17ਵੇਂ ਪਾਈਟੈਕਸ ਦੇ ਸਮਾਪਤੀ ਸਮਾਰੋਹ ‘ਚ ਪੱਜੇ ਟਰਾਂਸਪੋਰਟ ਮੰਤਰੀ
ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਆਪਣੇ ਉਦਯੋਗਾਂ ਦਾ ਵਿਸਥਾਰ ਕਰਨ, ਜਿਸ ਲਈ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ।ਭੁੱਲਰ ਅੰਮ੍ਰਿਤਸਰ ਵਿਖੇ 17ਵੇਂ ਪਾਈਟੈਕਸ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਦੇਸ਼-ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ।ਜਿਸ ਨੇ ਆਪਣੀਆਂ ਨੀਤੀਆਂ ਆਮ ਆਦਮੀ ਦੀਆਂ ਮੰਗਾਂ ਅਨੁਸਾਰ ਬਣਾਈਆਂ ਹਨ ਅਤੇ ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਭੂਮਿਕਾ ਅਹਿਮ ਹੈ।ਪੰਜਾਬ ਵਿੱਚ ਸਨਅਤਕਾਰਾਂ ਨੂੰ ਸਸਤੀ ਬਿਜਲੀ ਦੇਣ ਤੋਂ ਇਲਾਵਾ ਉਨ੍ਹਾਂ ਦੀ ਮੰਗ ਅਨੁਸਾਰ ਸਨਅਤੀ ਨੀਤੀ ਵਿੱਚ ਬਦਲਾਅ ਕੀਤੇ ਗਏ ਹਨ।
ਭੁੱਲਰ ਨੇ ਪੀ.ਐਚ.ਡੀ ਚੈਂਬਰ ਨੂੰ ਪਾਈਟੈਕਸ ਦੇ ਆਯੋਜਨ `ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਮੇਲਾ ਹੁਣ ਸਰਹੱਦੀ ਜਿਲ੍ਹਿਆਂ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਮਾਣ ਬਣ ਗਿਆ ਹੈ।ਇਸ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਭਾਵੇਂ ਥੋੜ੍ਹੇ ਸਮੇਂ ਲਈ ਹੀ।ਉਨ੍ਹਾਂ ਕਿਹਾ ਕਿ ਪੰਜਾਬ ਸੈਰ ਸਪਾਟੇ ਦੇ ਖੇਤਰ ਵਿੱਚ ਮਜ਼ਬੂਤ ਹੋਇਆ ਹੈ।ਪੰਜਾਬ ਸਰਕਾਰ ਪਾਇਟੈਕਸ ਵਰਗੇ ਸਮਾਗਮਾਂ ਨੂੰ ਸਫਲ ਬਣਾਉਣ ਲਈ ਜਲਦੀ ਹੀ ਜ਼ਮੀਨ ਦਾ ਪ੍ਰਬੰਧ ਕਰੇਗੀ।
ਆਰ.ਐਸ ਸਚਦੇਵਾ ਚੇਅਰਮੈਨ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਨੇ ਭੁੱਲਰ ਦੀ ਆਮਦ `ਤੇ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ `ਚ ਲੱਖਾਂ ਦੀ ਗਿਣਤੀ `ਚ ਲੋਕਾਂ ਦੀ ਹਾਜ਼ਰੀ ਇਸ ਗੱਲ ਦੀ ਗਵਾਹ ਹੈ ਕਿ ਹੁਣ ਪੰਜਾਬ ਤੇਜ਼ੀ ਨਾਲ ਰੰਗਲਾ ਪੰਜਾਬ ਬਣਨ ਵੱਲ ਵੱਧ ਰਿਹਾ ਹੈ।
ਇਸ ਮੌਕੇ ਡਾਇਰੈਕਟਰ ਐਮ.ਐਸ.ਈ ਵਰਿੰਦਰ ਸ਼ਰਮਾ, ਇੰਦਰਜੀਤ ਸਿੰਘ ਟਾਂਡੀ ਜੀ.ਐਮ.ਡੀ ਆਈ.ਸੀ, ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਡਾਇਰੈਕਟਰ ਭਾਰਤੀ ਸੂਦ, ਸਥਾਨਕ ਕਨਵੀਨਰ ਜੈਦੀਪ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।
ਪ੍ਰਗਤੀਸ਼ੀਲ ਕਿਸਾਨ ਅਤੇ ਨੌਜਵਾਨ ਸਟਾਟਪ ਨੂੰ ਕੀਤਾ ਸਨਮਾਨਿਤ
ਪੀ.ਐਚ.ਡੀ ਚੈਬਰ ਵਲੋਂ ਨਿਵੇਕਲੀ ਪਹਿਲ ਕਰਦੇ ਹੋਏ ਝੋਨੇ ਦੀ ਰਹਿੰਦ ਖੂੰਹਦ ਅਤੇ ਪਰਾਲੀ ਦੀ ਮਦਦ ਨਾਲ ਸੀਲੰਗ ਟਾਈਲਾਂ ਬਣਾਉਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਪਰਮਿੰਦਰ ਸਿੰਘ, ਔਰਗੈਨਿਕ ਹਲਦੀ ਦੀ ਖੇਤੀ ਕਰਨ ਵਾਲੇ ਅੰਮ੍ਰਿਤਸਰ ਦੇ ਪਿੰਡ ਤਰਸਿਕਾ ਦੇ ਕਿਸਾਨ ਸੁਲਤਾਨ ਸਿੰਘ ਭਿੰਡਰ ਅਤੇ ਪਿੰਡ ਜੇਠੂਵਾਲ ਨਿਵਾਸੀ ਅਤੇ ਸ਼ਹਿਦ ਦੀ ਪੈਦਾਵਾਰ ਕਰਨ ਵਾਲੇ ਨੌਜਵਾਨ ਪਵਨਦੀਪ ਅਰੋੜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਚੈਂਬਰ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਾਹਿਕ ਧੰਦੇ ਅਪਨਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।