Monday, June 16, 2025

ਖਾਲਸਾ ਕਾਲਜ ਵਿਖੇ 5 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ ਅਮਿੱਟ ਯਾਦਾਂ ਛੱਡਦਾ ਸੰਪਨ

ਮੇਲੇ ‘ਚ ਇੱਕ ਕਰੋੜ ਤੋਂ ਵਧੇਰੇ ਦੀਆਂ ਵਿਕੀਆਂ ਪੁਸਤਕਾਂ, ਝੂਮਰ ਨੇ ਕੀਲੇ ਸਰੋਤੇ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਵਿਖੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2024 ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਸੰਪਨ ਹੋ ਗਿਆ।ਮੇਲੇ ਦਾ ਆਖਰੀ ਦਿਨ ਅੱਲਾ, ਵਾਹਿਗੁਰੂ ਦੀ ਏਕਤਾ ਦਾ ਸੰਦੇਸ਼ ਦਿੰਦਾ ਹੋਇਆ ਸਮਾਪਤ ਹੋਇਆ।ਕਾਲਜ ਦੇ ਝੂਮਰ ਨੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।ਮੇਲੇ ਦੇ 5ਵੇਂ ਦਿਨ ਦੀ ਸ਼ੁਰੂਆਤ ‘ਮਨੁ ਪਰਦੇਸੀ ਜੇ ਥੀਐ’ ਪ੍ਰੋਗਰਾਮ ਨਾਲ ਹੋਈ।ਜਿਸ ਵਿੱਚ ਸਿੱਖ ਡਾਇਸਪੋਰਾ, ਪੰਜਾਬ ਮਾਈਗ੍ਰੇਸ਼ਨ ਅਤੇ ਚੁਣੌਤੀਆਂ ਦੇ ਮੁਖਾਤਿਬ ਵਿਸ਼ੇ ‘ਤੇ ਵਿਚਾਰ ਚਰਚਾ ਹੋਈ।ਇਸ ਚਰਚਾ ਦੇ ਮੁੱਖ ਵਕਤਾ ਹਰਿੰਦਰ ਸਿੰਘ, ਸੰਸਥਾਪਕ ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਸਨ, ਦੂਸਰੇ ਬੁਲਾਰੇ ਵਜੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਹਿੱਸਾ ਲਿਆ, ਜਦਕਿ ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਹੀਰਾ ਸਿੰਘ ਨੇ ਬਾਖੂਬੀ ਕੀਤਾ।
ਹਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸ਼ੁਰੂ ਤੋਂ ਹੀ ਵਿਸ਼ਵ ਵਿਆਪੀ ਸੋਚ ਦੇ ਧਾਰਨੀ ਸੀ ਤੇ ਹੁਣ ਵਿਸ਼ਵ ਦੇ ਬਹੁਤੇ ਦੇਸ਼ਾਂ ਵਿਚ ਸਿੱਖਾਂ ਦਾ ਵਾਸਾ ਹੈ, ਪਰ ਕੁੱਝ ਕਾਰਨਾਂ ਕਰਕੇ ਸਿੱਖਾਂ ਨੂੰ ਹਰ ਮੁਸੀਬਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਅਤੇ ਬਦਨਾਮ ਕੀਤਾ ਜਾ ਰਿਹਾ ਹੈ।ਜਿਸ ਲਈ ਸਿੱਖਾਂ ਸੰਬੰਧੀ ਸਹੀ ਕਿਸਮ ਦਾ ਡਾਟਾ ਇਕੱਤਰ ਕਰਨ ਦੀ ਜਰੂਰਤ ਹੈ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਭਾਵੁਕ ਸੁਰ ਵਿੱਚ ਕਿਹਾ ਕਿ ਪੰਜਾਬੀਆਂ ਦੀਆਂ ਮੁਸੀਬਤਾਂ ਦਾ ਹੱਲ ਸਾਡੀ ਰਾਜਨੀਤੀ ਨੇ ਲੱਭਣਾ ਹੈ।ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਰਾਜਨੀਤਕ ਲੀਡਰਾਂ ਨੂੰ ਜਵਾਬਦੇਹ ਬਣਾਉਣ, ਨਹੀਂ ਤਾਂ ਪੰਜਾਬ ਬਰਬਾਦ ਹੋ ਜਾਵੇਗਾ।
ਦੁਪਹਿਰ ਬਾਅਦ ਪ੍ਰੋਗਰਾਮ ‘ਸਭ ਦੀ ਖੈਰ ਹੋਵੇ’ ਵਿੱਚ ਨਾਮਵਰ ਪੰਜਾਬੀ ਗਾਇਕ ਬੀਰ ਸਿੰਘ ਨੇ ਆਪਣੀ ਸੂਫੀਆਨਾ ਗਾਇਕੀ ਨਾਲ ਰੰਗ ਬੰਨਿਆ।ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ ਰੋਜ਼ਾਨਾ ਅਜੀਤ ਪਹੁੰਚੇ।ਉਹ ਮੇਲੇ ਦੀ ਰੌਣਕ ਅਤੇ ਡਿਸਿਪਲਨ ਵੇਖ ਕੇ ਖੁਸ਼ ਹੋਏ।ਬੀਰ ਸਿੰਘ ਨੇ ਆਪਣੀ ਗਾਇਕੀ ਤੋਂ ਪਹਿਲਾਂ ਕਿਹਾ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਬਣੇ ਮੁਕੱਦਸ ਕਾਲਜ ‘ਚ ਆ ਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਸਕੂਨ ਮਿਲਿਆ ਹੈ।ਉਨ੍ਹਾਂ ਨੇ ਮਾਨਵੀ ਏਕਤਾ, ਸਬਰ ਸ਼ੁਕਰ ਅਤੇ ਭਗਤੀ ਦੇ ਜਜ਼ਬਾਤਾਂ ਵਾਲੇ ਗੀਤ ਗਾ ਕੇ ਹਾਜ਼ਰ ਸਰੋਤਿਆਂ ਨੂੰ ਨਿਰੰਕਾਰ ਦੇ ਰੰਗ ਵਿੱਚ ਰੰਗ ਦਿੱਤਾ।
ਮੇਲੇ ਦੀ ਆਖਰੀ ਪੇਸ਼ਕਾਰੀ ਵਜੋਂ ਕਾਲਜ ਵਿਦਿਆਰਥੀਆਂ ਦੀ ਝੂਮਰ ਟੀਮ ਨੇ ਝੂਮਰ ਪਾ ਕੇ ਦਰਸ਼ਕਾਂ ਤੋਂ ਵਾਹ ਵਾਹ ਵੀ ਖੱਟੀ ਅਤੇ ਮੇਲੇ ਦੇ ਸਾਰੇ ਵਾਤਾਵਰਣ ਨੂੰ ਪੰਜਾਬੀ ਲੋਕ ਸੰਗੀਤ ਦੀਆਂ ਧੁਨਾਂ ਨਾਲ ਨੱਚਣ ਲਾ ਦਿੱਤਾ।
ਡਾ. ਮਹਿਲ ਸਿੰਘ ਅਤੇ ਮੇਲੇ ਦੇ ਕਨਵੀਨਰ ਡਾ. ਆਤਮ ਸਿੰਘ ਰੰਧਾਵਾ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਆਏ ਪ੍ਰਕਾਸ਼ਕਾਂ, ਖਾਣ-ਪੀਣ ਦੇ ਸਟਾਲ ਲਗਾਉਣ ਵਾਲੇ ਦੁਕਾਨਦਾਰਾਂ ਅਤੇ ਮੇਲੇ ਨੂੰ ਸਫਲ ਬਣਾਉਣ ਵਾਲੇ ਹਰ ਸ਼ਖਸ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਵੱਖ-ਵੱਖ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਉਨ੍ਹਾਂ ਨੂੰ ਸਿੱਖਿਅਤ ਕਰਨ ਵਾਲੇ ਅਧਿਆਪਕਾਂ ਅਤੇ ਸਮੂਹ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ।ਡਾ. ਰੰਧਾਵਾ ਨੇ ਕਿਹਾ ਕਿ ਮੇਲੇ *ਚ ਇਕ ਕਰੋੜ ਤੋਂ ਵਧੇਰੇ ਦੀਆਂ ਪੁਸਤਕਾਂ ਵਿਕੀਆਂ ਹਨ ਜੋ ਕਿ ਮਾਝੇ ਦੇ ਇੱਕ ਸ਼ੁੱਭ ਸੰਦੇਸ਼ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …