ਜੇਤੂ ਟੀਮ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ
ਅੰਮ੍ਰਿਤਸਰ, 24 ਦਸੰਬਰ (ਗੁਰਪ੍ਰੀਤ ਸਿੰਘ) – ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਮਾਤਾ ਗੁਜਰੀ ਕਾਲਜ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ 26 ਦਸੰਬਰ 2014 ਨੂੰ ਕਬੱਡੀ ਮੈਚ ਕਰਵਾਏ ਜਾਣਗੇ।ਜਿਸ ਵਿੱਚ ਬਾਬਾ ਜੋਰਾਵਰ ਸਿੰਘ-ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ (ਸ਼੍ਰੋ:ਗੁ:ਪ੍ਰ:ਕਮੇਟੀ), ਫਤਹਿਗੜ੍ਹ ਸਾਹਿਬ ਸਪੋਰਟਸ ਕਲੱਬ ਮਾਧੋਪੁਰ, ਅਲੰਕਾਰ ਟੋਨੀ ਕਲੱਬ ਕੁੱਬੇ, ਸ਼ਹਿਨਸ਼ਾਹ ਯੂ.ਕੇ. ਕਬੱਡੀ ਕਲੱਬ ਬਠਿੰਡਾ, ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ, ਮਾਤਾ ਨਸੀਬ ਕੌਰ ਕਬੱਡੀ ਅਕੈਡਮੀ ਫਰਵਾਹੀ, ਨਿਊਦੀਪ ਕਬੱਡੀ ਅਕੈਡਮੀ ਗਿੱਦੜਬਾਹਾ ਅਤੇ ਬਾਬਾ ਫਰੀਦ ਕਬੱਡੀ ਅਕੈਡਮੀ ਫਰੀਦਕੋਟ ਸਮੇਤ ਕੁਲ 8 ਨਾਮੀ ਟੀਮਾਂ ਨੇ ਭਾਗ ਲੈਣਗੀਆਂ।
ਇਥੋਂ ਜਾਰੀ ਪੈ੍ਰਸ ਨੋਟ ਵਿੱਚ ਸ. ਦਲਮੇਘ ਸਿੰਘ ਸਕੱਤਰ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਨ੍ਹਾਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਪੰਜਾਬੀਆਂ ਦੀ ਮਾਂ ਖੇਡ ਵਜੋਂ ਜਾਣੀ ਜਾਂਦੀ ਕਬੱਡੀ ਖੇਡ ਕਰਵਾਏ ਜਾਣ ਦਾ ਮੁੱਖ ਮੰਤਵ ਸਿੱਖੀ ਨੂੰ ਉਤਸ਼ਾਹਤ ਕਰਨਾ ਅਤੇ ਨੌਜਵਾਨਾਂ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਖਤਮ ਕਰਕੇ ਰਿਸ਼ਟ-ਪੁਸ਼ਟ ਰੱਖਣਾ ਹੈ।ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਮੈਚਾਂ ਦੀ ਆਰੰਭਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਉਣਗੇ ਤੇ ਉਸ ਸਮੇਂ ਉਨ੍ਹਾਂ ਨਾਲ ਸਾਂਸਦ ਮੈਂਬਰ ਪੋ੍ਰਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸ. ਜਗਦੀਪ ਸਿੰਘ ਚੀਮਾ, ਸ. ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼ੋ੍ਰਮਣੀ ਕਮੇਟੀ, ਅੰਤ੍ਰਿੰਗ ਮੈਂਬਰ ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਕਲਾਂ ਤੇ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹੋਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਤੇ ਦੂਜੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਮੈਚ ਪੰਜਾਬ ਪ੍ਰਦੇਸ਼ ਕਬੱਡੀ ਐਸੋਸੀਏਸ਼ਨ ਦੇ ਮੈਚ ਰੈਫਰੀਆਂ ਦੀ ਨਿਗਰਾਨੀ ਹੇਠ ਹੋਣਗੇ।