Monday, July 8, 2024

ਗੋਲਬਾਗ ਪਾਰਕ ‘ਚ ਫੂਡ ਸਟਰੀਟ ਬਨਾਉਣ ਲਈ ਨਿਗਮ ਕਮਿਸ਼ਨਰ ਵਲੋਂ ਇਲਾਕੇ ਦਾ ਦੌਰਾ

ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਤੇ ਕੈਰੋਂ ਮਾਰਕੀਟ ਵਿੱਚ ਬਣ ਰਹੀ ਕਾਰ ਪਾਰਕਿੰਗ ਦਾ ਵੀ ਲਿਆ ਜਾਇਜ਼ਾ

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਜਿੰਨਾਂ ਕੋਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਦਾ ਚਾਰਜ਼ ਵੀ ਹੈ, ਵੱਲੋਂ ਅੱਜ ਕਾਰਪੋਰੇਸ਼ਨ ਦੇ ਵਕਾਰੀ ਪ੍ਰੋਜੈਕਟ ਵੇਖਣ ਲਈ ਅਧਿਕਾਰੀਆਂ ਨਾਲ ਦੌਰਾ ਕਰਕੇ ਗੋਲਬਾਗ ਪਾਰਕ ਵਿੱਚ ਫੂਡ ਸਟਰੀਟ ਵਿਕਸਤ ਕਰਨ ਲਈ ਇਲਾਕੇ ਦਾ ਮੁਆਇਨਾ ਕੀਤਾ।ਉਨਾਂ ਕਿਹਾ ਕਿ ਇਹ ਇਲਾਕਾ ਸੈਲਾਨੀਆਂ ਦੀ ਪਹੁੰਚ ਦਾ ਬਿਲਕੁੱਲ ਕੇਂਦਰ ਬਿੰਦੂ ਹੈ, ਇਸ ਲਈ ਇਸ ਇਲਾਕੇ ਨੂੰ ਵਿਕਸਤ ਕੀਤਾ ਜਾਣਾ ਚਾਹੀਦਾ ਹੈ।ਘਣਸ਼ਾਮ ਥੋਰੀ ਨੇ ਇਥੇ ਫੂਡ ਸਟਰੀਟ ਵਿਕਸਤ ਕਰਨ ਲਈ ਅਧਿਕਾਰੀਆਂ ਨੂੰ ਯੋਜਨਾਬੰਦੀ ਕਰਨ ਦੀ ਹਦਾਇਤ ਕੀਤੀ।ਜੇਕਰ ਇਸ ਇਲਾਕੇ ਵਿਚ ਫੂਡ ਸਟਰੀਟ ਬਣਦੀ ਹੈ ਤਾਂ ਇਸ ਨਾਲ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਤੇ ਯਾਤਰੀਆਂ ਨੂੰ ਸਥਾਨਕ ਪ੍ਰਸਿੱਧ ਖਾਣੇ ਦਾ ਸਵਾਦ ਚਖਾਉਣ ਲਈ ਵਧੀਆ ਇਲਾਕਾ ਮਿਲ ਸਕਦਾ ਹੈ, ਜੋ ਕਿ ਸ੍ਰੀ ਦਰਬਾਰ ਸਾਹਿਬ, ਜਲਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਰ ਦੇ ਵੀ ਬਿਲਕੁੱਲ ਨਾਲ ਹੈ।ਅੰਮ੍ਰਿਤਸਰ ਦੇਸ਼ ਵਿੱਚ ਸਭ ਤੋਂ ਵੱਧ ਯਾਤਰੀ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ ਅਤੇ ਯਾਤਰੀ ਇਥੋਂ ਦੇ ਦਰਸ਼ਨੀ ਸਥਾਨਾਂ ਦੀ ਯਾਤਰਾ ਦੇ ਨਾਲ-ਨਾਲ ਖਾਣ ਪੀਣ ਦਾ ਮਜ਼ਾ ਲੈਣ ਦਾ ਵੀ ਸ਼ੌਕ ਰੱਖਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵੇਖਿਆ ਤੇ ਕੈਂਰੋ ਮਾਰਕੀਟ ਵਿਚ ਬਣ ਰਹੀ ਮਲਟੀਲੈਵਲ ਕਾਰ ਪਾਰਕਿੰਗ ਦੇ ਚੱਲ ਰਹੇ ਕੰਮ ਨੂੰ ਵੇਖਿਆ।ਉਨਾਂ ਠੇਕੇਦਾਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਪ੍ਰੋਜੈਕਟ ਦਾ ਵਿਸਥਾਰ ਲਿਆ।ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਗਲਿਆਰਾ ਕਾਰ ਪਾਰਕਿੰਗ ਦਾ ਦੌਰਾ ਕਰਕੇ ਉਥੇ ਸਫਾਈ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਉਨਾਂ ਨੇ ਪੁੱਡਾ ਅਧਿਕਾਰੀਆਂ ਨੂੰ ਕਾਰ ਪਾਰਕਿੰਗ ਦੀ ਸੰਭਾਲ ਵੱਲ ਉਚੇਚਾ ਧਿਆਨ ਦੇਣ ਅਤੇ ਸ਼ਰਧਾਲੂਆਂ ਦੀ ਵਰਤੋਂ ‘ਚ ਆਉਣ ਵਾਲੇ ਪਖਾਨਿਆਂ ਦੀ ਸਫਾਈ ਤੇ ਰੌਸ਼ਨੀ ਦੇ ਉਚੇਚੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਜਾਇੰਟ ਕਮਿਸ਼ਨਰ ਨਗਰ ਨਿਗਮ ਹਰਦੀਪ ਸਿੰਘ, ਵਿਸ਼ਾਲ ਵਧਾਵਨ, ਐਸ.ਈ ਸੰਦੀਪ ਸਿੰਘ, ਅਸਟੇਟ ਅਫਸਰ ਧਰਮਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …