Wednesday, April 23, 2025
Breaking News

ਚੀਫ਼ ਖ਼ਾਲਸਾ ਦੀਵਾਨ ਦੇ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਸੰਗਤਾਂ ਨੇ ਅੰਮ੍ਰਿਤ ਛਕਿਆ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ  ਧਰਮ ਪ੍ਰਚਾਰ ਕਮੇਟੀ ਵਲੋਂ ਅੱਜ  ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਗੁਰਮਤਿ ਅਤੇ ਅੰਮ੍ਰਿਤ ਸੰਚਾਰ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਰੋਡ ਦੇ ਕੀਰਤਨੀ ਜਥੇ ਨੇ ਰੱਬੀ ਬਾਣੀ ਦੀ ਛਹਿਬਰ ਲਾਈ।ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਜੋਕੇ ਯੁੱਗ ਵਿੱਚ ਅੰਮ੍ਰਿਤਪਾਨ ਦੀ ਮਹੱਤਤਾ ਦਰਸਾਉਂਦਿਆਂ ਸੰਗਤਾਂ ਨੂੰ ਰਹਿਤ ਮਰਿਆਦਾ ਅਨੁਸਾਰ ਸਿੱਖੀ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ।
ਉਪਰੰਤ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਪੁੱਜੇ ਪੰਜ ਪਿਆਰਿਆਂ ਵਲੋਂ ਪੂਰੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ ਗਿਆ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਦਿੱਤੇ ਗਏ ਪੰਜ ਕਕਾਰਾਂ ਨਾਲ ਸੁਸੱਜਿਤ ਦੀਵਾਨ ਸਕੂਲ ਵਿਦਿਆਰਥੀਆਂ ਅਤੇ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅੰਮ੍ਰਿਤਪਾਨ ਕਰਵਾਇਆ ਗਿਆ।ਵਿਦਿਆਰਥੀਆਂ ਦੇ ਨਾਲ-ਨਾਲ ਪਿੰਡ ਜਵੰਦਪੁਰ, ਮੀਆਂਵਿੰਡ, ਕੋਟ ਖਾਲਸਾ, ਫਾਜ਼ਲਪੁਰ, ਉਪਲ, ਵਡਾਲਾ ਵੀਰਮ ਅਤੇ ਹੋਰਨਾਂ ਨਜ਼ਦੀਕੀ ਪਿੰਡਾਂ ਦੀਆਂ ਸੰਗਤਾਂ ਨੇ ਅੰਮ੍ਰਿਤ ਛਕਿਆ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਸੰਗਤਾਂ ਨੂੰ ਗੁਰੂ ਨਾਲ ਜੁੜਨ ‘ਤੇ ਵਧਾਈ ਦਿੱਤੀ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਸੰਗਤਾਂ ਨੂੰ ਸਿੱਖੀ ਨਾਲ ਜ਼ੋੜਨ ਹਿੱਤ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ, ਹਰਮਨਜੀਤ ਸਿੰਘ ਅਤੇ ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਇੱਕ ਹਜ਼ਾਰ ਸੰਗਤਾਂ ਨੂੰ ਗੁਰੂ ਨਾਲ ਜ਼ੋੜਨ ਦਾ ਟੀਚਾ ਮਿਥਿਆ ਗਿਆ ਸੀ।ਜਿਸ ਤਹਿਤ ਪ੍ਰਚਾਰਕਾਂ ਵਲੋਂ ਸ਼ਹੀਦੀ ਪੰਦਰਵਾੜੇ ਦੌਰਾਨ ਸਕੂਲਾਂ ਵਿਚ ਧਾਰਮਿਕ ਸੈਮੀਨਾਰਾਂ ਰਾਹੀਂ ਅਤੇ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਲਹਿਰ ਪ੍ਰਚੰਡ ਕੀਤੀ ਗਈ।ਇਸ ਤਹਿਤ ਕਰੀਬ 400 ਵਿਦਿਆਰਥੀਆਂ ਅਤੇ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਹਨਾਂ ਨੇ ਦੱਸਿਆ ਕਿ ਅੱਜ ਵੀ 300 ਦੇ ਕਰੀਬ ਸੰਗਤਾਂ ਨੂੰ ਦੀਵਾਨ ਗੁਰਦੁਆਰਾ ਵਿਖੇ ਅੰਮ੍ਰਿਤ ਛਕਾਇਆ ਗਿਆ ਹੈ ਜਿੰਨਾਂ ਨੂੰ ਦੀਵਾਨ ਵੱਲੋਂ ਨਿਤਨੇਮ ਦੇ ਗੁਟਕਾ ਸਾਹਿਬ ਵੀ ਦਿੱਤੇ ਗਏ।
ਇਸ ਮੋਕੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਜਗਜੀਤ ਸਿੰਘ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਗੁਰਬਖਸ਼ ਸਿੰਘ ਬੇਦੀ ਅਤੇ ਦੀਵਾਨ ਮੈਂਬਰਾਂ਼ ਪ੍ਰੋ. ਸੂਬਾ ਸਿੰਘ, ਗੁਰਭੇਜ਼ ਸਿੰਘ, ਤੇਜਿੰਦਰ ਸਿੰਘ ਖਾਲਸਾ, ਗੁਰਚਰਨ ਸਿੰਘ ਘਰਿੰਡਾ, ਡਾਇਰੈਕਟਰ ਐਜੂਕੇਸ਼ਨ ਡਾ. ਏ.ਪੀ.ਐਸ ਚਾਵਲਾ, ਪ੍ਰਿੰਸੀਪਲ ਮਨਦੀਪ ਸਿੰਘ, ਡਾ. ਜਸਵਿੰਦਰ ਕੌਰ ਮਾਹਲ, ਬੀਬੀ ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …