ਅਸੀਂ ਪੁੱਤ ਗੁਰੂ ਦਸਮੇਸ਼ ਦੇ,
ਜਿਹੜਾ ਦੀਨ ਦੁਨੀ ਦਾ ਸ਼ਾਹ,
ਅਸੀਂ ਈਨ ਨੀ ਤੇਰੀ ਮੰਨਣੀ,
ਭਾਵੇਂ ਨੀਹਾਂ ਵਿੱਚ ਚਿਣਵਾ…….
ਸਾਡੀ ਸਿੱਖੀ ਨਿਭਣੀ ਸਿਦਕ ਨਾਲ,
ਭਾਵੇਂ ਲੱਖ ਕਚਹਿਰੀਆਂ ਲਾ,
ਤੇਰੀ ਪੇਸ਼ ਨੀ ਕੋਈ ਚੱਲਣੀ,
ਸੁੱਚਾ ਨੰਦ ਤੂੰ ਸਮਝਾ ……..
ਸਾਨੂੰ ਸ਼ੌਕ ਅਣਖ ਨਾਲ ਜੀਣ ਦਾ,
ਸਾਡਾ ਝੁਕਣ ਦਾ ਨਾ ਸੁਭਾਅ,
ਉਸ ਧਰਤ ਨੂੰ ਦੁਨੀਆਂ ਪੂਜਦੀ,
ਜਿਥੇ ਪੈਰ ਦਿੱਤੇ ਨੇ ਪਾ ……
ਸਾਡਾ ਦਾਦਾ ਧਨੀ ਹੈ ਤੇਗ ਦਾ,
ਗੁਰੂ ਤੇਗ ਬਹਾਦਰ ਨਾਂ,
ਸਾਡੀ ਦਾਦੀ ਰਾਣੀ ਸਬਰ ਦੀ,
ਠੰਢੇ ਬੁਰਜ਼ ਦੀ ਕੀ ਪਰਵਾਹ ….
ਤੇਰਾ ਰਾਜ ਪੁਲੰਦਾ ਝੂਠ ਦਾ,
ਅਸੀ ਸ਼ਬਦ ਨੂੰ ਦਿੱਤੀ ਥਾਂ,
ਅਸੀ ਫੇਰ ਵੀ ਫਤਿਹ ਗੂੰਜਾਵਣੀ,
ਭਾਵੇਂ ਮੌਤ ਕੱਢਲੇ ਸਾਹ ……
ਅਸੀਂ ਚੱਲੇ ਮੌਤ ਵਿਆਹਣ ਨੂੰ,
ਕਰੀਂ ਫਿਕਰ ਨਾ ਦਾਦੀ ਮਾਂ,
ਲਾਈਂ ਇੱਕ ਸੁਨੇਹਾ ਪੁੱਤ ਨੂੰ,
ਲਾਲ ਸਿੱਖੀ ਨੂੰ ਭਾਅ ……
ਲਾਈਂ ਇੱਕ ਸੁਨੇਹਾ ਪੁੱਤ ਨੂੰ ,
ਲਾਲ ਗਏ ਸ਼ਹੀਦੀਆਂ ਪਾ ,
ਲਾਈਂ ਇੱਕ ਸੁਨੇਹਾ ਗੁਰੂ ਪਿਤਾ ਨੂੰ,
ਗਏ ਨੇ ਫਤਿਹ ਗਜ਼ਾ……..
(ਕਵਿਤਾ 2812202301)
ਜਸਵੰਤ ਸਿੰਘ ਜੋਗਾ
ਮੋ – 6239643306