ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਤੇ ਹੋਰਾਂ ਦੀ ਮੌਜੂਦਗੀ ’ਚ ਹਟਾਇਆ ਪਰਦਾ
ਅੰਮ੍ਰਿਤਸਰ, 7 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਥੇਦਾਰ ਮਾਨ ਸਿੰਘ ਹੰਭੋ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਰਤਨ ਸਿੰਘ ਜਫ਼ਰਵਾਲ, ਬੱਬਰ ਅਕਾਲੀ ਜਰਨੈਲ ਸਿੰਘ ਕਾਲਰੇ, ਬਾਬਾ ਜੰਗ ਸਿੰਘ ਸੰਪ੍ਰਦਾਇ ਮੁਖੀ ਬੁੰਗਾ ਮਸਤੂਆਣਾ, ਬਾਬਾ ਚੰਦਾ ਸਿੰਘ ਮਹੰਤ, ਸਿੱਖ ਇਤਿਹਾਸਕਾਰ ਸਵਰਨ ਸਿੰਘ ਚੂਸਲੇਵੜ੍ਹ ਤੇ ਕਥਾਵਾਚਕ ਗਿਆਨੀ ਦਲੀਪ ਸਿੰਘ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ।ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਤੇ ਮੈਂਬਰ ਭਾਈ ਮਨਜੀਤ ਸਿੰਘ ਨੇ ਨਿਭਾਈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਅਹਿਮ ਸੋਮੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕੌਮ ਲਈ ਘਾਲਣਾ ਘਾਲਣ ਵਾਲਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕਰਕੇ ਉਨ੍ਹਾਂ ਨੂੰ ਕੌਮੀ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਰਹੇ ਹਨ, ਜਿਨ੍ਹਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ ਕਰਕੇ ਕੌਮ ਨੂੰ ਅਨੇਕਾਂ ਪ੍ਰਚਾਰਕ ਦਿੱਤੇ।ਜਥੇਦਾਰ ਮਾਨ ਸਿੰਘ ਹੰਭੋ ਨੇ ਕਈ ਮੋਰਚਿਆਂ ਵਿੱਚ ਗ੍ਰਿਫ਼ਤਾਰੀ ਦਿੱਤੀ ਅਤੇ ਲੰਮਾਂ ਸਮਾਂ ਜੇਲ੍ਹ ਕੱਟੀ।ਉਹ 20 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ।ਜਥੇਦਾਰ ਰਤਨ ਸਿੰਘ ਜਫ਼ਰਵਾਲ ਨੇ ਵੀ ਪੰਜਾਬੀ ਸੂਬਾ ਮੋਰਚਾ ਅਤੇ ਧਰਮ ਯੁੱਧ ਮੋਰਚੇ ਦੌਰਾਨ ਜੇਲ੍ਹ ਕੱਟੀ।ਬੱਬਰ ਅਕਾਲੀ ਜਰਨੈਲ ਸਿੰਘ ਕਾਲਰੇ ਨੇ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਦੌਰਾਨ ਬੱਬਰ ਅਕਾਲੀ ਲਹਿਰ ਵਿੱਚ ਅਹਿਮ ਯੋਗਦਾਨ ਪਾਇਆ।ਬਾਬਾ ਜੰਗ ਸਿੰਘ ਸੰਪ੍ਰਦਾਇ ਮੁਖੀ ਬੁੰਗਾ ਮਸਤੂਆਣਾ, ਬਾਬਾ ਚੰਦਾ ਸਿੰਘ ਮਹੰਤ ਤੇ ਕਥਾਵਾਚਕ ਗਿਆਨੀ ਦਲੀਪ ਸਿੰਘ ਨੇ ਵੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜ਼ਿਕਰਯੋਗ ਸੇਵਾਵਾਂ ਨਿਭਾਈਆਂ।ਸਵਰਨ ਸਿੰਘ ਚੂਸਲੇਵੜ੍ਹ ਨੇ ਸਿੱਖ ਇਤਿਹਾਸ ਨਾਲ ਸਬੰਧਤ ਕਈ ਪੁਸਤਕਾਂ ਲਿਖ ਕੇ ਯੋਗਦਾਨ ਪਾਇਆ।
ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਤੇ ਸਕੱਤਰ ਪ੍ਰਤਾਪ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ, ਬੀਬੀ ਜਸਵੀਰ ਕੌਰ ਜਫ਼ਰਵਾਲ, ਬਾਬਾ ਟੇਕ ਸਿੰਘ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਦਮਦਮੀ ਟਕਸਾਲ ਦੇ ਮੁਖ ਬੁਲਾਰੇ ਗਿਆਨੀ ਸੁਖਦੇਵ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰਚੜ੍ਹਤ ਸਿੰਘ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ, ਗਿਆਨੀ ਸੁਰਜੀਤ ਸਿੰਘ ਸਭਰਾ ਸਮੇਤ ਤਸਵੀਰਾਂ ਸੁਸ਼ੋਭਿਤ ਹੋਣ ਵਾਲੇ ਪਰਿਵਾਰਾਂ ਵਿੱਚੋਂ ਭਾਈ ਸੰਤ ਸਿੰਘ, ਭਾਈ ਚਤਰ ਸਿੰਘ, ਰਣਜੋਧ ਸਿੰਘ, ਸਰਵਨ ਸਿੰਘ ਮਲਕਪੁਰ, ਬੀਬੀ ਭੁਪਿੰਦਰ ਕੌਰ, ਬੀਬੀ ਇੰਦਰਪ੍ਰੀਤ ਕੌਰ, ਅਮਨਦੀਪ ਸਿੰਘ, ਚਰਨਪ੍ਰੀਤ ਸਿੰਘ, ਅਵਤਾਰ ਸਿੰਘ, ਸਰਜੀਤ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਪ੍ਰਤਾਪ ਸਿੰਘ ਵਿਰਕ, ਬੀਬੀ ਅਮਰਜੀਤ ਕੌਰ, ਸੁਖਦੇਵ ਸਿੰਘ ਬਰਾੜ, ਤਰਲੋਚਨ ਸਿੰਘ, ਗੁਰਦਿਆਲ ਸਿੰਘ, ਬੀਬੀ ਰਣਜੀਤ ਕੌਰ, ਜਸਮੇਰ ਸਿੰਘ, ਜਗਦੀਪ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।