Sunday, October 6, 2024

ਸੜਕ ਹਾਦਸਿਆਂ ‘ਚ ਹਰ ਸਾਲ ਹੁੰਦੀਆਂ ਹਨ ਡੇਢ ਲੱਖ ਤੋਂ ਵੱਧ ਮੌਤਾਂ- ਮਾਹਿਰ

ਪੰਜਾਬ ਦੀ ਔਸਤ ਦੇਸ਼ ਭਰ ਦੇ ਹਾਦਸਿਆਂ ਤੋਂ ਦੁੱਗਣੀ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਟਰਾਂਸਪੋਰਟ ਵਿਭਾਗ ਪੰਜਾਬ ਦੀ ਅਗਵਾਈ ਹੇਠ ਕੰਮ ਲੀਡ ਏਜੰਸੀ ਰੋਡ ਸੇਫਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿਚ ਹਰ ਸਾਲ ਡੇਢ ਲੱਖ ਤੋਂ ਵੱਧ ਮੌਕਾ ਸੜਕੀ ਹਾਦਸਿਆਂ ਦੀ ਵਜ੍ਹਾ ਕਾਰਨ ਹੁੰਦੀਆਂ ਹਨ ਅਤੇ ਲੱਖਾਂ ਲੋਕ ਉਮਰ ਭਰ ਲਈ ਅੰਗਹੀਣ ਹੋ ਜਾਂਦੇ ਹਨ, ਜਿਸ ਦਾ ਕੇਵਲ ਉਸਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਆਰਥਿਕ ਘਾਟਾ ਪੈਂਦਾ ਹੈ।ਜਿਲ੍ਹਾ ਪ੍ਰੀਸ਼ਦ ਹਾਲ ਵਿਚ ਡਾਇਰੈਕਟਰ ਜਨਰਲ ਆਰ ਵੈਂਕਟ ਰਤਨਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੀਡ ਏਜੰਸੀ ਦੇ ਜੁਆਇੰਟ ਡਾਇਰੈਕਟਰ ਰੋਡ ਸੇਫ਼ਟੀ ਦੇਸਰਾਜ ਤੇ ਕੰਵਰਦੀਪ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਵਿੱਚ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਵਿਚ ਕਰੀਬ 5000 ਜਾਨਾਂ ਹਰ ਸਾਲ ਸੜਕੀ ਹਾਦਸਿਆਂ ਨਾਲ ਜਾਂਦੀਆਂ ਹਨ, ਜੋ ਕਿ ਦੇਸ਼ ਦੀ ਔਸਤਨ ਵਸੋਂ ਦਰ ਦੇ ਹਿਸਾਬ ਨਾਲ ਲਗਭਗ ਦੁੱਗਣਾ ਹੈ।ਮਾਹਿਰਾਂ ਨੇ ਕਿਹਾ ਕਿ ਸੜਕ ਹਾਦਸੇ ਲਈ ਸੜਕ ਦੀਆਂ ਤਕਨੀਕੀ ਖਾਮੀਆਂ, ਟਰੈਫਿਕ ਮੈਨਜਮੈਂਟ ਦੀ ਖਰਾਬੀ ਵੀ ਜਿੰਮੇਵਾਰ ਹੁੰਦੀ ਹੈ, ਪਰ ਜ਼ਿਆਦਾਤਰ ਹਾਦਸੇ ਤੇਜ ਰਫਤਾਰ ਤੇ ਗਲਤ ਪਾਸੇ ਤੋਂ ਆਉਣ ਕਾਰਨ ਵੱਧ ਹੁੰਦੇ ਹਨ।ਮਾਹਿਰਾਂ ਨੇ ਦੱਸਿਆ ਕਿ ਉਨਾਂ ਦੱਸਿਆ ਕਿ ਹੁਣ ਤੱਕ ਕੀਤੀ ਗਈ ਖੋਜ ਦੱਸਦੀ ਹੈ ਕਿ ਜ਼ਿਆਦਾਤਰ ਹਾਦਸੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਹੁੰਦੇ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਵਿਚ 69 ਫੀਸਦੀ ਲੋਕਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੁੰਦੀ ਹੈ।
ਅੰਮ੍ਰਿਤਸਰ, ਤਰਨ ਤਾਰਨ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਦੇ ਵਿਭਾਗ ਜੋ ਸਿੱਧੇ ਤੌਰ ‘ਤੇ ਟਰੈਫਿਕ ਨਾਲ ਸਬੰਧਿਤ ਹਨ, ਦੇ ਮੁਖੀਆਂ ਜਿੰਨਾਂ ਵਿੱਚ ਪੁਲਿਸ, ਟਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਨੈਸ਼ਨਲ ਹਾਈਵੇ, ਸਿੱਖਿਆ, ਸਿਹਤ ਤੇ ਟਰਾਂਸਪੋਰਟ ਵਿਭਾਗ ਸ਼ਾਮਿਲ ਹਨ, ਨੂੰ ਦਿੱਤੀ ਦਿਨ ਭਰ ਸਿੱਖਿਆ ਵਿਚ ਮਾਹਿਰਾਂ ਨੇ ਜ਼ੋਰ ਦੇ ਕਿ ਕਿਹਾ ਕਿ ਤੁਹਾਡੇ ਦੁਆਰਾ ਕੀਤੀ ਸੁਹਿਰਦ ਕੋਸ਼ਿਸ਼ ਪੰਜਾਬ ਵਿਚੋਂ ਸੜਕ ਹਾਦਸੇ 50 ਫੀਸਦੀ ਤੱਕ ਘਟਾ ਸਕਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਦਿੱਤੀ ਗਈ ਮੁੱਢਲੀ ਸਹਾਇਤਾ ਨਾਲ ਕੀਮਤੀ ਜਾਨ ਜਾਣ ਤੋਂ ਬਚ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਟਰੇਨਿੰਗ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਦਿਨ-ਪ੍ਰਤੀ-ਦਿਨ ਟਰੈਫ਼ਿਕ ਦੀ ਵੱਧ ਰਹੀ ਸਮੱਸਿਆ ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਵਲੋਂ ਸਾਥ ਦੇਣਾ ਅਤਿ ਜ਼ਰੂਰੀ ਹੈ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸੀਟ ਬੈਲਟ, ਸਪੀਡ ਲਿਮਟ, ਆਪਣੇ ਵਾਹਨਾਂ ਤੇ ਰਿਫਲੈਕਟਰ ਲਗਾਉਣ, ਸਿਰ ‘ਤੇ ਹੈਲਮੈਟ ਪਹਿਣਨ ਤੋਂ ਇਲਾਵਾ ਹੋਰ ਆਵਾਜਾਈ ਦੇ ਨਿਯਮਾਂ ਦੀ ਸੁਚੱਜੇ ਢੰਗ ਨਾਲ ਪਾਲਣਾ ਕੀਤੀ ਜਾਵੇ।ਜੁਆਇੰਟ ਡਾਇਰੈਕਟਰ ਟਰੈਫ਼ਿਕ ਲੀਡ ਏਜੰਸੀ ਰੋਡ ਸੇਫ਼ਟੀ ਦੇਸਰਾਜ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਟਰੈਫਿਕ ਪੁਲਿਸ ਦੇ ਨੁਮਾਇੰਦੇ ਸਕੂਲਾਂ, ਕਾਲਜਾਂ ਅਤੇ ਹੋਰ ਸਮਾਜਿਕ ਪਲੇਟ ਫਾਰਮਾਂ ‘ਤੇ ਜਾ ਕੇ ਆਵਾਜਾਈ ਨਿਯਮਾਂ ਬਾਰੇ ਆਮ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਨ।ਸਿੱਖਿਆ ਵਿਭਾਗ ਵੀ ਬੱਚਿਆਂ ਨੂੰ ਸਕੂਲਾਂ ਵਿਚ ਇਸ ਵਿਸ਼ੇ ਪ੍ਰਤੀ ਸਿੱਖਿਆ ਦੇਵੇ, ਤਾਂ ਜੋ ਬੱਚਿਆਂ ਨੂੰ ਵੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾ ਸਕੇ।ਇਸ ਮੌਕੇ ਮੈਡਮ ਕੀਰਤੀ ਧਨੋਆ, ਡਾ ਵਿਨੀਤ ਚਤਰਥ, ਰਜੀਵ ਸ਼ਰਦ ਅਤੇ ਨਵਲ ਕਿਸ਼ੋਰ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿੱਖਿਅਤ ਕੀਤਾ।

 

 

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …