Wednesday, April 24, 2024

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2022’ ਸਮਾਗਮ

ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਖ਼ਾਲਸਾ ਗਲੋਬਲ ਰੀਚ ਫਾਊਡੇਸ਼ਨ (ਯੂ.ਐਸ) ਦੇ ਸਹਿਯੋਗ ਨਾਲ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2022’ ਸਬੰਧੀ ਸੈਮੀਨਾਰ ਕਰਵਾਇਆ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਅਤੇ ਅਲਾਹਬਾਦ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਪੀ.ਕੇ ਸਾਹੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਖਾਲਸਾ ਗਲੋਬਲ ਰੀਚ ਫਾਊਡੇਸ਼ਨ ਦੇ ਕੋ-ਆਰਡੀਨੇਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਵੀ ਮੌਜ਼ੂਦ ਸਨ।
ਪ੍ਰੋਗਰਾਮ ਦੀ ਸ਼ਰੂਆਤ ’ਚ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਛੀਨਾ, ਡਾ. ਸਾਹੂ ਅਤੇ ਪ੍ਰਿੰ: ਡਾ. ਹਰਪ੍ਰੀਤ ਕੌਰ ਦੁਆਰਾ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ।
ਸਵਾਗਤੀ ਭਾਸ਼ਣ ’ਚ ਡਾ. ਹਰਪ੍ਰੀਤ ਕੌਰ ਨੇ ਕਿਹਾ ਸਾਡੇ ਵਰਤਮਾਨ ਪੰਜਾਬ ’ਚ ਜਿਥੇ ਨੌਜਵਾਨ ਵਿਦੇਸ਼ ਜਾਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।ਚੰਗੇ ਅਧਿਆਪਕ ਉਨ੍ਹਾਂ ਦੀ ਅਜਿਹੀ ਸੋਚ ਵਿਦੇਸ਼ਾਂ ’ਚ ਰਹੇ ਨੌਜਵਾਨਾਂ ਦੇ ਰੁਝਾਨ ’ਤੇ ਰੋਕ ਲਗਾ ਸਕਦੀ ਹੈ। ਉਨ੍ਹਾਂ ਕਿਹਾ ਕਿ ਡਾ. ਬਖਸ਼ੀਸ਼ ਸਿੰਘ ਦੇ ਇਹ ਵਿਸ਼ੇਸ਼ ਉਪਰਾਲਾ ਸਾਰੇ ਹੀ ਅਧਿਆਪਕਾਂ ਲਈ ਇਕ ਪ੍ਰੇਰਨਾ ਸਰੋਤ ਹੈ।ਇਸ ਐਵਾਰਡ ਲਈ ਪੰਜਾਬ ਦੇ 60 ਅਧਿਆਪਕਾਂ ਦੇ ਬਿਨੈ-ਪੱਤਰਾਂ ਵਿਚੋਂ ਚੁਣੇ 10 ਅਧਿਆਪਕਾਂ ਨੂੰ ਪ੍ਰੋਗਰਾਮ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ।
ਡਾ. ਦਿਨੇਸ਼ ਕੁਮਾਰ ਲੈਕਚਰਾਰ ਫਿਜ਼ਿਕਸ, ਗੋਰਮਿੰਟ ਵਿਕਟੋਰੀਆਂ ਗਰਲਜ਼ ਸਕੂਲ ਪਟਿਆਲਾ ਨੂੰ ਉਤਮ ਅਧਿਆਪਕ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ।ਜਿਸ ਵਿੱਚ ਉਨ੍ਹਾਂ ਨੂੰ ਸਨਮਾਨ ਪੱਤਰ ਅਤੇ ਇਕ ਲੱਖ ਰੁਪਏ ਦੀ ਰਾਸ਼ੀ ਪ੍ਰ੍ਰਦਾਨ ਕੀਤੀ ਗਈ।ਸਰਤਾਜ ਸਿੰਘ ਲੈਕਚਰਾਰ ਕਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੱਗੋਬੂਆ ਤਰਨ ਤਾਰਨ ਨੂੰ 25000/- ਰੁਪਏ ਦੀ ਇਨਾਮ ਰਾਸ਼ੀ ਅਤੇ ਨਿਰਮਲਜੀਤ ਕੌਰ (ਗੌਰਮਿੰਟ ਐਲੀਮੈਂਟਰੀ ਸਕੂਲ ਢੋਟਾਂ ਖਡੂਰ ਸਾਹਿਬ) ਨੂੰ 15000/- ਰੁਪਏ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜ਼ਿਆ ਗਿਆ।
ਸੈਮੀਨਾਰ ’ਚ ਜਗਤਾਰ ਸਿੰਘ ਸੋਖੀ (ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਕਬਰਵੱਛਾ ਫਿਰੋਜ਼ਪੁਰ) ਨੂੰ ਪੰਜਾਬੀ ਭਾਸ਼ਾ ਦੇ ਪਾਸਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਪੰਜਾਬੀ ਭਾਸ਼ਾ ਰਤਨ ਪੁਰਸਕਾਰ ਨਾਲ ਨਿਵਾਜ਼ਿਆ ਗਿਆ।ਜਿਸ ਤਹਿਤ ਉਹ ਪ੍ਰਸ਼ੰਸਾ ਪੱਤਰ ਅਤੇ 10000/- ਨਕਦ ਰਾਸ਼ੀ ਦੇ ਹੱਕਦਾਰ ਬਣੇ।ਨਰਿੰਦਰ ਸਿੰਘ, ਡਾ. ਰਵਿੰਦਰ ਕੁਮਾਰ, ਸ੍ਰੀਮਤੀ ਰੁਮਾਨੀ ਅਹੂਜਾ, ਗੁਰਮੀਤ ਸਿੰਘ, ਡਾ. ਸ਼ੁਸ਼ੀਲ ਕੁਮਾਰ, ਸ੍ਰੀਮਤੀ ਰੁਪਿੰਦਰਜੀਤ ਕੌਰ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਪ੍ਰਿੰ: ਹਰਪ੍ਰੀਤ ਕੌਰ ਨੇ ਪ੍ਰੋਗਰਾਮ ਕੋ-ਆਰਡੀਨੇਟਰ ਅਤੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਅਤੇ ਐਸੋਸੀਏਟ ਪ੍ਰੋ: ਡਾ. ਗੁਰਜੀਤ ਕੌਰ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਡਾ. ਹੁਸ਼ਿਆਰ ਨਗਰ ਨੇ ਕਿਹਾ ਕਿ ਖਾਲਸਾ ਫਾਊਂਡੇਸ਼ਨ ਦਾ ਉਦੇਸ਼ ਇਸ ਐਵਾਰਡ ਰਾਹੀਂ ਯੋਗ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਨਾ ਹੈ।ਫ਼ਾਊਂਡੇਸ਼ਨ ਦੇ ਪ੍ਰ੍ਰਧਾਨ ਬਖਸ਼ੀਸ਼ ਸਿੰਘ ਸੰਧੂ ਨੇ ਆਪਣੇ ਅਮਰੀਕਾ ਤੋਂ ਭੇਜੇ ਸੰਦੇਸ਼ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਧੰਨਵਾਦ ਕੀਤਾ।ਇਸ ਐਵਾਰਡ ਨੂੰ ਸਾਲਾਨਾ ਪ੍ਰਦਾਨ ਕਰਨ ਲਈ ਹਰ ਸਾਲ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ, ਜਿਸ ਲਈ ਰਕਮ ਬੈਂਕ ’ਚ ਰਾਖਵੀਂ ਰੱਖ ਦਿੱਤੀ ਗਈ ਹੈ।ਕਾਲਜ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਮੈਂਬਰ ਗੁਰਪ੍ਰੀਤ ਸਿੰਘ ਗਿੱਲ, ਖ਼ਾਲਸਾ ਕਾਲਜ ਫ਼ਾਰ ਵੁਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਤੋਂ ਇਲਾਵਾ ਫਾਊਂਡੇਸ਼ਨ ਮੈਂਬਰ ਤੇ ਵਿਦਿਆਰਥੀ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …