ਕਿਹਾ, ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਪਿੰਡਾਂ ਵਿੱਚ ਸਵਾਗਤ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਅੱਜ ਰਾਜਾਸਾਂਸੀ ਹਲਕੇ ਦੇ ਪਿੰਡ ਲੋਧੀਗੁਜ਼ਰ, ਨੱਥੂਪੁਰਾ ਅਤੇ ਕਿਰਲਗੜ੍ਹ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਨੇ ਸੰਤੁਸ਼ਟੀ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਦੀਆਂ ਲੋਕਪੱਖੀ ਸਕੀਮਾਂ ਨੂੰ ਉਚਿਤ ਅਤੇ ਸਹੀ ਕਰਾਰ ਦਿੱਤਾ।
ਭਾਜਪਾ ਦੇ ਕੌਮੀ ਖਜ਼ਾਨਚੀ ਅਤੇ ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਦੀ ਅਗਵਾਈ ਹੇਠ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਭਾਜਪਾ ਪੰਜਾਬ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਇੰਚਾਰਜ਼ ਸੂਰਜ ਭਾਰਦਵਾਜ ਅਤੇ ਅੰਮ੍ਰਿਤਸਰ ਦਿਹਾਤੀ ਦੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸ਼ੁਸੀਲ ਦੇਵਗਨ ਸਮੇਤ ਪੁੱਜੀ ਯਾਤਰਾ ਨੂੰ ਉਕਤ ਪਿੰਡਾਂ ’ਚ ਪੁੱਜਣ ’ਤੇ ਪਿੰਡ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ।
ਰਾਜ ਸਭਾ ਮੈਂਬਰ ਬਾਂਸਲ ਨੇ ਕਿਹਾ ਕਿ ਯਾਤਰਾ ਦਾ ਮਕਸਦ ਕੇਂਦਰ ਸਰਕਾਰ ਵਲੋਂ ਚਲਾਈਆਂ ਗਈਆਂ ਸੈਂਕੜੇ ਬੁਨਿਆਦੀ ਵਿਕਾਸ ਯੋਜਨਾਵਾਂ ਦਾ ਲਾਭ ਦੇਣਾ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ।ਉਨ੍ਹਾਂ ਕਿਹਾ ਕਿ ਅੱਜ ਉਕਤ ਪਿੰਡਾਂ ਵਿਖੇ ‘ਹਮਾਰਾ ਸੰਕਲਪ ਵਿਕਸਿਤ ਭਾਰਤ’ ਯਾਤਰਾ ਵੈਨ ਦੇ ਪੁੱਜਣ ਮੌਕੇ ਮੋਦੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਸਬੰਧ ’ਚ ਸਿਹਤ ਵਿਭਾਗ, ਡਾਕਖਾਨਾ, ਐਨ.ਐਫ਼.ਐਲ, ਖੇਤੀਬਾੜੀ ਵਿਭਾਗ, ਆਂਗਨਵਾੜੀ ਵਿਭਾਗ ਨੇ ਮੌਕੇ ’ਤੇ ਲੋਕਾਂ ਦੇ ਅਧਾਰ ਕਾਰਡ, ਆਯੂਸ਼ਮਾਨ ਕਾਰਡ, ਟੀ.ਬੀ ਸਕ੍ਰੀਨਿੰਗ, ਸਿਹਤ ਸਬੰਧੀ ਟੈਸਟ ਅਤੇ ਆਂਗਨਵਾੜੀ ਵਰਕਰਾਂ ਵਲੋਂ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਸਹੂਲਤਾਂ ਪ੍ਰਾਪਤ ਕਰ ਰਹੇ ਲੋਕਾਂ ਨਾਲ ਰੂਬਰੂ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਦੇ ਕਰੋੜਾਂ ਪਰਿਵਾਰਾਂ ਨੇ ਡਿਜ਼ੀਟਲ ਪਲੇਟਫਾਰਮ ਦਾ ਲਾਭ ਲਿਆ ਹੈ, ਮੋਦੀ ਸਰਕਾਰ ਦੀਆਂ ਸਹੂਲਤਾਂ ਹਰੇਕ ਵਰਗ ਲਈ ਲਾਹੇਵੰਦ ਸਾਬਿਤ ਹੋ ਰਹੀਆਂ ਹਨ।
ਭਾਜਪਾ ਆਗੂ ਛੀਨਾ ਨੇ ਕਿਹਾ ਕਿ ਮੋਦੀ ਸਰਕਾਰ ਹਰੇਕ ਵਰਗ ਦੀ ਹਮਦਰਦ ਸਰਕਾਰ ਹੈ।ਉਕਤ ਯਾਤਰਾ ਦਾ ਹਲਕਾ ਇੰਚਾਰਜ਼ ਮੁਖਵਿੰਦਰ ਸਿੰਘ ਮਾਹਲ, ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਅਤੇ ਇਸ ਦਾ ਮੌਕੇ ’ਤੇ ਲਾਭ ਵੀ ਉਠਾਇਆ।ਇਸ ਮੌਕੇ ਬੀ.ਡੀ.ਓ ਚੋਗਾਵਾਂ ਸ਼ਵਿੰਦਰ ਸਿੰਘ ਬੱਲ ਸਮੇਤ ਸਮੂਹ ਵਿਭਾਗਾਂ ਦੇ ਮੁਖੀ ਅਤੇ ਪਿੰਡ ਵਾਸੀ ਹਾਜ਼ਰ ਸਨ।