Wednesday, April 24, 2024

ਵੀ.ਸੀ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਸਦਮਾ, ਮਾਤਾ ਡਾਕਟਰ ਸੁਰਿੰਦ੍ਰ ਕੌਰ ਸੰਧੂ ਦਾ ਦਿਹਾਂਤ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿਮਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦ ਉਨਾਂ ਦੇ ਮਾਤਾ ਜੀ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਸੁਰਿੰਦ੍ਰ ਕੌਰ ਸੰਧੂ (89) ਅੱਜ ਅਕਾਲ ਚਲਾਣਾ ਕਰ ਗਏ ਹਨ।ਉਹ ਪਿੱਛਲੇ ਕੁੱਝ ਦਿਨਾਂ ਤੋਂ ਬੀਮਾਰ ਸਨ।ਉਨਾਂ ਨੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਿਰੀ ਸਾਹ ਲਿਆ।ਡਾ. ਸੁਰਿੰਦ੍ਰ ਕੌਰ ਸੰਧੂ ਦਾ ਅੰਤਿਮ ਸੰਸਕਾਰ 15 ਨਵੰਬਰ 2023 ਨੂੰ ਸਵੇਰੇ 11:00 ਵਜੇ ਸ਼ਮਸ਼ਾਨਘਾਟ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਹੋਵੇਗਾ।ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨਮਿਤ ਅੰਤਿਮ ਅਰਦਾਸ 18 ਨਵੰਬਰ 2023 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਏ.ਬੀ ਬਲਾਕ ਰਣਜੀਤ ਐਵੀਨਊ ਅੰਮਿਤਸਰ ਵਿਖੇ 1.00 ਤੋਂ 2.00 ਵਜੇ ਤੱਕ ਹੋਵੇਗੀ।
ਡਾ. ਸੁਰਿੰਦ੍ਰ ਕੌਰ ਸੰਧੂ ਬਹੁਤ ਪ੍ਰਤਿਸ਼ਠਾਵਾਨ ਪਰਿਵਾਰਿਕ ਪਿਛੋਕੜ ਨਾਲ ਸੰਬੰਧ ਰੱਖਦੇ ਸਨ। ਉਹਨਾਂ ਦਾ ਜਨਮ ਪਿਤਾ ਮਨਮੋਹਨ ਸਿੰਘ ਐਡਵੋਕੇਟ ਅਤੇ ਮਾਤਾ ਸਰਦਾਰਨੀ ਅਜੈਬ ਦੇ ਘਰ ਹੋਇਆ। ਉਹਨਾਂ ਦੇ ਪਿਤਾ ਜੀ ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ” ਦਾ ਪਹਿਲਾ ਅੰਗਰੇਜ਼ੀ ਅਨੁਵਾਦ ਕੀਤਾ ਸੀ ਅਤੇ ਉਨਾਂ ਦੇ ਪਤੀ ਡਾ. ਰਸ਼ਪਾਲ ਸਿੰਘ ਸੰਧੂ ਵੀ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਨ।
ਡਾ. ਸੁਰਿੰਦ੍ਰ ਕੌਰ ਸੰਧੂ ਬਹੁਤ ਹੀ ਸੁਹਿਰਦ ਸਖਸ਼ੀਅਤ ਦੇ ਮਾਲਿਕ ਸਨ।ਇਸ ਗੱਲ ਦਾ ਪ੍ਰਮਾਣ ਇਹ ਹੈ ਕਿ ਕਰੋਨਾ ਕਾਲ ਦੌਰਾਨ ਇਸ ਮਹਾਂਮਾਰੀ ਦੇ ਪ੍ਰਭਾਵ ਹੇਠ ਵਾਪਰੀਆਂ ਦੁਖਾਂਤਕ ਘਟਨਾਵਾਂ ਨੇ ਉਹਨਾਂ ਦੇ ਮਨ ਉਤੇ ਡੂੰਘਾ ਅਸਰ ਪਾਇਆ।ਏਸੇ ਅਸਰ ਹੇਠ ਉਹਨਾਂ ਨੇ ਆਪਣੀ ਵੇਦਨਾ ਨੂੰ ਪ੍ਰਗਟ ਕਰਨ ਲਈ ਕਾਵਿ-ਸਿਰਜਣਾ ਦਾ ਰਾਹ ਚੁਣਿਆ।ਉਹਨਾਂ ਦੁਆਰਾ ਰਚਿਤ ਕਾਵਿ-ਸੰਗ੍ਰਹਿ “ਜ਼ਿੰਦਗੀ ਦੇ ਵਰਕੇ” ਏਸੇ ਸਾਲ (2023) ਪ੍ਰਕਾਸ਼ਿਤ ਹੋਇਆ।ਜਿਸ ਦਾ ਲੋਕ ਅਰਪਣ ਮਿਤੀ 4 ਨਵੰਬਰ 2023 ਨੂੰ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਡਾ. ਮਨਮੋਹਨ ਸਿੰਘ (ਆਈ.ਪੀ.ਐਸ) ਅਤੇ ਡਾ. ਰਵੀ ਰਵਿੰਦਰ (ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦਿੱਲੀ) ਦੁਆਰਾ ਕੀਤਾ ਗਿਆ ਸੀ।ਇਸ ਕਾਵਿ-ਸੰਗ੍ਰਹਿ ਵਿੱਚ ਉਹਨਾਂ ਨੇ ਆਪਣੇ ਅਨੁਭਵ ਅਤੇ ਯਾਦਾਂ ਦੇ ਆਧਾਰ ‘ਤੇ ਦੇਸ਼-ਵੰਡ ਤੋਂ ਲੈ ਕੇ ਕਰੋਨਾ ਮਹਾਂਮਾਰੀ ਤੱਕ ਦੇ ਵਿਭਿੰਨ ਵਿਸ਼ਿਆਂ ਦੀ ਕਾਵਿਕ ਪੇਸ਼ਕਾਰੀ ਕੀਤੀ।
ਉਹਨਾਂ ਦੀ ਪ੍ਰਤਿਭਾਵਾਨ ਸਖ਼ਸ਼ੀਅਤ ਅਤੇ ਪਰਵਰਿਸ਼ ਦਾ ਅਸਰ ਉਹਨਾਂ ਦੇ ਬੱਚਿਆਂ ਉਪਰ ਵੀ ਸਪੱਸ਼ਟ ਰੂਪ ਵਿੱਚ ਨਜ਼ਰ ਆਉਂਦਾ ਹੈ।ਉਹਨਾਂ ਦੇ ਸਪੁੱਤਰ ਡਾ. ਜਸਪਾਲ ਸਿੰਘ ਸੰਧੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ-ਕੁਲਪਤੀ ਹਨ ਅਤੇ ਡਾ. ਜਸਪਾਲ ਸਿੰਘ ਸੰਧੂ ਦੀ ਪਤਨੀ ਡਾ. ਸ਼ਵੇਤਾ ਸੰਧੂ ਯੂਨੀਵਰਸਿਟੀ ਦੇ ਮਿਆਸ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਹਨ।ਡਾ. ਸੁਰਿੰਦ੍ਰ ਕੌਰ ਸੰਧੂ ਦੀ ਸਪੁੱਤਰੀ ਡਾ. ਹਰਲੀਨ ਕੌਰ ਸੰਧੂ ਸੰਯੁਕਤ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਉੱਤਰਾਖੰਡ ਹਨ ਅਤੇ ਦਾਮਾਦ ਡਾ. ਸੁਖਬੀਰ ਸਿੰਘ ਸੰਧੂ (ਆਈ.ਏ.ਐਸ) ਚੀਫ਼ ਸਕੱਤਰ ਉੱਤਰਾਖੰਡ ਹਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …