Wednesday, December 4, 2024

‘ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’ ਵਿਸ਼ੇ `ਤੇ ਰਾਸ਼ਟਰੀ ਵਿਗਿਆਨ ਦਿਵਸ 2024 ਮਨਾਇਆ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀਆਂ ਵਿੱਚ ਵਿਗਿਆਨਕ ਨਜ਼ਰੀਆ ਅਤੇ ਸੋਚ ਬਣਾਈ ਰੱਖਣ ਹਿੱਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਲੋਂ “ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ” ਵਿਸ਼ੇ `ਤੇ ਆਧਾਰਿਤ ਰਾਸ਼ਟਰੀ ਵਿਗਿਆਨ ਦਿਵਸ 2024 ਮਨਾਇਆ।ਡਾ. ਅਮਿਤ ਕੌਟਸ ਮੁਖੀ ਸਿੱਖਿਆ ਵਿਭਾਗ ਅਤੇ ਡਾ. ਦੀਪਾ ਸਿਕੰਦ ਕੌਟਸ ਡੀਨ ਫੈਕਲਟੀ ਆਫ਼ ਐਜੂਕੇਸ਼ਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਡਾ. ਕੋਟਸ ਨੇ ਕਿਹਾ ਕਿ ਵਿਗਿਆਨ ਧਰਤੀ ਦੇ ਹਰੇਕ ਵਿਅਕਤੀ ਦੇ ਜੀਵਨ ਵਿੱਚ ਮਹੱਤਵਪੂਰਨ ਹੈ।ਇਥੋਂ ਤੱਕ ਕਿ ਕਈ ਵਾਰ ਜਦੋਂ ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਅਤੇ ਇਸਦੇ ਉਪਯੋਗਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ ਅਤੇ ਵਿਗਿਆਨ ਤੇ ਇਸਦੇ ਉਪਯੋਗਾਂ ਨੇ ਸਾਡੇ ਜੀਵਨ ਨੂੰ ਸਰਲ ਬਣਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਹਰ ਸਾਲ, ਰਾਸ਼ਟਰੀ ਵਿਗਿਆਨ ਦਿਵਸ ਸਾਡੇ ਜੀਵਨ ਵਿੱਚ ਵਿਗਿਆਨ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਗਿਆਨੀਆਂ ਦੇ ਯਤਨਾਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਜੋ ਨਿਤ ਨਵੀਆਂ ਕਾਢਾਂ ਲਈ ਪੁਰਜ਼ੋਰ ਯਤਨ ਅਤੇ ਮਿਹਨਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਸਮਝਣਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਕਿਵੇਂ ਤਰੱਕੀ ਕੀਤੀ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਰਾਸ਼ਟਰੀ ਵਿਗਿਆਨ ਦਿਵਸ 2024 ਲਈ `ਵਿਕਸ਼ਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀਆਂ` ਸਿਰਲੇਖ ਜਾਰੀ ਕੀਤਾ ਹੈ। ਇਹ ਥੀਮ ਭਾਰਤ ਅਤੇ ਦੁਨੀਆਂ ਭਰ ਦੇ ਲੋਕਾਂ ਅਤੇ ਵਿਗਿਆਨੀਆਂ ਲਈ ਇਕੱਠੇ ਕੰਮ ਕਰਨ ਦਾ ਇੱਕ ਵੱਡਾ ਮੌਕਾ ਹੈ ਅਤੇ ਇਸ ਦਾ ਉਦੇਸ਼ ਲੋਕਾਂ ਨੂੰ ਸਾਡੀ ਤਕਨਾਲੋਜੀ ਅਤੇ ਨਵੀਨਤਾਵਾਂ ਦੀ ਵਰਤੋਂ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਵੀ ਹੈ।ਰਾਸ਼ਟਰੀ ਵਿਗਿਆਨ ਦਿਵਸ ਮਨਾਉਣਾ ਵਿਗਿਆਨੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਮਾਨਤਾ ਦੇਣ ਅਤੇ ਨਵੀਆਂ ਚੀਜ਼ਾਂ ਦੀ ਖੋਜ ਅਤੇ ਖੋਜ਼ ਜਾਰੀ ਰੱਖਣ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਇੱਕ ਵਧੀਆ ਉਪਰਾਲਾ ਹੈ।
ਵਿਭਾਗ ਨੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਲਈ ਵੱਖ-ਵੱਖ ਗਤੀਵਿਧੀਆਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ।ਵਿਭਾਗ ਦੇ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਇਸ ਸਬੰਧ ਵਿੱਚ ਇਕੱਤਰ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਬਹੁਤ ਸਾਰੇ ਵਿਸ਼ਿਆਂ ਜਿਵੇਂ ਕੀ ਮਨੁੱਖੀ ਕਲੋਨਿੰਗ ਤਕਨਾਲੋਜੀ ਮਨੁੱਖ ਜਾਤੀ ਦੇ ਸੰਸਾਰ ਲਈ ਵਰਦਾਨ ਹੋ ਸਕਦੀ ਹੈ?, ਕੀ ਵੈਕਸੀਨ ਸੁਰੱਖਿਅਤ ਜਾਂ ਖ਼ਤਰਨਾਕ ਹੈ?, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨੈਤਿਕ ਚਿੰਤਾ ਅਤੇ ਆਧੁਨਿਕ ਸੰਸਾਰ ਵਿੱਚ ਸਾਈਬਰ ਸੁਰੱਖਿਆ ਉਪਾਵਾਂ ਦੇ ਫਾਇਦੇ ਅਤੇ ਕਮੀਆਂ ਆਦਿ `ਤੇ ਚਰਚਾ ਵੀ ਕੀਤੀ ਗਈ।
ਡਾ. ਦੀਪਾ ਸਿਕੰਦ ਕੌਟਸ ਡੀਨ ਫੈਕਲਟੀ ਆਫ਼ ਐਜੂਕੇਸ਼ਨ ਨੇ ਵਿਭਾਗ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਸਾਰਥਿਕ ਅਤੇ ਵਿਗਿਆਨਕ ਕਿਰਿਆਵਾਂ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਲਈ ਉਨ੍ਹਾਂ ਦੇ ਉਚੇਚੇ ਯਤਨਾਂ ਲਈ ਵਧਾਈ ਦਿੱਤੀ।ਇਸ ਮੌਕੇ ਸਿੱਖਿਆ ਵਿਭਾਗ ਦੇ ਸਮੂਹ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।

 

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …