ਪਹਿਲ ਦੇ ਅਧਾਰ ‘ਤੇ ਹੋਵੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਦਾ ਸੁੰਦਰੀਕਰਨ -ਪੁਲਿਸ ਕਮਿਸ਼ਨਰ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿੱਚ ਆਉਂਦੇ ਲੱਖਾਂ ਸ਼ਰਧਾਲੂਆਂ ਦੀ ਸਹਾਇਤਾ ਲਈ ਟੂਰਜ਼ਿਮ ਪੁਲਿਸ ਬਨਾਉਣ ਦਾ ਜੋ ਸੁਪਨਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਸੀ, ਨੂੰ ਪੂਰਾ ਕਰਨ ਲਈ ਕਾਰਪੋਰੇਸ਼ਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਇਸ ਉਤੇ ਕੰਮ ਸ਼ੁਰੂ ਹੋ ਜਾਵੇਗਾ।ਕਮਿਸ਼ਨਰ ਕਾਰਪੋਰੇਸ਼ਨ ਰਾਹੁਲ ਨੇ ਇਹ ਪ੍ਰਗਟਾਵਾ ਜਿਲ੍ਹਾ ਪੱਧਰੀ ਕਮੇਟੀ, ਜਿਸ ਵਿਚ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ, ਵਿੱਚ ਕਰਦੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਅੰਮ੍ਰਿਤਸਰ ਸਰਬਤ ਸੇਵਾ ਯੋਜਨਾ ਅਧੀਨ ਇਸ ਕੰਮ ਲਈ ਕਰੀਬ 10.31 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ।ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਕੰਮ ਵਿਚ ਸ਼ਹਿਰ ਦੀ ਟ੍ਰੈਫਿਕ ਵਿਚ ਸੁਧਾਰ, ਜਨਤਕ ਆਵਾਜਾਈ ਪ੍ਰਣਾਲੀ ਜਿਸ ਵਿਚ ਅੰਮ੍ਰਿਤਸਰ ਤੋਂ ਅਟਾਰੀ ਪਹੁੰਚ, ਈ.ਆਟੋ ਅਤੇ ਥ੍ਰੀ ਵੀਲਰ ਸ਼ਾਮਿਲ ਹਨ, ਲਈ ਸੁਖਾਵਾਂ ਮਾਹੌਲ ਤਿਆਰ ਕੀਤਾ ਜਾਵੇ, ਜੋ ਕਿ ਸੈਲਾਨੀ ਸਭ ਤੋਂ ਵੱਧ ਵਰਤਦੇ ਹਨ।
ਉਨਾਂ ਦੱਸਿਆ ਕਿ ਇਸ ਕੰਮ ਦੀ ਨਿਗਰਾਨੀ ਲਈ ਸੁਲਤਾਨਵਿੰਡ ਅਤੇ ਰਣਜੀਤ ਐਵੀਨਿਊ ਵਿਖੇ ਦੋ ਇੰਟੈਗਰੇਟਿਡ ਸੇਵਾ ਸਟੇਸ਼ਨ ਉਸਾਰੇ ਜਾਣਗੇ।ਇਸ ਤੋਂ ਇਲਾਵਾ 6 ਸਥਾਨਾਂ ਜਿਸ ਵਿੱਚ ਬੱਸ ਸਟੈਂਡ, ਰੇਲਵੇ ਸਟੇਸ਼ਨ, ਗੋਲਡਨ ਗੇਟ, ਇੰਡੀਆ ਗੇਟ, ਮਾਹਲ ਬਾਈਪਾਸ, ਕਬੀਰ ਪਾਰਕ ਵਿਖੇ 6 ਇੰਟੈਗਰੇਟਿਸ ਸੇਵਾ ਪੋਸਟਾਂ ਤੋਂ ਇਲਾਵਾ ਪੰਜ ਸਥਾਨਾਂ ‘ਤੇ ਟਰੈਫਿਕ ਪੋਸਟਾਂ ਬਣਾਈਆਂ ਜਾਣਗੀਆਂ।ਉਨਾਂ ਦੱਸਿਆ ਕਿ ਉਕਤ ਪੁਲਿਸ ਨੂੰ ਈ-ਕਾਰਾਂ, ਗੋਲਫ ਕਾਰਟ, ਪਿਕਅੱਪ ਗੱਡੀਆਂ, ਹੋਵਰ ਬੋਰਡ, ਮੋਬਾਈਲ ਕੰਟਰੋਲ ਵੈਨ ਆਦਿ ਦੀ ਸਹੂਲਤ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਪ੍ਰਾਜੈਕਟ ਦੇ ਵੇਰਵੇ ਲੈਂਦੇ ਸੈਲਾਨੀਆਂ ਦੀ ਸਹੂਲਤ ਲਈ ਇਸ ਨੂੰ ਛੇਤੀ ਨੇਪਰੇ ਚਾੜਨ ਦੀ ਵਕਾਲਤ ਕੀਤੀ।ਉਨਾਂ ਇਸ ਤੋਂ ਇਲਾਵਾ ਕੈਰੋਂ ਮਾਰਕੀਟ ਕਾਰ ਪਾਰਕ, ਰੀਗੋ ਬ੍ਰਿਜ, ਸ਼ਹੀਦਾਂ ਸਾਹਿਬ ਵਿਖੇ ਬਣਾਏ ਜਾਣ ਵਾਲੇ ਸਕਾਈ ਵਾਕ ਦੀ ਥਾਂ ਨਵਾਂ ਵਿਕਲਪ ਤਲਾਸ਼ਣ ਦਾ ਜਾਇਜ਼ਾ ਵੀ ਲਿਆ।
ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਵਿਚਾਰ ਚਰਚਾ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤੇ, ਜਿਸ ਵਿੱਚ ਸ਼ਹੀਦਾਂ ਸਾਹਿਬ ਵਾਲਾ ਰਸਤਾ, ਘਿਉ ਮੰਡੀ ਵਾਲਾ ਰਾਹ ਅਤੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੋਂ ਯਾਤਰੂਆਂ ਦੀ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਸ਼ਾਮਿਲ ਹੈ, ਨੂੰ ਬਿਹਤਰ ਬਨਾਉਣ ਦਾ ਸੁਝਾਅ ਦਿੱਤਾ।ਉਨਾਂ ਕਿਹਾ ਕਿ ਇਹ ਉਹ ਰਸਤੇ ਤੇ ਸਥਾਨ ਹਨ, ਜਿਥੋਂ ਵੱਡੀ ਗਿਣਤੀ ‘ਚ ਯਾਤਰੂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਹਨ।ਉਨਾਂ ਕਿਹਾ ਕਿ ਜੇਕਰ ਇਸ ਰਸਤੇ ਉਤੇ ਆਉਣ-ਜਾਣ ਦਾ ਵਧੀਆ ਪ੍ਰਬੰਧ ਹੋਵੇ ਤਾਂ ਸਾਡੇ ਯਾਤਰੀਆਂ ਤੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਕਸੀਅਨ ਸੰਦੀਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।