Monday, July 8, 2024

ਇੱਕ ਮਹੀਨੇ ‘ਚ ਸ਼ਹਿਰ ਵਾਸੀਆਂ ਨੂੰ ਮਿਲੇਗੀ 24 ਘੰਟੇ ਵਾਟਰ ਸਪਲਾਈ ਦੀ ਸਹੂਲਤ – ਡਿਪਟੀ ਕਮਿਸ਼ਨਰ

ਪਠਾਨਕੋਟ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਸ਼ਹਿਰ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪਠਾਨਕੋਟ ਸ਼ਹਿਰ ਨੂੰ 24 ਘੰਟੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਦਾ ਲਾਭ ਇੱਕ ਮਹੀਨੇ ਦੇ ਅੰਦਰ-ਅੰਦਰ ਦੇਣ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਠਾਨਕੋਟ ਸ਼ਹਿਰ ਵਾਸੀਆਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਅਤੇ ਸ਼ਹਿਰ ਦੇ 50 ਵਾਰਡਾਂ ਨੂੰ 3 ਜੋਨਾਂ ਵਿੱਚ ਵੰਡ ਕਰਕੇ ਸ਼ਹਿਰ ਦੀ ਹਰੇਕ ਗਲੀ ਦੀ ਜਾਂਚ ਕਰਕੇ ਜਿਥੇ ਕਿਤੇ ਲੀਕੇਜ਼ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਤੁਰੰਤ ਇਸ ਦਾ ਹੱਲ ਕਰਦੇ ਹੋਏ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ।ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਵਲੋਂ ਪਾਣੀ ਦੀ ਦੁਰਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਨ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇ ਅਤੇ ਇਸ ਸਬੰਧੀ ਜਾਗਰੂਕ ਲਈ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਤੇ ਸੀਵਰੇਜ ਵਿਭਾਗ ਦੀ ਇੱਕ ਸਾਂਝੀ ਮੀਟਿੰਗ ਕਰਨ ਲਈ ਵੀ ਕਿਹਾ।ਸੀਵਰੇਜ ਵਿਭਾਗ ਵਲੋਂ ਜਿੰਨ੍ਹਾਂ ਗਲੀਆਂ ਵਿੱਚ ਸੀਵਰੇਜ ਪਾਇਆ ਗਿਆ, ਉਨ੍ਹਾਂ ਗਲੀਆਂ ਦੀ ਮੁਰੰਮਤ ਕਰਕੇ ਰੀਸਟੋਰ ਕੀਤੀ ਗਈ ਹੈ ਜਾਂ ਨਹੀਂ, ਇਸ ਦੀ ਰਿਪੋਰਟ ਵੀ ਉਨ੍ਹਾਂ ਨੂੰ ਭੇਜੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਸ਼ਹਿਰ ਦੇ ਡਵਾਈਡਰਾਂ ‘ਤੇ ਸੁੰਦਰ ਪੌਦੇ ਲਗਾਏ ਜਾਣ ਅਤੇ ਕੂੜੇ ਦੀ ਲਿਫ਼ਟਿੰਗ ਤੇ ਸਫਾਈ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਖਾਸ ਕਰਕੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਢਾਂਗੂ ਰੋਡ, ਸੈਲੀ ਰੋਡ ਅਤੇ ਏਪੀਕੇ ਰੋਡ ‘ਤੇ ਬਿਊਟੀਫਿਕੇਸ਼ਨ ਤੇ ਸਫ਼ਾਈ ਦਾ ਕੰਮ ਕੀਤਾ ਜਾਵੇ।ਸ਼ਹਿਰ ਵਿਚ ਸਵੇਰੇ ਅਤੇ ਸ਼ਾਮ ਨੂੰ ਦਿਨ ਵਿੱਚ ਦੋ ਵਾਰ ਸਫ਼ਾਈ ਕੀਤੀ ਜਾਵੇ।ਸਫ਼ਾਈ ਸੇਵਕਾਂ ਨੂੰ ਦਸਤਾਨੇ (ਗਲਵਜ) ਦਿੱਤੇ ਜਾਣ ਤਾਂ ਜੋ ਉਹ ਆਪਣੇ ਸਫ਼ਾਈ ਦੇ ਕੰਮ ਨੂੰ ਕੁਸ਼ਲਤਾ ਪੂਰਵਕ ਕਰ ਸਕਣ। ਇਸ ਮੀਟਿੰਗ ਵਿੱਚ ਹੋਰਨਾਂ ਸੁਰਜੀਤ ਸਿੰਘ ਜੁਆਇੰਟ ਕਮਿਸ਼ਨਰ, ਸਤੀਸ਼ ਸੈਣੀ ਐਸ.ਈ, ਰਾਹੁਲ ਸਹਾਇਕ ਕਮਿਸ਼ਨਰ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …