Sunday, October 6, 2024

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ‘ਚਾਰ ਸਾਹਿਬਜ਼ਾਦਿਆਂ’ ਦੀ ਸ਼ਹਾਦਤ ਨੂੰ ਸਮਰਪਿਤ ‘ਬੇਨਤੀ’ ਕਾਰਡ ਜਾਰੀ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਜ਼ਲੂਮਾਂ, ਧਰਮ ਅਤੇ ਸਮੂਹ ਕੌਮ ਦੀ ਸੁਰੱਖਿਆ ਲਈ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਮਹਾਨ ਸ਼ਹਾਦਤ ਨੂੰ ਦਰਸਾਉਂਦਾ ‘ਬੇਨਤੀ’ ਕਾਰਡ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਕੀਤਾ ਗਿਆ। ਇਹ ਕਾਰਡ 21 ਤੋਂ 27 ਦਸੰਬਰ ਤੱਕ ਕਲਗੀਧਰ ਪਿਤਾ ਜੀ ਵੱਲੋਂ ਇਕ ਹਫ਼ਤੇ ’ਚ ਮਾਤਾ ਗੁਜ਼ਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਮਕਸਦ ਤਹਿਤ ਵੰਡਿਆ ਗਿਆ ਤਾਂ ਜੋ ਉਹ ਸੁਨਿਹਰੇ ਸਿੱਖ ਇਤਿਹਾਸ ਸਬੰਧੀ ਜਾਗਰੂਕ ਹੋ ਸਕਣ।
ਛੀਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੌਂਸਲ ਅਧੀਨ ਆਉਂਦੇ ਸਮੂਹ ਵਿੱਦਿਅਕ ਅਦਾਰਿਆਂ ਦੇ 22000 ਤੋਂ ਵਧੇਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕਾਰਡ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ‘ਨਿੱਕੀਆਂ ਜਿੰਦਾ ਵੱਡੇ ਸਾਕੇ’ ਛੋਟੇ ਸਾਹਿਬਜ਼ਾਦਿਆਂ ਵੱਲੋਂ ਧਰਮ ’ਤੇ ਡਟੇ ਰਹਿ ਕੇ ਦਿੱਤੀ ਗਈ ਲਾਸਾਨੀ ਅਤੇ ਮਹਾਨ ਸ਼ਹੀਦੀ ਦੁਨੀਆ ਦੇ ਇਤਿਹਾਸ ’ਚ ਇਕ ਮਿਸਾਲ ਹੈ।
‘ਬੇਨਤੀ’ ਕਾਰਡ ਸਬੰਧੀ ਛੀਨਾ ਨੇੇ ਕਿਹਾ ਕਿ ਵਕਤ ਦੀ ਮੁਗਲ ਹਕੂਮਤ ਨੇ ਦਸੰਬਰ 1704 ਈਸਵੀ ਨੂੰ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੈਰ ਕਮਾਉਂਦਿਆਂ ਵੱਡਾ ਕਹਿਰ ਕਮਾਇਆ ਸੀ।ਇਸ ਲਈ ਦਸੰਬਰ ਮਹੀਨੇ 6 ਤੋਂ 13 ਪੋਹ ਤੱਕ ਦੇ ਦਿਨ ਇਤਿਹਾਸ ’ਚ ਵਿਸ਼ੇਸ਼ ਮਾਨਤਾ ਰੱਖਦੇ ਹਨ।8 ਪੋਹ ਨੂੰ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ’ਚ ਸ਼ਹੀਦ ਹੋਏ। 13 ਪੋਹ ਨੂੰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਸਰਹਿੰਦ ਵਿਖੇ ਨੀਹਾਂ ’ਚ ਚਿਣ ਕੇ ਸ਼ਹੀਦ ਕੀਤਾ ਗਿਆ, ਇਸੇ ਦਿਨ ਮਾਤਾ ਗੁਜਰੀ ਜੀ ਜੋਤੀ ਜੋਤਿ ਸਮਾਏ।ਇਸ ਸਾਲ ਇਹ ਦਿਨ 21 ਤੋਂ 28 ਦਸੰਬਰ ਤੱਕ ਮਨਾਏ ਜਾ ਰਹੇ ਹਨ।ਇਹ ਸਾਕੇ ਦਰਦਨਾਕ ਵੀ ਹਨ, ਇਨ੍ਹਾਂ ’ਚ ਵੈਰਾਗ ਵੀ ਹੈ, ਹੰਝੂ ਵੀ ਹਨ, ਸਵੈਮਾਣ ਵੀ ਹੈ ਅਤੇ ਚੜ੍ਹਦੀ ਕਲਾ ਨਾਲ ਜੀਵਨ ਜੀਉਣ ਦਾ ਸਬਕ ਵੀ ਹੈ।
ਉਨ੍ਹਾਂ ਨੇ ਸਮੂਹ ਵਿੱਦਿਅਕ ਅਦਾਰਿਆਂ ਵੱਲੋਂ ਗੁਰੂ ਨਾਨਕ ਘਰ ਦੇ ਸਰਬੱਤ ਦੇ ਭਲੇ ਵਾਲੀ ਭਾਵਨਾ ਨੂੰ ਪਿਆਰ ਕਰਨ ਵਾਲੀ ਸਮੂਹ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਦਿਨਾਂ ’ਚ ਇਸ ਗੌਰਵਮਈ ਇਤਿਹਾਸ ਦਾ ਚਿੰਤਨ ਕਰਦਿਆਂ ਬਾਣੀ ਪੜ੍ਹਣ, ਸਿਮਰਨ ਕਰਨ ਤੇ ਵਿਸ਼ਵ ਸ਼ਾਂਤੀ ਲਈ ਸਰੱਬਤ ਦੇ ਭਲੇ ਦੀ ਅਰਦਾਸ ਕਰਨ।ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨੇ ਜਿਥੇ ਜਿੰਦਾਂ ਨੀਂਹਾਂ ’ਚ ਚਿਣਵਾਇਆ, ਉਸ ਸਥਾਨ ’ਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸੁਸ਼ੋਭਿਤ ਹੈ।ਜਿੱਥੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਦੀ ਯਾਦ ’ਚ ਹਰ ਸਾਲ 3 ਦਿਨ ਵੱਡੇ ਪੱਧਰ ’ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
ਇਸ ਮੌਕੇ ਕੌਂਸਲ ਮੈਂਬਰ ਸਰਬਜੀਤ ਸਿੰਘ ਹੁਸ਼ਿਆਰ ਨਗਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਅੰਡਰ ਸੈਕਟਰੀ ਡੀ.ਐਸ ਰਟੌਲ ਵੀ ਮੌਜ਼ੂਦ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …