Friday, July 19, 2024

ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਸਾਲਾ ਪ੍ਰਕਾਸ਼ ਗੁਰਪੁਰਬ ’ਤੇ ਖਾਲਸਾ ਸੰਸਥਾਵਾਂ ਵਲੋਂ ਵਿਸ਼ਾਲ ‘ਨਗਰ ਕੀਰਤਨ’

ਨਗਰ ਕੀਰਤਨ ਖਾਲਸਾ ਕਾਲਜ ’ਤੋਂ ਆਰੰਭ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ

ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਵਹਿਮਾਂ ਭਰਮਾਂ, ਕਰਮ ਕਾਂਡਾਂ, ਜਾਤ-ਪਾਤ ਅਤੇ ਊਚ ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਕੱਢਣ ਲਈ ਆਪਣੇ ਜੀਵਨ ’ਚ ਚਾਰ ਉਦਾਸੀਆਂ ਕਰਦਿਆਂ ਸਮੂਹ ਜਗਤ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਅਤੇ ਪੰਜ਼ਾਂ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸਜ਼ਾਏ ਗਏ ਵਿਸ਼ਾਲ ਅਲੌਕਿਕ ਨਗਰ ਕੀਰਤਨ ’ਚ ਹਾਜ਼ਰੀ ਭਰਦਿਆਂ ਕਹੇ।
ਦੇਸ਼-ਵਿਦੇਸ਼ ’ਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਛੀਨਾ ਨੇ ਗੁਰੂ ਸਾਹਿਬ ਜੀ ਦੇ ਭਾਈਚਾਰਕ ਸਾਂਝ ਦੇ ਫ਼ਲਸਫ਼ੇ ਅਤੇ ਸਮਾਜ ਨੂੰ ਸੱਚ ਦੇ ਮਾਰਗ ’ਤੇ ਚੱਲਣ ਤੋਂ ਇਲਾਵਾ ਨਾਮ ਸਿਮਰਨ ਲਈ ਪ੍ਰੇਰਿਤ ਕੀਤਾ।ਗਵਰਨਿੰਗ ਕੌਂਸਲ ਦੇ ਸਮੂਹ ਕਾਲਜਾਂ, ਸਕੂਲਾਂ ਦੇ ਪ੍ਰਿੰਸੀਪਲਾਂ, ਸਟਾਫ਼ ਮੈਂਬਰ ਅਤੇ ਕਰੀਬ 30 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਹਾਜ਼ਰੀ ਲਗਵਾ ਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ।ਨਗਰ ਕੀਰਤਨ ’ਚ ਸ਼ਾਮਲ ਵਿਦਿਆਰਥੀ-ਵਿਦਿਆਰਥਣਾਂ ‘ਕਲਿ ਤਾਰਣਿ ਗੁਰੁ ਨਾਨਕ ਆਇਆ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ, ਬੋਲੇ ਸੋ ਨਿਹਾਲ, ਪੰਥ ਕੀ ਜੀਤ’ ਆਦਿ ਜੈਕਾਰੇ ਗੁੰਜਾਉਂਦੇ ਹੋਏ ਸ਼ਾਮਿਲ ਹੋਏ ਅਤੇ ਗੁਰਬਾਣੀ ਸ਼ਬਦ ਦਾ ਉਚਾਰਣ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪਹੁੰਚੇ।ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ।ਨਗਰ ਕੀਰਤਨ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਬਜ਼ਾਰ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਇਆ।ਨਗਰ ਕੀਰਤਨ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ’ਤੇ ਪੁੱਜਣ ਮੌਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜ਼ਰ ਨਰਿੰਦਰ ਸਿੰਘ ਅਤੇ ਰਣਧੀਰ ਸਿੰਘ, ਅੰਮ੍ਰਿਤਪਾਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਦੇਵ ਸਿੰਘ ਵਲੋਂ ਛੀਨਾ ਸਮੇਤ ਕੌਂਸਲ ਦੇ ਫ਼ਾਇਨਾਂਸ ਸਕਤਰ ਗੁਨਬੀਰ ਸਿੰਘ, ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ ਅਤੇ ਸਮੂਹ ਕਾਲਜਾਂ ਦੇ ਪ੍ਰਿੰਸੀਪਲਾਂ ਆਦਿ ਦਾ ਸਵਾਗਤ ਕਰਦਿਆਂ ਸਿਰੋਪਾਓ ਭੇਟ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਨਗਰ ਕੀਰਤਨ ’ਚ ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾਈ।ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਵਲੋਂ ਨਗਰ ਕੀਰਤਨ ਲਈ ਕੀਤੇ ਗਏ ਕਰੜੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਮੈਂਬਰ ਸੁਖਬੀਰ ਕੌਰ ਮਾਹਲ, ਗੁਰਪ੍ਰੀਤ ਸਿੰਘ ਗਿੱਲ, ਲਖਵਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਸੰਧੂ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਪ੍ਰਿੰ: (ਡਾ.) ਸੁਰਿੰਦਰ ਕੌਰ, ਪ੍ਰਿੰ: ਮਨਦੀਪ ਕੌਰ, ਪ੍ਰਿੰ: (ਡਾ.) ਆਰ. ਕੇ ਧਵਨ, ਡਾਇਰੈਕਟਰ ਡਾ. ਮੰਜ਼ੂ ਬਾਲਾ, ਪ੍ਰਿੰ: ਡਾ. ਅਮਨਪ੍ਰੀਤ ਕੌਰ, ਪ੍ਰਿੰ: ਗੁਰਦੇਵ ਸਿੰਘ, ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰ: 9ਡਾ.) ਇੰਦਰਜੀਤ ਸਿੰਘ ਗੋਗੋਆਣੀ, ਪਿ੍ਰੰ: ਨਾਨਕ ਸਿੰਘ, ਪਿ੍ਰੰ: ਕੰਵਲਜੀਤ ਸਿੰਘ, ਪਿ੍ਰੰ: ਹਰੀਸ਼ ਕੁਮਾਰ ਵਰਮਾ, ਪ੍ਰਿੰ: ਏ. ਐਸ ਗਿੱਲ, ਪ੍ਰਿੰ: ਪੁਨੀਤ ਕੌਰ ਨਾਗਪਾਲ, ਪ੍ਰਿੰ: ਨਿਰਮਲਜੀਤ ਕੌਰ, ਪ੍ਰਿੰ: ਗੁਰਿੰਦਰਜੀਤ ਕੌਰ, ਅੰਡਰ ਸੈਕਟਰੀ ਡੀ.ਐਸ ਰਟੌਲ, ਅੰਮ੍ਰਿਤਪਾਲ ਸਿੰਘ, ਅਧਿਆਪਕ ਸਾਹਿਬਾਨ, ਗੈਰ ਅਧਿਆਪਨ ਸਟਾਫ ਮੈਂਬਰ ਅਤੇ ਵੱਡੀ ਗਿਣਤੀ ’ਚ ਸਮੂਹ ਕਾਲਜ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

 

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …