Friday, October 18, 2024

ਗੁਰੂ ਨਗਰੀ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਹੋਵੇਗੀ ਸ਼ੁਰੂ- ਨੌਨਿਹਾਲ ਸਿੰਘ

ਅਰਦਾਸ, ਸੰਕਲਪ ਅਤੇ ਖੇਡਾਂ ਦਾ ਸਾਥ ਲੈ ਕੇ ਨੌਜਵਾਨ ਕਰਨਗੇ ਨਿਰੋਏ ਜੀਵਨ ਦੀ ਸ਼ੁਰੂਆਤ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਪੁਲਿਸ ਅਤੇ ਪ੍ਰਸ਼ਾਸਨ ਅਕਤੂਬਰ ਅਤੇ ਨਵੰਬਰ ਮਹੀਨੇ ਨਸ਼ੇ ਵਿਰੁੱਧ ਲਾਮਬੰਦੀ ਲਈ ਹੰਭਲਾ ਮਾਰਦੇ ਹੋਏ ‘ਦਾ ਹੋਪ ਇਨੀਸ਼ੀਏਟਿਵ’ ਨਾਮ ਦੇ ਇਕ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਵਿਚ ਮੀਲ ਪੱਥਰ ਸਾਬਤ ਹੋਵੇਗੀ।ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪ੍ਰੈਸ ਕਾਨਫਰੰਸ ਵਿਚ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਕਿ ਪੁਲਿਸ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ, ਪਰ ਨਸ਼ਿਆਂ ਦੀ ਮੰਗ ਰੋਕਣ ਲਈ ਭਾਈਚਾਰੇ, ਖਾਸ ਕਰ ਨੌਜਵਾਨਾਂ ਦਾ ਸਾਥ ਬਹੁਤ ਜਰੂਰੀ ਹੈ।ਉਨਾਂ ਦੱਸਿਆ ਕਿ ਅਸੀਂ ਇਸ ਮੁਹਿੰਮ ਨਾਲ ਨੌਜਵਾਨਾਂ ਵਿਚ ਨਸ਼ੇ ਵਿਰੁੱਧ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਉਨਾਂ ਨੂੰ ਨੇਕ ਕੰਮ ਲਈ ਇਰਾਦਾ ਬਨਾਉਣ, ਗੁਰੂ ਦੀ ਓਟ ਲੈਣ ਅਤੇ ਖੇਡਾਂ ਪ੍ਰਤੀ ਖਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ।ਉਨਾਂ ਕਿਹਾ ਕਿ ਅੰਮ੍ਰਿਤਸਰ ਜਿੱਥੇ ਸ੍ਰੀ ਦਰਬਾਰ ਸਾਹਿਬ ਸਾਨੂੰ ਵਾਹਿਗਰੂ ਉਤੇ ਭਰੋਸਾ ਰੱਖਣ ਲਈ ਪ੍ਰੇਰਿਤ ਕਰਦਾ ਹੈ, ਉਥੇ ਜਲਿਆਂ ਵਾਲਾ ਬਾਗ ਕੁਰਬਾਨੀ ਦੀ ਪ੍ਰਤੀਕ ਅਤੇ ਖਾਲਸਾ ਕਾਲਜ ਵਰਗੇ ਅਦਾਰੇ ਸਾਡੇ ਵਿੱਚ ਸਿੱਖਿਆ ਦੀ ਜੋਤ ਜਗਾਉਂਦੇ ਹਨ, ਤੋਂ ਵਧੀਆ ਕੋਈ ਸਥਾਨ ਅਜਿਹੀ ਸ਼ੁਰੂਆਤ ਲਈ ਨਹੀਂ ਹੋ ਸਕਦਾ।ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 15 ਅਗਸਤ 2024 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦ੍ਰਿੜ ਹਨ ਅਤੇ ਸਾਡੀ ਇਹ ਮੁਹਿੰਮ ਇਸ ਅਲਾਮਤ ਨੂੰ ਗਲੋਂ ਲਾਹੁਣ ਵਿੱਚ ਵੱਡਾ ਯੋਗਦਾਨ ਪਾਵੇਗੀ।
ਉਨਾਂ ਦੱਸਿਆ ਕਿ ਅਸੀਂ ਹਜ਼ਾਰਾਂ ਨੌਜਵਾਨਾਂ ਨਾਲ ਜਿਥੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰੂ ਦਾ ਅਸ਼ੀਰਵਾਦ ਲਵਾਂਗੇ, ਉਥੇ ਜਲਿਆਂ ਵਾਲੇ ਬਾਗ ਪਹੁੰਚ ਕੇ ਸ਼ਹੀਦ ਊਧਮ ਸਿੰਘ ਵਾਂਗ ਪੰਜਾਬ ਦੇ ਦੁਸ਼ਮਣ ਨਸ਼ੇ ਨੂੰ ਖਤਮ ਕਰਨ ਲਈ ਸੰਕਲਪ ਲਵਾਂਗੇ।ਇਸੇ ਤਰਾਂ ਹਜ਼ਾਰਾਂ ਨੌਜਵਾਨ, ਜਿੰਨਾਂ ਵਿਚ 1000 ਤੋਂ ਵੱਧ ਟੀਮਾਂ ਸ਼ਾਮਿਲ ਹਨ, ਅੰਮ੍ਰਿਤਸਰ ਵਿੱਚ ਗਲੀ ਕ੍ਰਿਕਟ ਲੀਗ ਵਿੱਚ ਭਾਗ ਲੈਣਗੀਆਂ।ਅੰਮ੍ਰਿਤਸਰ ਦੇ ਵੱਖ-ਵੱਖ ਮੈਦਾਨਾਂ ਵਿਚ ਇਹ ਮੈਚ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ 15 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ।ਇਸ ਟੂਰਨਾਮੈਂਟ ਵਿੱਚ 14 ਸਾਲ ਤੋਂ ਉਪਰ ਦਾ ਕੋਈ ਵੀ ਖਿਡਾਰੀ ਭਾਗ ਲੈ ਸਕਦਾ ਹੈ ਅਤੇ ਟੂਰਨਾਮੈਂਟ ਨਾਕ ਆਊਟ ਫਾਰਮੇਟ ਵਿੱਚ ਹੋਵੇਗਾ। ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਨੌਜਵਾਨ ਤੇ ਟੀਮਾਂ ਭਾਗ ਲੈਣ ਨੂੰ ਧਿਆਨ ਵਿਚ ਰੱਖਦੇ ਹੋਏ ਐਂਟਰੀ ਫ੍ਰੀ ਰੱਖੀ ਗਈ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਨੌਜਵਾਨਾਂ ਤੇ ਆਮ ਲੋਕਾਂ ਦਾ ਵੱਧ ਤੋਂ ਵੱਧ ਯੋਗਦਾਨ ਯਕੀਨੀ ਬਨਾਉਣ ਲਈ ਸਾਡੀ ਟੀਮ ਲੰਮੇ ਅਰਸੇ ਤੋਂ ਕੰਮ ਕਰ ਰਹੀ ਹੈ ਅਤੇ 700 ਤੋਂ ਵੱਧ ਮੀਟਿੰਗਾਂ ਲੋਕਾਂ ਨਾਲ ਸਿੱਧੇ ਤੌਰ ‘ਤੇ ਕੀਤੀਆਂ ਜਾ ਚੁੱਕੀਆਂ ਹਨ, ਜਿਸ ਵਿਚ ਸਾਨੂੰ ਹਰੇਕ ਤਬਕੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।ਉਨਾਂ ਦੱਸਿਆ ਕਿ ਇਸੇ ਤਰਾਂ ਸਾਰੀ ਮੁਹਿੰਮ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਕਾਰਪੋਰੇਸ਼ਨ ਕਮਿਸ਼ਨਰ ਰਾਹੁਲ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਵਲੋਂ ਵੀ ਸਾਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਏ.ਸੀ.ਪੀ ਉਤਰੀ ਵਰਿੰਦਰ ਸਿੰਘ ਖੋਸਾ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …