਾਪਸ ਲਈਆਂ ਜਾ ਰਹੀਆ ਹਨ।ਉਹਨਾਂ ਵਿਦਿਆਰਥੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਹਰ ਜੁਲਮ ਦੇ ਖਿਲਾਫ਼ ਲੜਨਾ ਸਮੇਂ ਦੀ ਮੁੱਖ ਲੋੜ ਹੈ।ਪਲਸ ਮੰਚ ਦੇ ਪ੍ਰਧਾਨ ਕਾਮਰੇਡ ਅਮੋਲਕ ਸਿੰਘ ਨੇ ਕਿਹਾ ਕਿ ਹੁਣ ਵੇਲਾ ਹੈ ਕਿ ਰੰਗਕਰਮੀ ਲੋਕਾਂ ਕੋਲ ਜਾਣ ਤੇ ਉਹਨਾਂ ਦੀਆਂ ਲੋੜਾ ਥੋੜਾਂ ਦਾ ਪ੍ਰਚਮ ਲਹਿਰਾਉਣ।ਉਹਨਾਂ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਲੋਕਾਂ ਦਾ ਸੂਹਾ ਸੂਰਜ ਸਨ, ਜੋ ਕਦੇ ਅਸਤ ਨਹੀਂ ਹੋਵੇਗਾ।ਉਸ ਮਹਾਨ ਲੋਕ ਪੱਖੀ ਰੰਗਕਰਮੀ ਦੇ ਰਾਹਾਂ ਨੂੰ ਸਾਂਭਣਾ ਸਾਡੀ ਵੱਡੀ ਜਿੰਮੇਵਾਰੀ ਹੈ।ਭਾਅ ਜੀ ਗੁਰਸ਼ਰਨ ਸਿੰਘ ਦੀ ਸੋਚ ਦੀ ਦ੍ਰਿਸ਼ਟੀ ਮਾਨਵਤਾ ਭਰੀ ਸੀ ਤੇ ਉਹ ਲੋਕਾਂ ਦੇ ਗਮਾਂ, ਦੁੱਖ ਦਰਦਾਂ ਨੂੰ ਚੰਗੀ ਤਰ੍ਹਾ ਭਾਂਪ ਲੈਂਦੇ ਸੀ।ਸ਼੍ਰੋਮਣੀ ਅਦਾਕਾਰਾ ਜਤਿੰਦਰ ਕੌਰ ਨੇ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਕਿਹਾ ਕਰਦੇ ਸਨ ਕਿ ਭਾਵੇਂ ਮਨੁੱਖ ਚੰਦਰਮਾ ‘ਤੇ ਪੁੱਜ ਜਾਵੇ, ਪਰ ਉਸ ਨੂੰ ਫੁੱਟ ਪਾਥਾਂ ‘ਤੇ ਖੜੇ ਲੋਕਾਂ ਵੱਲ ਜ਼ਰੂਰ ਵੇਖਣਾ ਚਾਹੀਦਾ ਹੈ।
ਡਾ. ਪਰਮਿੰਦਰ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਫਾਸ਼ੀਵਾਦੀ ਲਹਿਰਾਂ ਖਿਲਾਫ਼ ਲੜਨ ਵਾਲੇ ਚੋਟੀ ਦੇ ਨਾਟਕਕਾਰਾਂ, ਲੇਖਕਾਂ, ਕਲਾਕਾਰਾਂ ਤੇ ਸ਼ਖਸ਼ੀਅਤਾਂ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਦਾ ਨਾਮ ਉਤਮ ਹੈ।ਸੋ ਸਾਨੂੰ ਉਨਾਂ ਦੀ ਵਿਚਾਰਧਾਰਾ ਦੀ ਵਿਰਾਸਤ ਤੇ ਨਿੱਜੀ ਵਿਰਾਸਤ ਦੀ ਰਾਖੀ ਲਈ ਦੇਸ਼ ਪੱਧਰੀ ਲਹਿਰ ਵਲੋਂ ਉਸਾਰਨੀ ਚਾਹੀਦੀ ਹੈ। ਉਹਨਾਂ ਨੇ ਇਕ ਮਤਾ ਪੇਸ਼ ਕਰਕੇ ਸਰੋਤਿਆਂ ਕੋਲੋਂ ਮੰਗ ਕੀਤੀ ਕਿ ਭਾਅ ਜੀ ਦੇ ਅੰਮ੍ਰਿਤਸਰ ਵਾਲੇ ਘਰ ਨੂੰ ਯਾਦਗਾਰ ਵਜੋਂ ਸੰਭਾਲਣ ਲਈ ਲਹਿਰ ਚਲਾਈ ਜਾਵੇਗੀ।ਜੇਕਰ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਠੋਸ ਕਾਰਵਾਈ ਨਾ ਕੀਤੀ ਤਾਂ ਕਲਾਕਾਰਾਂ, ਬੁੱਧਜੀਵੀਆਂ ਤੇ ਸਮੂਹ ਜਨਤਕ ਜਥੇਬੰਦੀਆਂ ਵਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਮਤੇ ਨੂੰ ਹਾਜ਼ਰੀਨ ਵਲੋਂ ਭਰਵੀਂ ਹਮਾਇਤ ਦਿੱਤੀ।ਭਾਅ ਜੀ ਦੀ ਬੇਟੀ ਡਾ. ਅਰੀਤ ਕੌਰ, ਡਾ. ਨਵਸ਼ਰਨ, ਅਨੀਤਾ ਸ਼ਬਦੀਸ਼, ਪਡਿੰਤ ਕ੍ਰਿਸ਼ਨ ਦਵੇਸਰ, ਕੁਲਵੰਤ ਸਿੰਘ, ਕੁਲਜੀਤ ਵੇਰਕਾ, ਅਨੀਤਾ ਦੇਵਗਨ, ਰਮੇਸ਼ ਯਾਦਵ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਤੋਂ ਪਹਿਲਾਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਨਾਇਕ’ ਪੇਸ਼ ਕੀਤਾ ਗਿਆ।ਬਾਅਦ ਵਿੱਚ ਬਰਤੋਲਤ ਬ੍ਰੈਖਤ ਦੇ ਪ੍ਰਸਿੱਧ ਨਾਟਕ ‘ਦਾ ਕਾਕੇਸ਼ੀਅਨ ਚਾਕ ਸਰਕਲ’ ਦੀ ਪੰਜਾਬੀ ਵਿੱਚ ਨਾਟ ਪੇਸ਼ਕਾਰੀ (ਪੰਜਾਬੀ ਰੂਪ-ਅਮਿਤੋਜ ਵਲੋਂ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ) ਪੰਜਾਬੀ ਨਾਟਕ ‘ਮਿੱਟੀ ਨਾ ਹੋਵੇ ਮਤਰੇਈ’ ਦਾ ਮੰਚਣ ਕੀਤਾ ਗਿਆ।ਨਾਟਕ ਤੋਂ ਬਾਅਦ ਭਾਅ ਜੀ ਗੁਰਸ਼ਰਨ ਸਿੰਘ ਦੇ ਜ਼ੱਦੀ ਘਰ ਵਿਖੇ ਮੋਮਬਤੀਆਂ ਜਗਾ ਕੇ ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਨਾਟ ਪ੍ਰੇਮੀਆਂ ਵਲੋਂ ਸ਼ਰਧਾਂਜਲੀ ਦਿੱਤੀ ਗਈ ਤੇ ਘਰ ਨੂੰ ਯਾਦਗਾਰ ਵਜੋਂ ਸੰਭਾਲਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਡਾ: ਹਿਰਦੇਪਾਲ ਸਿੰਘ, ਸ਼ਬਦੀਸ਼, ਪ੍ਰੋ. ਅਤੁਲ ਕੁਮਾਰ, ਸੁਮੀਤ ਸਿੰਘ, ਇਕੱਤਰ ਸਿੰਘ ਮੁਹਾਲੀ, ਪਵਨਦੀਪ, ਗੁਲਸ਼ਨ ਸ਼ਰਮਾ, ਹਰਿੰਦਰ ਸੋਹਲ, ਗੁਰਤੇਜ ਮਾਨ, ਯਸ਼ਪਾਲ ਝਬਾਲ, ਜੇ.ਐਸ ਜੱਸ ਸਮੇਤ ਵੱਡੀ ਗਿਣਤੀ ‘ਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੈਂਬਰ, ਕਲਾਕਾਰ, ਨਾਟ ਪ੍ਰੇਮੀ ਤੇ ਲੇਖਕ ਹਾਜ਼ਰ ਸਨ।

 

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …