Saturday, July 27, 2024

ਦੀਵਾਲੀ ‘ਤੇ ਭਾਈਚਾਰਕ ਸਾਂਝ ਦੇ ਦੀਵੇ ਬਾਲਣ ਦੀ ਲੋੜ

ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ।ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।ਇਹ ਸਾਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ।ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁੱਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਲੋਕਾਂ ਨੇ ਆਪਣੇ ਦਰ-ਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ’ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ’ਚੋ ਉਹ ਹਨੇਰਾ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।
ਸਿੱਖ ਧਰਮ ’ਚ ਵੀ ਦੀਵਾਲੀ ਦੀ ਵਿਸ਼ੇਸ਼ ਮਹੱਤਤਾ ਹੈ।ਇਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਕੈਦੀੇ ਨੂੰ/ਨਾਲ ਰਿਹਾਅ ਹੋ ਕੇ ਅੰਮ੍ਰਿਤਸਰ ਆਏ ਸਨ ਅਤੇ ਲੋਕਾਂ ਨੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ।ਇਸ ਲਈ ਅੱਜ ਵੀ ਅੰਮ੍ਰਿਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ।ਸਦੀਆਂ ਤੋਂ ਇਹ ਤਿਉਹਾਰ ਇਸੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਦੀਪਮਾਲਾ ਕੀਤੀ ਜਾਂਦੀ ਹੈ।ਖ਼ੁਸ਼ੀ ਜ਼ਾਹਿਰ ਕੀਤੀ ਜਾਂਦੀ ਹੈ।ਹਰ ਸਾਲ ਅਰਬਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ।
ਪਰ ਲੱਗਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਅਸਲ ਮਕਸਦ ਅਤੇ ਸੁਨੇਹੇ ਤੋਂ ਭਟਕੇ ਹੋਏ ਹਾਂ।ਦੀਵਾਲੀ ਦਾ ਅਸਲ ਸੁਨੇਹਾਂ ਜੋ ਰਾਮਾਇਨ ਮਹਾਂਗ੍ਰੰਥ ’ਚੋਂ ਨਿਕਲ ਕੇ ਸਾਹਮਣੇ ਆਉਂਦਾ ਹੈ।ਉਹ ਹੈ, ਇਨਸਾਨੀ ਕਦਰਾਂ-ਕੀਮਤਾਂ ‘ਤੇ ਪਹਿਰਾ ਦੇਣਾ, ਉਹਨਾਂ ਨੂੰ ਆਪਣੀ ਜ਼ਿੰਦਗੀ ’ਚ ਲਾਗੂ ਕਰਨਾ, ਆਪਣੇ ਪਾਕ-ਪਵਿੱਤਰ ਰਿਸ਼ਤਿਆਂ ਦੀ ਮਰਿਆਦਾ ਨੂੰ ਬਹਾਲ ਰੱਖਣਾ ਅਤੇ ਲੋਕਾਂ ਨੂੰ ਮਰਿਆਦਾ ‘ਚ ਰਹਿਣ ਲਈ ਪ੍ਰੇਰਿਤ ਕਰਨਾ।ਭਗਵਾਨ ਸ਼੍ਰੀ ਰਾਮ ਜੀ ਦੀ ਤਰ੍ਹਾਂ ਹਰ ਰਿਸ਼ਤੇ ਦੀ ਮਰਿਆਦਾ ਦਾ ਉਚਿਤ ਨਿਰਬਾਹ ਕਰਨਾ ਅਤੇ ਉਸਦੀ ਮਰਿਆਦਾ ਦਾ ਸਹੀ ਸਤਿਕਾਰ ਕਰਨਾ ਹੈ।
ਰਾਮਾਇਣ ਗ੍ਰੰਥ ’ਚ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਕਥਾ ਹੈ।ਇਸ ’ਚ ਰਾਜਸੱਤਾ ਦੀ ਲਾਲਸਾ ’ਚ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਰਾਜ ਭਾਗ ਹਾਸਲ ਕਰਨ ਲਈ ਪਰਿਵਾਰ ਨੂੰ ਤੋੜਣ ਵਾਲੀਆਂ ਚਾਲਾਂ ਚੱਲਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਦੀ ਸਮੁੱਚੀ ਜੀਵਨ ਲੀਲ੍ਹਾ ’ਚ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ।ਇਸ ਤੋਂ ਇਨ੍ਹਾਂ ਇਨਸਾਨੀ ਕਦਰਾਂ-ਕੀਮਤਾ ‘ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ’ਚ ਪਿਰੋਣ ਦੇ ਨਾਲ-ਨਾਲ ਹਰ ਇਨਸਾਨ ਨੂੰ ਆਪਣੇ ਪਾਕ-ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣਾ ਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।
ਇਸ ਤੋਂ ਸਾਨੂੰ ਆਪਣੇ ਰਿਸ਼ਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ’ਚ ਤੈਅ ਹੋਏ ਮਿਲਦੇ ਹਨ।ਇਨ੍ਹਾਂ ਰਿਸ਼ਤਿਆਂ ਅਤੇ ਜ਼ਿੰਮੇਵਾਰੀਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਅੱਖੀਂ ਦੇਖ ਤੇ ਹੰਢਾ ਰਹੇ ਹਾਂ।ਪਰ ਸਮੇਂ ਦੇ ਨਾਲ ਨਾਲ ਜਾਂ ਤਾਂ ਸਾਡੀ ਸੋਚ ਅਪੂਰਨ ਹੋ ਰਹੀ ਹੈ ਅਤੇ ਜਾਂ ਫਿਰ ਮੁੜ ਤੋਂ ਸਾਡੇ ਤੇ ਅਸੁਰੀ (ਰਾਕਸ਼ੀ) ਸ਼ਕਤੀਆਂ ਭਾਰੂ ਹੋ ਰਹੀਆਂ ਹਨ।ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ।ਅੱਜ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ।ਵਾੜ ਹੀ ਖੇਤ ਨੂੰ ਖਾ ਰਹੀ ਹੈ।ਦੇਸ਼ ਤੇ ਸਾਡਾ ਸਮਾਜ ਦਲਦਲ ’ਚ ਧਸ ਰਿਹਾ ਹੈ। ਅੱਜ ਮੁੜ ਸ਼੍ਰੀ ਰਾਮ ਜੀ ਦੀ ਲੋੜ ਹੈ ਜੋ ਸਾਡੇ ਅੰਦਰ ਤਾਰ ਤਾਰ ਹੋਏ ਪਏ ਰਿਸ਼ਤਿਆਂ ਨੂੰ ਨਿਭਾਉਣ ਦਾ ਸਾਨੂੰ ਪਾਠ ਪੜ੍ਹਾ ਸਕਣ, ਦੇਸ਼ ’ਚ ਮਾਰ ਧਾੜ ਅਤੇ ਕਤਲੋਗਾਰਤ ਕਰਨ ਵਾਲੀਆਂ ਰਾਕਸ਼ੀ ਸ਼ਕਤੀਆਂ ਵਾਲੇ ਰਾਵਨਾਂ ਤੋਂ ਸਾਨੂੰ ਆਜ਼ਾਦ ਕਰਾ ਸਕਣ।
ਦੀਵਾਲੀ ਅਸਲ ’ਚ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ।ਇਸ ਪਿੱਛੇ ਲੰਮਾ ਸੁਨੇਹਾ ਹੈ।ਦੀਵੇ ਬਾਲ ਕੇ ਹਨੇਰਾ ਮਿਟਾਉਣਾ ਹੈ।ਸਿਰਫ ਦੀਵਾਲੀ ਦਾ ਰਾਤ ਦਾ ਹੀ ਹਨੇਰਾ ਨਹੀਂ ਖਤਮ ਕਰਨਾ, ਸਗੋਂ ਹਰ ਰਾਤ, ਹਰ ਦਿਨ ਅਤੇ ਹਰ ਦਿਲ ਰੁਸ਼ਨਾਉਣਾ ਹੈ, ਕਿ ਹਰ ਦਿਲ ਹਰ ਰਿਸ਼ਤਾ ਪਾਕ ਪਵਿੱਤਰ ਹੋ ਜਾਵੇ।ਬਾਹਰੀ ਰਸਮ ਨਿਭਾਉਣ ਲਈ ਜਗਾਏ ਜਾਂਦੇ ਘਿਓ-ਤੇਲ ਦੇ ਦੀਵਿਆਂ ਦੀ ਥਾਂ ‘ਤੇ ਅੰਦਰੂਨੀ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ ਲੋੜ ਹੈ।ਸਭਨਾਂ ਧਰਮਾਂ ਦਾ ਸਤਿਕਾਰ ਕਰਨ ਦੀ ਲੋੜ ਹੈ।ਭਾਈਚਾਰਕ ਸਾਂਝ ਦੀਆਂ ਲੜੀਆਂ ਜਗਾਉਣ।
ਆਓ ਦੀਵਾਲੀ ਦੇ ਪਵਿੱਤਰ ਮੌਕੇ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਸਭਨਾਂ ਨਾਲ ਪਿਆਰ ਤੇ ਸਾਂਝ ਨਾਲ ਰਹਾਂਗੇ, ਹਰ ਰਿਸ਼ਤੇ ਦੀ ਮਰਿਆਦਾ ’ਚ ਪਾਲਣਾ ਕਰਾਗੇ, ਦੇਸ਼ ’ਚ ਫ਼ੈਲੀਆਂ ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਜ਼ਬਰ ਜਿਨਾਹ ਅਤੇ ਆਤਮ ਹੱਤਿਆਵਾਂ ਵਰਗੀਆਂ ਰਾਕਸ਼ੀ ਸ਼ਕਤੀਆਂ ਦਾ ਨਾਸ਼ ਕਰਾਂਗੇ।ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।1211202302

ਸੰਜੀਵ ਝਾਂਜੀ ਜਗਰਾਉਂ
ਮੋ – 80049 10000

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …