Friday, September 20, 2024

ਪੰਜਾਬੀ ਹਾਰਰ ਫ਼ਿਲਮ ‘ਗੁੜੀਆ’ ਦੇ ਅਦਾਕਾਰ ਖ਼ਾਲਸਾ ਕਾਲਜ ਵੂਮੈਨ ਪੁੱਜੇ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਫ਼ਿਲਮ ਇੰਡਸਟਰੀ ਨੇ ਦੁਨੀਆ ਭਰ ’ਚ ਆਪਣਾ ਇਕ ਅਹਿਮ ਮੁਕਾਮ ਬਣਾ ਲਿਆ ਹੈ, ਜਿਥੇ ਪਹਿਲਾਂ ਹੀ ਪੰਜਾਬੀ ਸੰਗੀਤ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਸੀ, ਉਥੇ ਹੁਣ ਪੰਜਾਬੀ ਫ਼ਿਲਮਾਂ ਪ੍ਰਸੰਸਕਾਂ ਦੇ ਮਨਾਂ ’ਚ ਆਪਣੀ ਛਾਪ ਛੱਡਦੀਆਂ ਹੋਈਆਂ ਸਫ਼ਲਤਾ ਦੇ ਝੰਡੇ ਲਹਿਰਾ ਰਹੀਆਂ ਹਨ।ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਹਿਲੀ ਪੰਜਾਬੀ ਹਾਰਰ ਫ਼ਿਲਮ ‘ਗੁੜੀਆ’ ਦੇ ਅਦਾਕਾਰਾਂ ਦਾ ਕੈਂਪਸ ਵਿਖੇ ਪੁੱਜਣ ’ਤੇ ਕੀਤਾ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਪਾਲੀਵੁੱਡ ਦੀ ਇਹ ਪਹਿਲੀ ਡਰਾਉਣੀ ਫ਼ਿਲਮ ਹੈ, ਜੋ ਦਰਸ਼ਕਾਂ ਨੂੰ ਖੌਫ਼ਜ਼ਦਾ ਕਰੇਗੀ।ਕਾਲਜ ਪੁੱਜੇ ਫ਼ਿਲਮ ਦੇ ਨਾਇਕ ਨਵਰਾਜ ਹੰਸ, ਨਾਇਕਾ ਸਾਵਨ ਰੂਪੋਵਾਲੀ, ਨਿਰਮਾਤਾ ਗਾਰਗੀ ਚੰਦਰੇ, ਨਿਰਦੇਸ਼ਲ ਰਾਹੁਲ ਚੰਦਰੇ ਅਤੇ ਹੋਰ ਸਿਤਾਰੇ ਸ਼ਾਮਲ ਸਨ।ਨਾਇਕ ਨਵਰਾਜ ਹੰਸ ਨੇ ਫ਼ਿਲਮ ਅਤੇ ਬਾਕੀ ਟੀਮ ਬਾਰੇ ਜਾਣ ਪਛਾਣ ਕਰਵਾਈ ਅਤੇ ਵਿਦਿਆਰਥਣਾਂ ਦੀ ਫਰਮਾਇਸ਼ ’ਤੇ ਗੀਤ ਗਾ ਕੇ ਸਭ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।ਡਾ. ਸੁਰਿੰਦਰ ਕੌਰ ਨੇ ਨਵਰਾਜ ਹੰਸ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ।
ਨਵਰਾਜ ਹੰਸ ਨੇ ਕਿਹਾ ਕਿ ਪਹਿਲੀ ਪੰਜਾਬੀ ਡਰਾਉਣੀ ਫਿਲਮ ‘ਗੁੜੀਆ’ ਰੂਹ ਕੰਬਾ ਦੇਣ ਵਾਲਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਹੈ।ਉਨ੍ਹਾਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਉਕਤ ਪੰਜਾਬੀ ਫ਼ਿਲਮ ਦਰਸ਼ਕਾਂ ਦੀ ਕਸੌਟੀ ’ਤੇ ਖਰੀ ਉਤਰੇਗੀ।ਇਸ ਮੌਕੇ ਵਾਇਸ ਪ੍ਰਿੰਸੀਪਲ ਰਵਿੰਦਰ ਕੌਰ, ਡਾ. ਮਨਬੀਰ ਕੌਰ, ਡਾ. ਚੰਚਲ ਬਾਲਾ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …