ਭਾਈ ਸਾਹਿਬ ਨਿੱਕੀਆਂ ਕਵਿਤਾਵਾਂ ਦੇ ਵੱਡੇ ਕਵੀ ਸਨ – ਡਾ: ਨਰਵਿੰਦਰ ਸਿੰਘ ਕੌਸ਼ਲ
ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾਕਟਰ ਭਾਈ ਵੀਰ ਜੀ ਦੇ 151ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਵਿਦਿਅਕ ਸੈਮੀਨਾਰ ਕਰਵਾਇਆ ਗਿਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਜ਼ੋਨ ਵਲੋਂ ਕਰਵਾਏ ਇਸ ਸਮਾਗਮ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ: ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰਕਸ਼ੇਤਰ ਯੂਨੀਵਰਸਿਟੀ ਤੇ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਸਾਹਿਤਕਾਰ ਡਾ: ਚਰਨਜੀਤ ਸਿੰਘ ਉਡਾਰੀ ਨੇ ਸ਼ਮੂਲੀਅਤ ਕੀਤੀ।ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ: ਸੁਖਵਿੰਦਰ ਸਿੰਘ ਨੇ ਕੀਤੀ।ਆਰੰਭਤਾ ਪੋ੍ਰ. ਸੁਭਾਸ਼ ਕੁਮਾਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਸੈਮੀਨਾਰ ਦੇ ਮੰਤਵ ਬਾਰੇ ਦੱਸਦੇ ਹੋਏ ਸਟੇਜ ਸੰਭਾਲੀ।ਡਾ. ਨਰਵਿੰਦਰ ਸਿੰਘ ਕੌਸ਼ਲ ਨੂੰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਬਨਣ ‘ਤੇ ਉਨਾਂ ਵਧਾਈ ਦਿੱਤੀ।ਡਾ: ਰਾਜਵਿੰਦਰ ਕੌਰ ਨੇ ਸਵਾਗਤੀ ਸ਼ਬਦ ਕਹੇ,ਜਦਕਿ ਪੰਜਾਬੀ ਵਿਭਾਗ ਦੇ ਮੁਖੀ ਡਾ: ਸੁਖਵਿੰਦਰ ਸਿੰਘ ਪਰਮਾਰ ਨੇ ਕਿਹਾ ਕਿ ਅਜਿਹੇ ਮਾਤ ਭਾਸ਼ਾਈ ਸੈਮੀਨਾਰਾਂ ਨਾਲ ਵਿਦਿਆਰਥੀਆਂ ਵਿੱਚ ਸਾਹਿਤਕ ਚੇਤਨਾ ਉਪਜਦੀ ਹੈ।
ਮੁਖ ਬੁਲਾਰੇ ਡਾ. ਚਰਨਜੀਤ ਸਿੰਘ ਉਡਾਰੀ ਨੇ ਭਾਈ ਵੀਰ ਜੀ ਦੇ ਜੀਵਨ ਤੇ ਰੋਸ਼ਨੀ ਪਾਉਂਦੇ ਹੋਏ ਉਨ੍ਹਾਂ ਵਲੋਂ ਪੰਜਾਬੀ ਸਾਹਿਤ, ਕਾਵਿ ਖੇਤਰ, ਸ਼ਬਦ ਕੋਸ਼, ਖਾਲਸਾ ਸੰਸਥਾਵਾਂ ਸਬੰਧੀ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਭਾਈ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਸ਼ੈਲੀ ਦਾ ਵਿਕਾਸ ਕੀਤਾ ਹੈ।ਡਾ. ਕੌਸ਼ਲ ਨੇ ਭਾਈ ਸਾਹਿਬ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਅਤੇ ਦੱਸਿਆ ਕਿ ਉਨਾਂ ਦਾ ਪਹਿਲਾ ਨਾਵਲ “ਸੁੰਦਰੀ” ਨੂੰ 125000 ਦੀ ਗਿਣਤੀ ਵਿੱਚ ਛਾਪਿਆ ਗਿਆ ਹੈ।ਸੇਵਾ ਮੁਕਤ ਪਿ੍ੰਸੀਪਲ ਡਾ. ਇਕਬਾਲ ਸਿੰਘ, ਡਾ. ਭਗਵੰਤ ਸਿੰਘ ਸਾਬਕਾ ਜਿਲ੍ਹਾ ਭਾਸ਼ਾ ਅਫ਼ਸਰ, ਮਲਵਈ ਲੋਕ ਧਾਰਾ ਸੁਸਾਇਟੀ ਦੇ ਪ੍ਰਧਾਨ ਦਲਵਾਰ ਸਿੰਘ ਚੱਠੇ, ਨਿਹਾਲ ਸਿੰਘ ਮੰਗਵਾਲ, ਗੁਰਜੰਟ ਸਿੰਘ ਰਾਹੀ ਜ਼ੋਨਲ ਪ੍ਰਧਾਨ, ਪੋ੍ਰ. ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਨੇ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਐਡੀਸ਼ਨਲ ਜ਼ੋਨਲ ਸਕੱਤਰ ਅਕਾਦਮਿਕ ਖੇਤਰ ਪ੍ਰੋ. ਨਰਿੰਦਰ ਸਿੰਘ ਅਤੇ ਅਮਨਦੀਪ ਕੌਰ ਇਸਤਰੀ ਕੌਂਸਲ ਸੰਗਰੂਰ ਨੇ ਕਵਿਤਾ ਦੇ ਰੂਪ ਵਿੱਚ ਭਾਈ ਸਾਹਿਬ ਦੇ ਜੀਵਨ ਨੂੰ ਪੇਸ਼ ਕੀਤਾ। ਕਾਲਜ ਦੇ ਸਰੀਰਕ ਵਿਭਾਗ ਦੇ ਮੁਖੀ ਡਾ: ਹਰਦੀਪ ਸਿੰਘ ਦੁਆਰਾ ਲਿਖਿਤ ਪੁਸਤਕ “ਖੇਡ ਪੁਲਾਂਘਾਂ “ਨੂੰ ਇਸ ਲੋਕ ਅਰਪਣ ਕੀਤਾ ਗਿਆ।ਵਿਦਿਆਰਥੀ ਲਵਨੀਤ ਸਿੰਘ ਦੀ ਅਗਵਾਈ ‘ਚ ਵਿਦਿਆਰਥੀਆਂ ਵਲੋਂ ਪੰਜਾਬੀ ਭਾਸ਼ਾ ਨੂੰ ਅਪਨਾਉਣ ਅਤੇ ਪ੍ਰਫੁੱਲਿਤ ਕਰਨ ਲਈ ਸੰਕਲਪ ਲਿਆ ਗਿਆ।ਪ੍ਰਿੰਸੀਪਲ ਡਾ: ਸੁਖਵਿੰਦਰ ਸਿੰਘ ਨੇ ਪ੍ਰਧਾਨਗੀ ਭਾਸ਼ਣ ‘ਚ ਸਮੂਹ ਬੁਲਾਰਿਆਂ ਦੇ ਵਿਚਾਰਾਂ ਦਾ ਮੁਲੰਕਣ ਕਰਦਿਆਂ ਕਿਹਾ ਕਿ ਭਾਈ ਵੀਰ ਸਿੰਘ ਨਵੀਂ ਅਤੇ ਆਧੁਨਿਕ ਸਾਹਿਤ ਕਾ੍ਂਤੀ ਦੇ ਵਾਰਿਸ ਸਨ।ਉਨਾਂ ਕਿਹਾ ਕਿ ਮੁੱਖ ਮਹਿਮਾਨ ਅਤੇ ਸਮੂਹ ਬੁਲਾਰੇ ਰਣਬੀਰ ਕਾਲਜ ਦੇ ਵਿਦਿਆਰਥੀ ਰਹੇ ਹਨ।ਇਸ ਸਮਾਗਮ ਵਿੱਚ ਪੰਜਾਬੀ ਵਿਭਾਗ ਦੇ ਸਟਾਫ ਮੈਂਬਰ ਡਾ. ਕਮਲਜੀਤ ਕੌਰ, ਡਾ. ਇਕਬਾਲ ਸਿੰਘ, ਪ੍ਰੋ. ਰਾਵਿੰਦਰਪਾਲ ਸਿੰਘ ਭੰਗੂ, ਪ੍ਰੋ. ਜਗਤਾਰ ਸਿੰਘ, ਪ੍ਰੋ. ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।
ਮਹਿਮਾਨਾਂ, ਕਾਲਜ ਪ੍ਰਿੰਸੀਪਲ ਅਤੇ ਬੁਲਾਰਿਆਂ ਨੂੰ ਸਟੱਡੀ ਸਰਕਲ ਵਲੋਂ ਗੁਰਮੇਲ ਸਿੰਘ ਵਿੱਤ ਸਕੱਤਰ, ਗੁਰਜੰਟ ਸਿੰਘ ਰਾਹੀ, ਸੁਰਿੰਦਰ ਪਾਲ ਸਿੰਘ ਸਿਦਕੀ, ਪ੍ਰੋ. ਨਰਿੰਦਰ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ ਨੇ ਲੋਈਆਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।