Saturday, December 21, 2024

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਵਿਖੇ ਸਲਾਨਾ ਅਰਦਾਸ ਦਿਵਸ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਵਲੋਂ ਸਲਾਨਾ ਪ੍ਰੀਖਿਆਵਾਂ ’ਚ ਬੈਠਣ ਤੋਂ ਪਹਿਲਾਂ ਜੁਗੋ ਜੁਗੋ ਅਟੱਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਸਲਾਨਾ ਅਰਦਾਸ ਦਿਵਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਉਚੇਚੇ ਤੌਰ ’ਤੇ ਪੁੱਜੇ ਕੌਂਸਲ ਦੇ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਗਿੱਲ ਨੇ ਗੁਰ ਚਰਨਾਂ ’ਚ ਹਾਜ਼ਰੀ ਲਗਾਉਣ ਉਪਰੰਤ ਵਿਦਿਆਰਥਣਾਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਚੰਗੇ ਨੰਬਰ ਲੈਣ ਲਈ ਉਤਸ਼ਾਹਿਤ ਕੀਤਾ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਦੇਖ ਹੇਠ ਆਯੋਜਿਤ ਇਸ ਧਾਰਮਿਕ ਸਮਾਗਮ ’ਚ ਸ੍ਰੀ ਜਪੁ ਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਵਿਦਿਆਰਥਣਾਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।ਖਾਲਸਾ ਕਾਲਜ (ਲੜਕੇ) ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ ਨੇ ਬੱਚਿਆਂ ਤੇ ਸਟਾਫ ਨੂੰ ਪ੍ਰਮਾਤਮਾ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੰਦਿਆਂ ਇਮਤਿਹਾਨਾਂ ’ਚੋਂ ਚੰਗੇ ਨੰਬਰ ਲੈ ਕੇ ਪਾਸ ਹੋਣ ਲਈ ਸ਼ੁਭਇਛਾਵਾਂ ਦਿੱਤੀਆਂ।
ਪ੍ਰੋਗਰਾਮ ਮੌਕੇ ਗਿੱਲ ਨੇ ਪ੍ਰਿੰ: ਨਾਗਪਾਲ ਨਾਲ ਮਿਲ ਕੇ ਸ਼ਬਦ ਗਾਇਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।ਪ੍ਰਿੰ: ਸ੍ਰੀਮਤੀ ਨਾਗਪਾਲ ਨੇ ਸਮੂਹ ਸਖਸ਼ੀਅਤਾਂ ਦਾ ਸਮਾਗਮ ’ਚ ਪਹੁੰਚਣ ਲਈ ਧੰਨਵਾਦ ਕੀਤਾ।ਪ੍ਰੋਗਰਾਮ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਲਖਵਿੰਦਰ ਸਿੰਘ ਢਿੱਲੋਂ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰਜੀਤ ਕੌਰ ਕੰਬੋਜ਼ ਆਦਿ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।ਵਿਦਿਆਰਥਣਾਂ ਵਲੋਂ ਗੁਰੂ ਕੇ ਲੰਗਰ ਦੀ ਸੇਵਾ ਨਿਭਾਈ ਗਈ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …