Tuesday, July 23, 2024

ਬੰਦੀਛੋੜ ਦਿਵਸ, ਦੀਵਾਲੀ ਅਤੇ ਆਤਿਸ਼ਬਾਜ਼ੀ

ਦੀਵਾਲੀ ਸ਼ਬਦ ਦੀਪਾਵਲੀ ਦਾ ਸੰਖੇਪ ਰੂਪ ਹੈ।ਦੀਪਾਵਲੀ ਮਤਲਬ ਦੀਵਿਆਂ ਦੀ ਕਤਾਰ।”ਦੀਵੇ” ਸ਼ਬਦ ਨੂੰ ਅਧਿਆਤਮਕ ਜਗਤ ਵਿੱਚ ਵੀ ਮਹੱਤਵਪੂਰਨ ਰੂਪਕ ਵਜੋਂ ਵਰਤਿਆ ਜਾਂਦਾ ਹੈ।ਜਿਸ ਗੁਰਮੁੱਖ ਦੇ ਹਿਰਦੇ ਵਿੱਚ ਸਰਬ ਸ਼ਕਤੀਮਾਨ, ਸਰਬਵਿਆਪਕ, ਨਿਰਭਉ, ਨਿਰਵੈਰ ਅਤੇ ਕਾਲ ਦੀਆਂ ਬੰਦਸ਼ਾਂ ਤੋਂ ਮੁਕਤ ਪਰਮਾਤਮਾ ਦੀ ਭੈ-ਭਾਵਨੀ ਦਾ ਦੀਪਕ ਉੱਜਲਵਿਤ ਹੈ, ਉਸ ਨੂੰ ਰੂਹਾਨੀ ਮੰਡਲਾਂ ਵਿੱਚ “ਦੇਵਤਾ” ਕਹਿ ਕੇ ਵਡਿਆਇਆ ਜਾਂਦਾ ਹੈ।
ਰਮਾਇਣ ਗ੍ਰੰਥ ਵਿੱਚ ਕਥਾ ਦਰਜ਼ ਹੈ ਕਿ ਜਿਸ ਦਿਨ ਭਗਵਾਨ ਰਾਮ ਆਪਣੇ ਭਾਈ ਲਛਮਣ ਨਾਲ ਚੌਦਾਂ ਸਾਲ ਦਾ ਬਨਵਾਸ ਪੂਰਾ ਕਰਕੇ ਅਤੇ ਰਾਵਣ ਵਲੋਂ ਅਗਵਾ ਕਰਕੇ ਲੰਕਾ ‘ਚ ਕੈਦ ਵਿੱਚ ਰੱਖੀ ਸੀਤਾ ਮਾਤਾ ਨੂੰ ਅਜ਼਼ਾਦ ਕਰਾਉਣ ਉਪਰੰਤ ਅਯੋਧਿਆ ਪਧਾਰੇ ਸਨ, ਉਸ ਦਿਨ ਅਯੋਧਿਆ ਵਾਸੀਆਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਘਿਓ ਦੇ ਦੀਵੇ ਜਗਾ ਕੇ ਸਾਰੇ ਸ਼ਹਿਰ ਨੂੰ ਜਗਮਗਾ ਦਿੱਤਾ ਸੀ, ਦੀਪਾਵਲੀ ਮਨਾਈ ਸੀ। ਉਸ ਦਿਨ ਤੋਂ ਹਰ ਸਾਲ ਕੱਤਕ ਵਦੀ 30 ਦਾ ਦਿਨ ਹਿੰਦੂ ਮਤ ਵਿੱਚ ਦੀਵਾਲੀ ਅਤੇ “ਲਕਸ਼ਮੀ ਪੂਜਾ” ਦਾ ਤਿਉਹਾਰ ਬੜੇ ਚਾਅ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਸ ਦਿਨ ਹੀ ਸਿੱਖਾਂ ਦੇ ਛੇਵੇਂ ਗੁਰਦੇਵ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲ਼ੇ ਦੇ ਮੁਗ਼ਲ ਸ਼ਾਸਕ ਜਹਾਂਗੀਰ ਦੀ ਕੈਦ ਵਿਚੋਂ ਬਵੰਜਾ ਹਿੰਦੂ ਰਾਜਪੂਤ ਅਤੇ ਪਹਾੜੀ ਰਾਜਿਆਂ ਨੂੰ ਰਿਹਾਅ ਕਰਾਉਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਧਾਰੇ ਸਨ।ਬਵੰਜਾ ਹਿੰਦੂ ਰਾਜਪੂਤ ਅਤੇ ਪਹਾੜੀ ਰਾਜਿਆਂ ਦੀ ਬੰਦਖਲਾਸੀ ਕਰਾਉਣ ਸਦਕਾ ਨਾਨਕ ਜੋਤਿ ਦੇ ਛੇਵੇਂ ਵਾਰਿਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ “ਬੰਦੀਛੋੜ ਦਾਤਾ” ਉਚਾਰ ਕੇ ਗੁਰਦੇਵ ਪ੍ਰਤੀ ਸ਼ਰਧਾ ਸਤਿਕਾਰ ਭੇਟ ਕੀਤਾ ਜਾਂਦਾ ਹੈ।ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਮਦ ਸਦਕਾ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤ ਅਲੌਕਿਕ ਰੂਹਾਨੀ ਅਨੰਦ ਅਤੇ ਵਿਗਾਸ ਵਿੱਚ ਸਨ।ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਨੇ ਗੁਰਦੇਵ ਪਾਤਸ਼ਾਹ ਜੀ ਦੇ ਆਗਮਨ ਦੀ ਖੁਸ਼ੀ ਮਨਾਉਂਦਿਆਂ ਹੋਇਆਂ ਖ਼ਾਲਸ ਘਿਓ ਦੇ ਦੀਵੇ ਜਗਾ ਕੇ ਅੰਮ੍ਰਿਤਸਰ ਨੂੰ ਰੌਸ਼ਨ ਕੀਤਾ ਸੀ।
ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਬੰਧ ਵੀ ਦੀਵਾਲੀ ਦੇ ਤਿਉਹਾਰ ਨਾਲ ਸਬੰਧਤ ਹੈ।ਅੰਮ੍ਰਿਤਸਰ ਦੀ ਦੀਵਾਲੀ ਦੇ ਤਿਉਹਾਰ ਤੇ ਮੁਗ਼ਲ ਹਕੂਮਤ ਨੇ ਕਈ ਵਰ੍ਹਿਆਂ ਤੋਂ ਪਾਬੰਦੀ ਆਇਦ ਕੀਤੀ ਹੋਈ ਸੀ।ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਸੂਬੇ ਨੂੰ ਪੰਜ ਹਜ਼ਾਰ ਰੁਪਏ ਦੇਣਾ ਕਰਕੇ ਦੀਵਾਲੀ ਦਾ ਤਿਉਹਾਰ ਮਨਾਉਣ ਦੀ ਪ੍ਰਵਾਨਗੀ ਲਈ ਸੀ।ਪਰ ਬੇਈਮਾਨ ਸੂਬੇ ਨੇ ਅੰਮ੍ਰਿਤਸਰ ਦੇ ਚੁਫੇਰੇ ਫੌਜ ਤਾਇਨਾਤ ਕਰ ਦਿੱਤੀ ਕਿ ਅੰਮ੍ਰਿਤਸਰ ਪਹੁੰਚਣ ਵਾਲੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਏ।ਭਾਈ ਸਾਹਿਬ ਨੇ ਉਸ ਦੀ ਬਦਨੀਅਤ ਭਾਂਪ ਕੇ ਸਿੱਖਾਂ ਨੂੰ ਅੰਮ੍ਰਿਤਸਰ ਨਾਂ ਆਉਣ ਦੇ ਸੁਨੇਹੇ ਭੇਜ ਦਿੱਤੇ।ਸਿੱਖਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਾਂ ਆਉਣ ਕਾਰਨ ਦਸਵੰਧ ਦੀ ਮਾਇਆ ਇਕੱਤਰ ਨਾਂ ਹੋਈ, ਜਿਸ ਕਾਰਨ ਟੈਕਸ ਅਦਾ ਨਾ ਹੋ ਸਕਿਆ।ਜ਼ਾਲਮ ਹਕੂਮਤ ਭਾਈ ਸਾਹਿਬ ਨੂੰ ਕੈਦ ਕਰਕੇ ਲਾਹੌਰ ਲੈ ਗਈ ਤੇ ਇਸਲਾਮ ਕਬੂਲ ਕਰਨ ਜਾਂ ਸ਼ਹੀਦ ਹੋਣ ਦੀ ਸ਼ਰਤ ਰੱਖ ਦਿੱਤੀ।ਭਾਈ ਸਾਹਿਬ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।ਭਾਈ ਮਨੀ ਸਿੰਘ ਜੀ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦਿਆਂ ਹੋਇਆਂ ਗੁਰੂ ਮਹਾਰਾਜ ਪ੍ਰਤੀ ਸਿਦਕ ਨਿਭਾਇਆ।
ਸਿੱਖ ਸੰਗਤਾਂ ਵਲੋਂ ਸਦੀਆਂ ਤੋਂ ਖ਼ਾਲਸ ਘਿਓ ਅਤੇ ਸਰੋਂ ਦੇ ਤੇਲ ਦੇ ਦੀਵੇ ਜਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।ਗੁਰਬਾਣੀ ਤਾਂ ਹਵਾ, ਪਾਣੀ ਅਤੇ ਧਰਤੀ ਨੂੰ ਧੂੱਧ ਰੱਖਣ ਦਾ ਉਪਦੇਸ਼ ਦੇਂਦੀ ਹੈ, ਪ੍ਰੰਤੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਈ ਜਾਂਦੀ ਆਤਿਸ਼ਬਾਜ਼ੀ ਕਾਰਨ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ।ਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਬੰਧਕਾਂ ਵਲੋਂ ਆਤਿਸ਼ਬਾਜ਼ੀ ਚਲਾਉਣ ਦੀ ਪ੍ਰਵਾਨਗੀ ਹੈ ਤਾਂ ਆਮ ਲੋਕਾਂ ਨੂੰ ਇਸ ਅੱਗ ਦੀ ਖੇਡ, (ਵਿਦਵਾਨਾਂ ਨੇ ਆਤਿਸ਼ਬਾਜ਼ੀ ਦਾ ਸ਼ਾਬਦਿਕ ਅਰਥ “ਅੱਗ ਦੀ ਖੇਡ” ਕੀਤਾ ਹੈ) ਖੇਡਣ ਤੋਂ ਕੌਣ ਰੋਕ ਸਕਦਾ ਹੈ। ਆਤਿਸ਼ਬਾਸ਼ੀ ਚਲਾਉਣ ਨਾਲ ਵਾਤਾਵਰਨ ਵਿੱਚ ਜੋ ਜ਼ਹਿਰੀਲੀਆਂ ਗੈਸਾਂ ਰਲਦੀਆਂ ਹਨ, ਉਹ ਬਜ਼ੁਰਗਾਂ, ਬੱਚਿਆਂ ਅਤੇ ਸਾਹ ਦੀ ਬੀਮਾਰੀ ਦੇ ਮਰੀਜ਼ਾਂ ਲਈ ਬਹੁਤ ਦੁੱਖਦਾਈ ਹਨ।
ਆਤਿਸ਼ਬਾਜ਼ੀ ਰਹਿਤ ਦੀਵੇ ਜਗਾ ਕੇ ਮਨਾਈ ਦੀਵਾਲੀ ਗੁਰੂ ਆਸ਼ੇ ਅਨੁਸਾਰ ਹੈ।ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਨੂੰ ਵੀ ਬੇਨਤੀ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਪ੍ਰਮੁੱਖਤਾ ਦੇਂਦੇ ਹੋਏ ਵਿਦਿਆਰਥੀਆਂ ਨੂੰ ਵੀ ਆਤਿਸ਼ਬਾਜ਼ੀ ਨਾ ਚਲਾਉਣ ਲਈ ਸਿੱਖਿਅਤ ਕਰਨ ਦਾ ਪਰਉਪਕਾਰੀ ਕਾਰਜ਼ ਕਰਨ ਨੂੰ ਤਰਜ਼ੀਹ ਦੇਣ।1211202303

ਪ੍ਰਿੰਸੀਪਲ ਕੁਲਵੰਤ ਸਿੰਘ ‘ਅਣਖੀ’
ਅੰਮ੍ਰਿਤਸਰ। ਮੋ: 98158 40755

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …