ਸੜਕ ਸੁਰੱਖਿਆ ਫੋਰਸ ਦੀ ਅੱਜ ਹੋਈ ਸ਼ੁਰੂਆਤ
ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੂਬੇ ਅੰਦਰ ਹੁੰਦੀਆਂ ਸੜਕ ਦੁਰਘਟਨਾਵਾਂ ਵਿੱਚ ਕੀਮਤੀ ਜਾਨਾਂ ਨੂੰ ਅਜ਼ਾਈਂ ਜਾਣ ਤੋਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਫੋਰਸ ਨੂੰ ਨਵੀਆਂ ਹਾਈਟੇਕ ਗੱਡੀਆਂ ਵੀ ਦਿੱਤੀਆਂ ਗਈਆਂ ਹਨ।ਇਹ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕੀਤਾ।
ਉਨ੍ਹਾਂ ਨੇ ਜੰਡਿਆਲਾ ਤੋਂ ਗਹਿਰੀ ਮੰਡੀ-ਤਰਨ ਤਾਰਨ ਸੜ੍ਹਕ (ਗੁਰੂ ਅਰਜਨ ਦੇਵ ਮਾਰਗ) ਤੱਕ ਲਗਭਗ 18 ਕਿਲੋਮੀਟਰ ਲੰਬੀ ਹੈ ਦੇ ਦੋਵੇਂ ਪਾਸੇ 5-5 ਫੁੱਟ ਬਿਲਟਅਪ ਏਰੀਆ `ਤੇ ਇੰਟਰਲਾਕ ਟਾਇਲਾਂ ਲਗਾਉਣ ਤੇ ਕੰਮ ਦਾ ਨੀਂਹ ਪੱਥਰ ਰੱਖਣ ਸਮੇਂ ਕਿਹਾ ਕਿ ਇਸ ਨਾਲ ਸੜਕ ਦੋਵੇਂ ਪਾਸੇ 5-5 ਫੁੱਟ ਚੌੜੀ ਹੋ ਜਾਵੇਗੀ, ਜਿਸ ਨਾਲ ਸੜਕੀ ਦੁਰਘਟਨਾਵਾਂ ਤੋਂ ਵੀ ਬਚਾਅ ਹੋਵੇਗਾ।ਉਹਨਾਂ ਦੱਸਿਆ ਕਿ ਇਸ ਕੰਮ ‘ਤੇ 11.60 ਕਰੋੜ ਰੁਪਏ ਖਰਚ ਹੋਣਗੇ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਕਾਫੀ ਲਾਭ ਮਿਲੇਗਾ।ਇਹ ਕੰਮ 11 ਮਹੀਨੇ ਅੰਦਰ ਮੁਕੰਮਲ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸੜਕ ਸੁਰੱਖਿਆ ਫੋਰਸ ਦੇ ਨਾਲ ਨਾਲ ਫਰਿਸ਼ਤੇ ਸਕੀਮ ਵੀ ਸ਼ੁਰੂ ਕੀਤੀ ਹੈ, ਜੋ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਬਣੇ ਫਰਿਸ਼ਤੇ ਨੂੰ 2000/- ਰੁਪਏ ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਉਸ ਫਰਿਸ਼ਤੇ ਕੋਲੋਂ ਕੋਈ ਪੁੱਛਗਿਛ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਹ ਸਕੀਮ ਪਹਿਲਾਂ ਦਿੱਲੀ ਵਿੱਚ ਚੱਲਦੀ ਸੀ, ਜਿਸ ਨੂੰ ਮਿਲੇ ਵੱਡੇ ਹੁੰਗਾਰੇ ਨੂੰ ਦੇਖਦਿਆਂ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਈ.ਟੀ.ਓ ਨੇ ਦੱਸਿਆ ਕਿ ਮਾਨ ਸਰਕਾਰ ਨੇ ਆਪਣੇ 22 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਕਰੀਬ 40 ਹਜ਼ਾਰ ਸਰਕਾਰੀ ਨੌਕਰੀਆਂ ਨੋਜਵਾਨ ਨੂੰ ਮੁਹੱਈਆ ਕਰਵਾਈਆਂ ਹਨ ਅਤੇ ਇਕ ਵੱਡਾ ਫੈਸਲਾ ਲੈਂਦਿਆਂ ਸਰਕਾਰ ਨੇ ਕੱਟੇ ਗਏ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਚਾਲੂ ਕਰ ਦਿੱਤੇ ਹਨ।ਇਸ ਦੇ ਨਾਲ ਹੀ ਹੋਰ 100 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸਹੂਲ਼ਤਾਂ ਮੁਹੱਈਆ ਹੋ ਸਕਣ।
ਇਸ ਮੌਕੇ ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਡਾ. ਗੁਰਬਿੰਦਰ ਸਿੰਘ, ਮੈਡਮ ਸੁਨੈਣਾ, ਨਰੇਸ਼ ਪਾਠਕ, ਸਰਬਜੀਤ ਡਿੰਪੀ, ਬਲਾਕ ਪ੍ਰਧਾਨ ਸੁਖਵਿੰਦਰ ਸ਼ਾਹ, ਜਰਮਨਜੀਤ ਅਤੇ ਸਵਰਨ ਸਿੰਘ ਗਹਿਰੀ ਮੰਡੀ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।