Saturday, July 27, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਧੀਆਂ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਵਧਾਇਆ ਮਾਣ

ਨਿਸ਼ਾਨੇਬਾਜ਼ਾਂ ਨੇ ਏਸ਼ੀਆਈ ਖੇਡਾਂ ‘ਚ ਭਾਰਤ ਨੂੰ 2 ਗੋਲਡ, 2 ਸਿਲਵਰ ਅਤੇ 1 ਕਾਂਸੀ ਦਾ ਤਗਮਾ ਦਿਵਾਇਆ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਚੀਨ ਦੇ ਸ਼ਹਿਰ ਹੀਂਗਾਜ਼ੂ ਵਿਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖਿਡਾਰਨਾਂ ਨੇ ਇਕ ਵਾਰ ਫਿਰ ਭਾਰਤ ਦਾ ਨੌਂ ਰੌਸ਼ਨ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਦੇ ਮੁਕਾਬਲਿਆਂ ਵਿੱਚ ਸਿਖਰਤਾ ਨੂੰ ਛੂਹਦਿਆਂ ਜਿਉਂ ਹੀ ਮੈਡਲ ਜਿੱਤੇੇ ਤਿਉਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਾਈਚਾਰੇ ਦੇ ਨਾਲ ਨਾਲ ਪੰਜਾਬ ਅਤੇ ਭਾਰਤ ਵਾਸੀਆਂ ਦੇ ਦਿਲਾਂ ਵਿਚ ਖੁਸ਼ੀਆਂ ਦੇ ਫੁਹਾਰੇ ਫੁੱਟ ਪਏ।ਯੂਨੀਵਰਸਿਟੀ ਵਿਚ ਇਸ ਪ੍ਰਾਪਤੀ ਨੂੰ ਲੈ ਕੇ ਜਿਥੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਵੱਲੋਂ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਉਚੇਚੇ ਤੌਰ `ਤੇ ਵਧਾਈਆਂ ਦਿੱਤੀਆਂ ਉਥੇ ਖਿਡਾਰਨਾਂ ਦੇ ਵਿਭਾਗਾਂ ਵਿਚ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ `ਤੇ ਖੁਸ਼ੀਆਂ ਮਨਾਈਆਂ ਗਈਆਂ।ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਸਦਕਾ ਭਾਰਤ ਨੂੰ ਕੁੱਲ 2 ਗੋਲਡ, 2 ਸਿਲਵਰ ਅਤੇ 1 ਕਾਂਸੀ ਤਮਗਾ ਜਿਤਾ ਦਿੱਤਾ ਹੈ ਅਤੇ ਹੋਰ ਵੀ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਕਿ ਯੂਨੀਵਰਸਿਟੀ ਦੇ ਦਸ ਅਥਲੀਟ ਜੋ ਇਸ ਖੇਡ ਮਹਾਂਉਤਸਵ ਵਿਚ ਆਪਣੀਆਂ ਜਬਰਦਸਤ ਪੇਸ਼ਕਾਰੀਆਂ ਦੇ ਰਹੇ ਹਨ, ਤੋਂ ਲਗਦਾ ਹੈ ਕਿ ਉਹ ਵੀ ਭਾਰਤ ਦੀ ਝੋਲੀ ਨੂੰ ਵੱਖ ਵੱਖ ਮੈਡਲਾਂ ਨਾਲ ਭਰ ਦੇਣਗੇ।
27 ਸਤੰਬਰ 2023 ਨੂੰ ਸਿਫਤ ਕੌਰ ਸਮਰਾ ਨੇ ਔਰਤਾਂ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਵਿਅਕਤੀਗਤ ਈਵੈਂਟ ਵਿੱਚ ਗੋਲਡ ਮੈਡਲ ਜਿੱਤ ਕੇ ਇੱਕ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ।469.6 ਦੇ ਸਕੋਰ ਨਾਲ ਮਾਰਕ ਕੀਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਨਾ ਸਿਰਫ਼ ਗੋਲਡ ਮੈਡਲ ਹਾਸਲ ਕੀਤਾ ਸਗੋਂ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ।ਇਹ ਪ੍ਰਾਪਤੀ ਮੌਜ਼ੂਦਾ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਪੰਜਵਾਂ ਗੋਲਡ ਮੈਡਲ ਹੈ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਹੀਰੇ ਆਸ਼ੀ ਚੌਕਸੀ ਅਤੇ ਸਿਫਤ ਕੌਰ ਨੇ 3ਪੀ ਰਾਈਫਲ 50 ਮੀਟਰ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।ਇਸ ਤੋਂ ਇਲਾਵਾ, ਆਸ਼ੀ ਚੌਕਸੀ ਨੇ 3ਪੀ ਰਾਈਫਲ 50 ਮੀਟਰ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ।ਅੱਜ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਖੇਡਾਂ ਵਿੱਚ ਕੁੱਲ 2 ਗੋਲਡ, 2 ਸਿਲਵਰ ਅਤੇ 1 ਕਾਂਸੀ ਤਮਗਾ ਭਾਰਤ ਦੀ ਝੋਲੀ ਵਿੱਚ ਪਾਇਆ ਹੈ।
ਇਸ ਅਹਿਮ ਪ੍ਰਾਪਤੀ `ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਖੇਡਾਂ ਦੇ ਡਾਇਰੈਕਟਰ, ਡਾ. ਕੰਵਰ ਮਨਦੀਪ ਸਿੰਘ ਨੇ ਇਨਾਂ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ਾਂ ਨੂੰ ਦਿਲੋਂ ਮਾਣ ਅਤੇ ਵਧਾਈ ਦਿੱਤੀ ਅਤੇ ਆਸ ਕੀਤੀ ਉਹ ਸਦਾ ਇਸ ਤਰ੍ਹਾਂ ਹੀ ਯੂਨੀਵਰਸਿਟੀ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕਰਦੇ ਰਹਿਣਗੇ।
ਖੇਡ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਰੇ ਨਿਸ਼ਾਨੇਬਾਜ਼ਾਂ ਨੂੰ ਅੰਤਰਰਾਸ਼ਟਰੀ ਮੰਚ `ਤੇ ਉਨ੍ਹਾਂ ਦੇ ਸ਼ਾਨਦਾਰ ਅਤੇ ਇਤਿਹਾਸਕ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਜਿਥੇ ਉਨ੍ਹਾਂ ਦੀ ਸਖਤ ਮਿਹਨਤ, ਲਗਨ ਅਤੇ ਜਜ਼ਬੇ ਦਾ ਨਤੀਜਾ ਹੈ, ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਪਲੱਬਧ ਉਚ ਪਾਏ ਦਾ ਬਨਿਆਦੀ ਢਾਂਚਾ, ਸਹੂਲਤਾਂ, ਮਾਰਗਦਰਸ਼ਨ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਖੇਡਾਂ ਪ੍ਰਤੀ ਨਿੱਜੀ ਦਿਲਚਸਪੀ ਅਤੇ ਉਚੀ ਸੋਚ ਸਦਕਾ ਵੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਏਸ਼ੀਆਈ ਖੇਡਾਂ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿਚ ਭਾਰਤ ਨੂੰ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਦਿਵਾਉਣ ਅਤੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਵਾਲੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਹੋਣ ਵਿਦਿਆਰਥੀ ਹਨ।ਉਨ੍ਹਾਂ ਨੇ ਟੀਮ ਈਵੈਂਟ ਵਿੱਚ ਗੋਲਡ ਮੈਡਲ ਅਤੇ 10 ਮੀਟਰ ਸ਼ੂਟਿੰਗ ਈਵੈਂਟ ਵਿੱਚ ਵਿਅਕਤੀਗਤ ਕਾਂਸੀ ਦਾ ਤਗਮਾ ਜਿਤ ਕੇ ਦੇਸ਼ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖਿਡਾਰਨ ਆਸ਼ੀ ਚੌਕਸੀ ਨੇ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ।ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ ਸਦਕਾ ਉਨ੍ਹਾਂ ਦਾ ਪੋਡੀਅਮ ਵਿੱਚ ਨਿਸਚਿਤ ਹੋ ਗਿਆ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …