Sunday, July 7, 2024

ਖਾਲਸਾ ਕਾਲਜ ਵੈਟਰਨਰੀ ਨੇ ਰਿਸਰਚ ਲਈ ‘ਸੀ.ਐਸ.ਆਈ.ਆਰ-ਆਈ.ਐਚ.ਬੀ.ਟੀ’ ਨਾਲ ਕੀਤਾ ਸਮਝੌਤਾ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ ਖੁਰਮਨੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਨੇ ਵੈਟਰਨਰੀ ਵਿਗਿਆਨ ਦੇ ਖੇਤਰ ਅਤੇ ਆਪਸੀ ਹਿੱਤ ਦੇ ਸਬੰਧਿਤ ਖੇਤਰਾਂ ’ਚ ਅਕਾਦਮਿਕ ਗਤੀਵਿਧੀਆਂ ਖੋਜ, ਸਿਖਲਾਈ ਅਤੇ ਸਹਿਯੋਗ ਲਈ ਕਾਊਂਸਿਲ ਆਫ਼ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ-ਇੰਸਟੀਚਿਊਟ ਆਫ਼ ਹਿਮਾਲੀਅਨ ਬਾਇਓਰੀਸੋਰਸ ਟੈਕਨਾਲੋਜੀ (ਆਈ.ਐਚ.ਬੀ.ਟੀ), ਪਾਲਮਪੁਰ (ਹਿਮਾਚਲ ਪ੍ਰਦੇਸ਼) ਨਾਲ ਸਮਝੌਤੇ’ਤੇ ਦਸਤਖ਼ਤ ਕੀਤੇ ਹਨ।
ਸੀ. ਐਸ.ਆਈ.ਆਰ-ਆਈ.ਐਚ.ਬੀ.ਟੀ ਦੇ ਡਾਇਰੈਕਟਰ ਡਾ. ਸੁਦੇਸ਼ ਯਾਦਵ ਅਤੇ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਵੈਟਰਨਰੀ ਵਿਗਿਆਨ ਨਾਲ ਸਬੰਧਿਤ ਗਤੀਵਿਧੀਆਂ ’ਚ ਸਹਿਯੋਗ ਲਈ ਦਸਤਾਵੇਜ਼ ’ਤੇ ਹਸਤਾਖਰ ਕੀਤੇ।ਕਾਲਜ ਦੇ ਐਮ.ਡੀ ਡਾ. ਐਸ.ਕੇ ਨਾਗਪਾਲ, ਮਾਈਕ੍ਰੋਬਾਇਓਲੋਜੀ ਮੁਖੀ ਡਾ. ਪੀ.ਐਨ ਦਿਵੇਦੀ ਅਤੇ ਸੀ.ਐਸ.ਆਈ.ਆਰ-ਆਈ.ਐਚ.ਬੀ.ਟੀ ਤੋਂ ਬਿਜ਼ਨਸ ਡਿਵੈਲਪਮੈਂਟ ਯੂਨਿਟ ਕੋਆਰਡੀਨੇਟਰ ਡਾ. ਸੁਖਜਿੰਦਰ ਸਿੰਘ, ਪ੍ਰਸ਼ਾਸਨਿਕ ਅਧਿਕਾਰੀ ਸੀਨੀਅਰ ਵਿਗਿਆਨੀ ਨਰਿੰਦਰ ਤਿਰਪੁੜੇ ਅਤੇ ਵਿੱਤ ਅਤੇ ਲੇਖਾ ਕੰਟਰੋਲਰ ਵੀ ਮੌਜ਼ੂੂਦ ਸਨ।
ਡਾ. ਵਰਮਾ ਨੇ ਦੱਸਿਆ ਕਿ ਕਾਲਜ ਦੇ ਵੈਟਰਨਰੀ ਵਿਦਿਆਰਥੀਆਂ ਨੂੰ ਸਮਾਜ ਦੇ ਫਾਇਦੇ ਲਈ ਹਿਮਾਲੀਅਨ ਬਾਇਓਸੋਰਸ ਦੀ ਵਰਤੋਂ ’ਤੇ ਕੰਮ ਕਰ ਰਹੀ ਕੇਂਦਰ ਸਰਕਾਰ ਦੀ ਨਾਮਵਰ ਸੰਸਥਾ ਨਾਲ ਜਾਣੂ ਮਿਲਵਰਤਣ ਦਾ ਵਧੀਆ ਮੌਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਇਹ ਸਮਝੌਤਾ ਡਾਕਟਰਾਂ ਨੂੰ ਆਮ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਲਈ ਵਿਕਲਪਕ ਦੇਸੀ ਦਵਾਈਆਂ ਦੀ ਵਰਤੋਂ ਸਬੰਧੀ ਜਾਣਕਾਰੀ ਹਾਸਲ ਕਰਵਾਉਣ ’ਚ ਮਦਦ ਕਰੇਗਾ, ਜਿਸ ਨਾਲ ਐਲੋਪੈਥਿਕ ਦਵਾਈਆਂ ਦੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਰੋਗਾਣੂਨਾਸ਼ਕ ਪ੍ਰਤੀਰੋਧ ਅਤੇ ਪਸ਼ੂਆਂ ਤੇ ਪੋਲਟਰੀ ਉਤਪਾਦਾਂ ’ਚ ਰਹਿੰਦ-ਖੂੰਹਦ ਦੇ ਪ੍ਰਭਾਵ ਮਨੁੱਖੀ ਆਬਾਦੀ ’ਚ ਗੰਭੀਰ ਸਮੱਸਿਆਵਾਂ ਪੈਦਾ ਕਰਦੇ ਹਨ।ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਸਿਖਲਾਈ ਅਤੇ ਖੋਜ਼ ਕਾਰਜ਼ਾਂ ਲਈ ਸਹਿਯੋਗ ਪ੍ਰਦਾਨ ਕਰੇਗਾ।
ਇਸ ਮੌਕੇ ਡਾ. ਵਰਮਾ ਨੇ ਇਸ ਸਹਿਮਤੀ ਪੱਤਰ ਲਈ ਡਾ. ਯਾਦਵ ਅਤੇ ਉਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਇਸ ਨੂੰ ਸਮਾਜ ਅਤੇ ਜਾਨਵਰਾਂ ਦੇ ਕਾਰਨਾਂ ਲਈ ਇੱਕ ਵਿਹਾਰਕ ਅਤੇ ਜੀਵੰਤ ਸਮਝੌਤਾ ਬਣਾਉਣ ਦਾ ਵਾਅਦਾ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …