ਖ਼ਾਲਸਾ ਕਾਲਜ ਨੇ ‘ਓਵਰ ਆਲ ਟਰਾਫ਼ੀ’ ’ਤੇ ਕੀਤਾ ਕਬਜ਼ਾ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਵਿੱਦਿਅਕ ਅਦਾਰਿਆਂ ’ਚ ਕਲਾ ਮੰਚ ਇਕ ਅਜਿਹਾ ਮਹੱਤਵਪੂਰਨ ਸਥਾਨ ਹੈ, ਜੋ ਬੱਚਿਆਂ ’ਚ ਲੁਕੀ ਹੋਈ ਕਾਬਲੀਅਤ ਨੂੰ ਉਜਾਗਰ ਕਰਦਾ ਹੈ ਅਤੇ ਉਨ੍ਹਾਂ ਦੇ ਹੁਨਰ ਨੂੰ ਚਾਰ ਚੰਦ ਲਗਾਉਂਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 30 ਅਕਤੂਬਰ ਤੋਂ ਸ਼ੁਰੂ ਹੋਏ 2 ਰੋਜ਼ਾ ‘8ਵਾਂ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2023’ ’ਚ ਉਚੇਚੇ ਤੌਰ ’ਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਨ ਅਤੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰਨ ਵਾਲੇ ਖ਼ਾਲਸਾ ਕਾਲਜ ਨੂੰ ਟਰਾਫ਼ੀ ਭੇਂਟ ਕਰਨ ਲਈ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।
ਜਦ ਕਿ ਖ਼ਾਲਸਾ ਕਾਲਜ ਫ਼ਾਰ ਵੂਮੈਨ ਫ਼ਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਸੈਕਿੰਡ ਰਨਰਅੱਪ ਰਿਹਾ।ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚੱਲ ਰਹੇ 12 ਕਾਲਜਾਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਫੈਸਟੀਵਲ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਛੀਨਾ ਨੇ ਕੌਂਸਲ ਦੇ ਜੁਆਇੰਟ ਸੱਕਤਰ ਸੰਤੋਖ ਸਿੰਘ ਸੇਠੀ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਆਪਣੀਆਂ ਮਿੱਠੀਆਂ ਯਾਦਾਂ ਦੀ ਖ਼ੁਸ਼ਬੂ ਬਿਖੇਰਦਾ ਹੋਇਆ ਫੈਸਟੀਵਲ ਅੱਜ ਸੰਪਨ ਹੋ ਗਿਆ।ਇਸ ਦਾ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ ਕੌਂਸਲ ਦੇ ਮੈਂਬਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਕੀਤਾ।
2 ਰੋਜ਼ਾ ਫੈਸਟੀਵਲ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਭਜਨ, ਕਵੀਸ਼ਰੀ, ਗੀਤ-ਗਜ਼ਲ, ਫੋਕ ਸੋਗ, ਫੈਂਸੀ ਡਰੈੱਸ (ਪੰਜਾਬੀ ਪਹਿਰਾਵਾ), ਮਮਿਕਰੀ, ਮੋਨੋ ਐਕਟਿੰਗ, ਸਕਿੱਟ, ਰੰਗੋਲੀ, ਮਹਿੰਦੀ, ਫੁਲਕਾਰੀ, ਡਿਬੇਟ, ਕੁਇਜ਼, ਪੇਟਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਕਲਾਜ, ਕਲੇਅ ਮਾਡਲਿੰਗ ਅਤੇ ਸਕਿੱਟ ਦੀ ਪੇਸ਼ਕਾਰੀ ਦਿੱਤੀ ਅਤੇ ਭੰਗੜਾ, ਗਿੱਧਾ, ਰਿਜ਼ਨਲ ਡਾਂਸ, ਕੁਇੱਜ਼ ਫਾਈਨਲ, ਐਕਸ਼ਨ ਸਾਂਗ ਆਦਿ ’ਚ ਵਿਦਿਆਰਥੀਆਂ ਆਪਣੇ ਕਲਾ ਦਾ ਮੁਜ਼ਾਹਰਾ ਕੀਤਾ।
ਜੱਜਾਂ ਦੀ ਭੂਮਿਕਾ ਡਾ. ਰਾਜੇਸ਼ ਸ਼ਰਮਾ, ਡਾ. ਰਵਜੋਤ ਕੌਰ, ਡਾ. ਹਰਜੀਤ ਸਿੰਘ, ਰਾਜਬੀਰ ਸਿੰਘ ਮੱਲ੍ਹੀ, ਅਨੂ ਲੇਹਲ, ਡਾ. ਰਿੰਪੀ, ਜੋਬਨਜੀਤ ਕੌਰ, ਕੁਲਦੀਪ ਸਿੰਘ, ਮੋਨਿਕਾ ਸਲਾਰੀਆ, ਬੰਬੀਤਾ ਵੱਲੋਂ ਨਿਭਾਈ ਗਈ।ਕਲਾ ਮੰਚ ਦੇ ਪ੍ਰੋਗਰਾਮ ਦੌਰਾਨ ਪ੍ਰਸਿੱਧ ਫ਼ਿਲਮ ਅਤੇ ਥੀਏਟਰ ਅਦਾਕਾਰ ਅਮਨ ਬੱਲ, ਰਜਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਭੱਟੀ ਨੇ ਸ਼ਿਰਕਤ ਕਰਕੇ ਚਾਰ ਚੰਨ ਲਾਇਆ।ਐਸ.ਆਰ ਗੌਰਮਿੰਟ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਤੋਂ ਅਸਿਸਟੈਂਟ ਪ੍ਰੋਫੈਸਰ ਡਾ. ਰਣਜੀਤ ਸਿੰਘ ਵਲੋਂ ਇਕ ਕੁਇੱਜ ਮੁਕਾਬਲਾ ਵੀ ਕਰਵਾਇਆ ਗਿਆ।
ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਮੁਕਾਬਲੇ ਬਹੁਤ ਹੀ ਦਿਲਚਸਪ ਸਨ ਕਿਉਂਕਿ ਸਮੂਹ ਖ਼ਾਲਸਾ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਆਪਣਾ ਸੰਪੂਰਨ ਹੁਨਰ ਦਾ ਮੁਜ਼ਾਹਰਾ ਕੀਤਾ ਹੈ, ਇਸ ਲਈ ਇਹ ਮੁਕਾਬਲਾ ਇਕ ਤਰ੍ਹਾਂ ਨਾਲ ਚੈਂਪੀਅਨਸ ਦਾ ਮੁਕਾਬਲਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਮੈਨੇਜ਼ਮੈਂਟ ਦੁਆਰਾ ਹਰੇਕ ਸਾਲ ਉਲੀਕੇ ਗਏ ‘ਯੂਥ ਫੈਸਟੀਵਲ’ ਸਬੰਧੀ ਧੰਨਵਾਦ ਕੀਤਾ।
ਇਸ ਮੌਕੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਮੈਂਬਰ ਭੁਪਿੰਦਰ ਸਿੰਘ ਹੌਲੈਂਡ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਪ੍ਰਿੰ: ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾਇਰੈਕਟਰ ਡਾ. ਮੰਜ਼ੂ ਬਾਲਾ, ਪ੍ਰਿੰਸੀਪਲ ਡਾ. ਆਰ.ਕੇ ਧਵਨ, ਪ੍ਰਿੰਸੀਪਲ ਨਾਨਕ ਸਿੰਘ, ਪ੍ਰਿੰਸੀਪਲ ਗੁਰਦੇਵ ਸਿੰਘ, ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਪ੍ਰਿੰਸੀਪਲ ਅਮਨਪ੍ਰੀਤ ਕੌਰ ਤੋਂ ਇਲਾਵਾ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।