Saturday, April 20, 2024

ਕੇਂਦਰੀ ਸਭਾ ਵਲੋਂ ਲਾਇਬ੍ਰੇਰੀਆਂ ਖੋਲ੍ਹਣ ਲਈ ਸਰਕਾਰ ਦੇ ਫੈਸਲੇ ਦਾ ਸਵਾਗਤ

ਅੰਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਬੀਤੇ ਦਿਨ ਪੰਜਾਬ ਸਰਕਾਰ ਵਲੋਂ ਹਰ ਵਿਧਾਨ ਸਭਾ ਹਲਕੇ 6-6 ਜਨਤਕ ਲਾਇਬ੍ਰੇਰੀਆਂ ਖੋਲ੍ਹੇ ਜਾਣ ਦੇ ਫੈਸਲੇ ਦਾ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਵਾਗਤ ਕੀਤਾ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਡਾ. ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਅੱਜ ਏਥੋਂ ਜਾਰੀ ਬਿਆਨ ਵਿੱਚ ਸਰਕਾਰ ਵਲੋਂ ਲੋਕਾਂ ਨੂੰ ਪੁਸਤਕਾਂ ਸੰਗ ਜੋੜਨ ਲਈ ਲਾਇਬ੍ਰੇਰੀਆਂ ਪ੍ਰਤੀ ਲਏ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਲਾਇਬ੍ਰੇਰੀਆਂ ਲਈ ਮਿਆਰੀ ਪੁਸਤਕਾਂ ਲੇਖਕਾਂ ਕੋਲੋਂ ਵੀ ਖਰੀਦੀਆਂ ਜਾਣ ਤਾਂ ਜੋ ਪੱਲਿਓਂ ਪੈਸੇ ਖਰਚ ਕੇ ਕਿਤਾਬ ਛਪਵਾਉਣ ਵਾਲੇ ਲੇਖਕ ਦੀ ਆਰਥਿਕ ਮਦਦ ਹੋ ਸਕੇ।
ਉਹਨਾਂ ਕਿਹਾ ਕਿ ਪੰਜਾਬ ਅੰਦਰ ਪਹਿਲਾਂ ਤੋਂ ਹੀ ਚੱਲ ਰਹੀਆਂ ਪਬਲਿਕ ਲਾਇਬਰੇਰੀਆਂ ਜਿਹਨਾਂ ਵਿੱਚ ਵੱਖ-ਵੱਖ ਭਾਸ਼ਾਵਾਂ ‘ਚ ਮੁਲਵਾਨ ਪੁਸਤਕਾਂ, ਹੱਥ-ਲਿਖਤਾਂ ਅਤੇ ਖਰੜੇ ਮੌਜ਼ੂਦ ਹਨ। ਪੰਜਾਬ ਦੀਆਂ ਇਹਨਾਂ ਇਕ ਦੋ ਲਾਇਬ੍ਰੇਰੀਆਂ ਨੂੰ ਛੱਡ ਕੇ ਬਾਕੀ ਲਾਇਬ੍ਰੇਰੀਅਨ ਅਤੇ ਹੋਰ ਸਟਾਫ ਤੋਂ ਸੱਖਣੀਆਂ ਹਨ ਅਤੇ ਬਿਲਡਿੰਗਾਂ ਵੀ ਰੱਖ-ਰਖਾਅ ਦੀ ਮੰਗ ਕਰਦੀਆਂ ਹਨ।
ਲੇਖਕ ਆਗੂਆਂ ਨੇ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਸਮੁੱਚੇ ਪੰਜਾਬ ਦੀਆਂ ਲਾਇਬ੍ਰੇਰੀਆਂ ਦੇ ਸਟਾਫ ਦੀ ਪੱਕੀ ਭਰਤੀ ਕਰਨੀ ਚਾਹੀਦੀ ਹੈ, ਤਾਂ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰੇ ਜਿਥੋਂ ਬੈਚਲਰ ਆਫ ਲਾਇਬ੍ਰੇਰੀ ਸਾਇੰਸ ਅਤੇ ਮਾਸਟਰ ਆਫ ਲਾਇਬ੍ਰੇਰੀ ਸਾਇੰਸ ਵਰਗੀ ਉਚ ਸਿੱਖਿਆ ਪ੍ਰਾਪਤ ਬੇਰੁਜ਼ਗਾਰਾਂ ਨੂੰ ਆਪਣੇ ਸੂਬੇ ਵਿਚ ਰੁਜ਼ਗਾਰ ਮਿਲ ਸਕੇ।
ਕੇਂਦਰੀ ਸਭਾ ਦੇ ਅਹੁੱਦੇਦਾਰ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਬਲਵਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਮੂਲ ਚੰਦ ਸ਼ਰਮਾ ਅਤੇ ਰਜਿੰਦਰ ਰਾਜਨ ਆਦਿ ਨੇ ਵੀ ਸਰਕਾਰ ਦੇ ਇਸ ਫੈਸਲੇ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਤੇ ਜ਼ੋਰ ਦਿੱਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …