Monday, May 26, 2025
Breaking News

ਪੰਜਾਬ ਬਚਾਓ ਯਾਤਰਾ ਨੂੰ ਅਟਾਰੀ ਤੇ ਰਾਜਾਸਾਂਸੀ ਹਲਕਿਆਂ ‘ਚ ਮਿਲਿਆ ਭਰਵਾਂ ਹੁੰਗਾਰਾ

ਸੁਖਬੀਰ ਸਿੰਘ ਬਾਦਲ ਵਲੋਂ ਵਪਾਰ ਲਈ ਕੌਮਾਂਤਰੀ ਸਰਹੱਦ ਖੋਲ੍ਹਣ ਦੀ ਮੰਗ

ਅਟਾਰੀ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਜ਼ੀਰੋ ਲਾਈਨ ਤੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਤੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੂੰ ਖੋਲ੍ਹਣ ਦੀ ਮੰਗ ਕੀਤੀ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਹੋ ਸਕੇ।ਉਹਨਾਂ ਕਿਹਾ ਕਿ ਭਾਰਤੀ ਪਾਸੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਲਈ ਮੁਆਵਜ਼ਾ ਵਧਾਇਆ ਜਾਵੇ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦੀ ਸਫਲਤਾ ਲਈ ਅਰਦਾਸ ਕੀਤੀ ।ਇਸ ਉਪਰੰਤ ਯਾਤਰਾ ਅਟਾਰੀ ਤੋਂ ਸ਼ੁਰੂ ਹੋਈ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਰੈਕਟਰਾਂ, ਕਾਰਾਂ ਤੇ ਮੋਟਰ ਸਾਈਕਲਾਂ ਸਮੇਤ ਹਜ਼ਾਰਾਂ ਵਾਹਨਾਂ ਦੇ ਵੱਡੇ ਕਾਫਲੇ ਦੀ ਅਗਵਾਈ ਕੀਤੀ ਜਿਸ ਦੌਰਾਨ ’ਉਠੋ ਵੇ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ..’ਗੀਤ ਵੀ ਚਲਾਇਆ ਗਿਆ।
ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੈਦਲ ਚਲ ਰਹੇ ਹਜ਼ਾਰਾਂ ਨੌਜਵਾਨਾਂ ਦੇ ਨਾਲ ਕਾਫਲੇ ਦੀ ਅਗਵਾਈ ਕਰ ਰਹੇ ਸਨ, ਉਸ ਸਮੇਂ ਪਾਰਟੀ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ ਤੇ ਅਨਿਲ ਜੋਸ਼ੀ ਵੀ ਉਨਾਂ ਨਾਲ ਸਨ।ਅਟਾਰੀ ਤੋਂ ਰਾਜਾਸਾਂਸੀ ਤੱਕ ਹਜ਼ਾਰਾਂ ਨੌਜਵਾਨ ਟਰੈਕਟਰਾਂ ’ਤੇ ਸਵਾਰ ਹੋ ਕੇ ਯਾਤਰਾ ਵਿੱਚ ਸ਼ਾਮਲ ਹੋਏ।ਪ੍ਰਧਾਨ ਬਾਦਲ ਨੇ ਜ਼ੀਰੋ ਪੁਆਇੰਟ ’ਤੇ ਸਰਹੱਦੀ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਿਹਨਾਂ ਨੇ ਦੱਸਿਆ ਕਿ ਵਾਹਗਾ ਵਿਖੇ ਇੰਟੀਗ੍ਰੇਟਡ ਚੈਕ ਪੋਸਟ (ਆਈ.ਸੀ.ਪੀ) ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਖਤਮ ਹੈ।ਉਹਨਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤੀ ਲਈ ਮਿਲਦਾ 12 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ।ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਹੱਦੀ ਕਿਸਾਨਾਂ ਲਈ ਕੰਡਿਆਲੀ ਤਾਰ ਤੋਂ ਪਾਰਲੀ 21600 ਏਕੜ ਜ਼ਮੀਨ ਵਾਸਤੇ ਮੁਆਵਜ਼ਾ ਵਧਾ ਕੇ 35 ਹਜ਼ਾਰ ਰੁਪਏ ਕੀਤਾ ਜਾਵੇ।ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਹੈ।
ਬਾਅਦ ਵਿੱਚ ਵੀਰ ਸਿੰਘ ਲੋਪੋਕੇ ਦੇ ਨਾਲ ਚੋਗਾਵਾਂ ਵਿਖੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ (ਆਪ) ਅਤੇ ਇਸ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਰ-ਵਾਰ ਬੋਲੇ ਜਾ ਰਹੇ ਝੂਠ ਨੂੰ ਅਗਲੇ ਇਕ ਮਹੀਨੇ ਦੌਰਾਨ ਬੇਨਕਾਬ ਕਰਾਂਗੇ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …